ਚੰਡੀਗੜ੍ਹ ਵਿਚ ਪਟਾਕੇ ਚਲਾਉਣ 'ਤੇ ਲੱਗੀ ਪਾਬੰਦੀ, ਉਲੰਘਣਾ ਕਰਨ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੋਰਨਾਂ ਸੂਬਿਆਂ ਵੱਲੋਂ ਪਾਬੰਦੀ ਤੋਂ ਬਾਅਦ ਲਿਆ ਫੈਸਲਾ

Firecrackers

ਚੰਡੀਗੜ੍ਹ: ਇਸ ਵਾਰ ਚੰਡੀਗੜ੍ਹੀਆਂ ਨੂੰ ਦੀਵਾਲੀ ਬਗੈਰ ਪਟਾਕੇ ਚਲਾਏ ਹੀ ਮਨਾਉਣੀ ਪਵੇਗੀ। ਦਰਅਸਲ ਕਰੋਨਾ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਦੇਸ਼ ਦੇ ਕਈ ਸੂਬਿਆਂ ਨੇ ਇਸ ਵਾਰ ਦੀਵਾਲੀ ਮੌਕੇ ਪਟਾਕੇ ਚਲਾਉਣ 'ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਸੀ। ਇਸੇ ਤਰਜ 'ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਪਟਾਕਿਆਂ ਦੇ ਚਲਾਉਣ ਦੇ ਵੇਚਣ 'ਤੇ ਪਾਬੰਦੀ ਲਗਾ ਦਿਤੀ ਹੈ।

ਯੂਟੀ ਪ੍ਰਸ਼ਾਸਨ ਦੇ ਆਫ਼ਤ ਪ੍ਰਬੰਧਨ ਅਥਾਰਟੀ ਦੇ ਕਾਰਜਕਾਰੀ ਅਥਾਰਟੀ ਨੇ ਇਹ ਫੈਸਲਾ ਆਪਦਾ ਪ੍ਰਬੰਧਨ ਐਕਟ ਦੇ ਤਹਿਤ ਲਿਆ ਹੈ। ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ।  ਪਾਬੰਦੀ ਦੇ ਹੁਕਮਾਂ ਤੋਂ ਬਾਅਦ ਹੁਣ ਪਟਾਖੇ ਵੇਚਣ ਲਈ ਜਾਰੀ ਕੀਤੇ ਗਏ 96 ਲਾਇਸੈਂਸ ਰੱਦ ਕੀਤੇ ਜਾਣਗੇ। ਇਨ੍ਹਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।

ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਪਟਾਕਿਆਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਵਿਕਰੀ ਅਤੇ ਪਟਾਕੇ ਚਲਾਉਣ 'ਤੇ ਪਾਬੰਦੀ ਲਗਾਉਣ ਲਈ ਹੁਣ ਵੱਖਰੀਆਂ ਟੀਮਾਂ ਦਾ ਗਠਨ ਕੀਤਾ ਜਾਵੇਗਾ। ਪਾਬੰਦੀ ਦੇ ਬਾਅਦ ਵੀ ਪਟਾਖੇ ਚਲਾਉਣ ਜਾਂ ਵੇਚਣ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਏਗੀ। ਇਸ ਦੇ ਲਈ ਤਿੰਨ ਐਸਡੀਐਮਜ਼ ਅਤੇ ਡੀਐਸਪੀਜ਼ ਦੀ ਸਾਂਝੀ ਕਮੇਟੀ ਬਣਾਈ ਜਾਵੇਗੀ। ਇਸ ਦੀ ਪੂਰੀ ਰੂਪ ਰੇਖਾ ਡੀਸੀ ਦਫਤਰ ਵਲੋਂ ਤਿਆਰ ਕੀਤੀ ਜਾਏਗੀ।

ਕਾਬਲੇਗੌਰ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ ਅਤੇ ਮਹਾਰਾਸ਼ਟਰ ਵਰਗੇ ਕਈ ਸੂਬੇ ਪਹਿਲਾਂ ਹੀ ਪਟਾਕੇ ਚਲਾਉਣ 'ਤੇ ਪਾਬੰਦੀ ਲਗਾ ਚੁਕੇ ਹਨ। ਚੰਡੀਗੜ੍ਹ ਵਿਚ ਵੀ ਕੋਰੋਨਾ ਕੇਸਾਂ 'ਚ ਵਾਧੇ ਦੇ ਨਾਲ-ਨਾਲ ਹਵਾਂ ਪ੍ਰਦੂਸ਼ਣ 'ਚ ਵਾਧਾ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਲੋਕਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਪਟਾਕੇ ਚਲਾਉਣ 'ਤੇ ਪਾਬੰਦੀ ਲਾ ਦਿਤੀ ਹੈ।