ਪੰਜਾਬ ਸਰਕਾਰ ਦੇ ਦਿੱਲੀ ਧਰਨੇ 'ਚ ਬਾਗ਼ੀ ਕਾਂਗਰਸੀਆਂ ਦੀ ਪੁਛਗਿਛ ਨੇ ਛੇੜੀ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਸਿੰਘ ਸਿੱਧੂ ਸਣੇ ਕਈਆਂ ਦਾ ਦਾਅ ਲੱਗਣਾ ਤੇ ਕਈਆਂ ਦੀ ਛੁੱਟੀ ਵੀ ਤੈਅ

Punjab Govt Delhi Protest

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਕੇਂਦਰ ਦੇ ਵਿਵਾਦਤ ਖੇਤੀ ਕਾਨੂੰਨਾਂ ਵਿਰੁਧ ਅਤੇ ਪੰਜਾਬ ਸਰਕਾਰ ਦੇ ਹਾਲੀਆ ਖੇਤੀ ਬਿਲਾਂ ਨੂੰ ਤਵੱਜੋ ਨਾ ਦੇਣ ਦੇ ਰੋਸ ਵਜੋਂ ਪੰਜਾਬ ਦੀ ਕੈਪਟਨ ਸਰਕਾਰ ਕੌਮੀ ਰਾਜਧਾਨੀ ਦਿੱਲੀ ਵਿਚ ਇਕ ਸਫ਼ਲ ਧਰਨਾ ਦੇਣ ਵਿਚ ਕਾਮਯਾਬ ਰਹੀ ਹੈ।

ਰਾਸ਼ਟਰਪਤੀ ਵਲੋਂ ਪੰਜਾਬ ਸਰਕਾਰ ਖ਼ਾਸਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤਾਜ਼ਾ ਮੁੱਦੇ ਉਤੇ ਮਿਲਣ ਲਈ ਸਮਾਂ ਨਾ ਦੇਣ 'ਤੇ ਅਚਨਚੇਤ ਫੁਰੇ ਇਸ ਧਰਨੇ ਨੇ ਸੂਬਾਈ ਸਿਆਸਤ ਵਿਚ ਵੀ ਨਵੀਂ ਚਰਚਾ ਛੇੜ ਦਿਤੀ ਹੈ। ਕਿਉਂਕਿ ਪੰਜਾਬ ਵਜ਼ਾਰਤ ਵਿਚ ਬਹੁਤ ਜਲਦ ਹੋਣ ਜਾ ਰਹੇ ਸੰਭਾਵੀ ਫੇਰਬਦਲ ਦੀ ਨਿਸ਼ਾਨਦੇਹੀ ਇਸ ਧਰਨੇ ਵਿਚ 'ਮੰਚ ਸੰਬੋਧਨਾਂ' ਅਤੇ 'ਅੱਗੇ ਪਿੱਛੇ ਲੱਗੀਆ' ਕੁਰਸੀਆਂ ਤੋਂ ਹੋਣੀ ਵੀ ਸ਼ੁਰੂ ਹੋ ਗਈ ਹੈ।

ਉਂਝ ਵੀ ਖੇਤੀ ਆਧਾਰਤ ਸੂਬੇ ਪੰਜਾਬ ਦੇ ਕਿਸਾਨੀ ਹੱਕਾਂ ਲਈ ਇਕ ਮੁੱਖ ਮੰਤਰੀ ਦਾ ਕੌਮੀ ਰਾਜਧਾਨੀ ਵਿਚ ਇਸ ਤਰ੍ਹਾਂ ਖੁਲ੍ਹੇਆਮ ਸੜਕਾਂ 'ਤੇ ਨਿੱਤਰ ਆਉਣਾ ਨਿਰਸੰਦੇਹ ਸਿਆਸੀ ਤੌਰ ਤੇ ਕਾਫ਼ੀ ਲਾਹੇਵੰਦਾ ਹੈ। ਪਰ ਨਿਰੋਲ ਤੌਰ ਤੇ ਪੰਜਾਬ ਕਾਂਗਰਸ ਸਪਾਂਸਰਡ ਇਸ ਧਰਨੇ ਵਿਚ ਬਾਗ਼ੀ ਕਾਂਗਰਸੀਆਂ ਤੇ ਕੁਝ ਇਕ ਗ਼ੈਰ ਕਾਂਗਰਸੀਆਂ ਦੀ ਵੱਧ ਪੁਛਗਿਛ ਨੇ ਕਈ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੀ ਬੇਚੈਨੀ ਵਧਾ ਦਿਤੀ ਹੈ। ਕਿਉਂਕਿ ਕੁਝ ਦਿਨਾਂ ਖਾਸਕਰ ਹਾਲੀਆ ਵਿਧਾਨ ਸਭਾ ਸੈਸ਼ਨ ਤੋਂ ਹੀ ਪੰਜਾਬ ਵਜ਼ਾਰਤ ਵਿਚ ਰੱਦੋਬਦਲ ਦੀਆਂ ਖ਼ਬਰਾਂ ਸਰਗਰਮ ਹਨ।  

ਅੰਦਰੂਨੀ ਸੂਤਰਾਂ ਮੁਤਾਬਕ ਰਾਵਤ ਨੇ ਅਹੁਦਾ ਸੰਭਾਲਦਿਆਂ ਹੀ ਪੰਜਾਬ ਕਾਂਗਰਸ ਦੇ ਸਮੁੱਚੇ ਢਾਂਚੇ ਦੀ ਬੜੀ ਹੀ ਡੂੰਘਾਈ ਨਾਲ ਛਾਣਬੀਣ ਕਰ ਲਈ ਹੈ। ਇਸ ਦੌਰਾਨ ਉਹ ਪੰਜਾਬ ਨਾਲ ਸਬੰਧਤ ਬਾਗ਼ੀ ਕਾਂਗਰਸੀਆਂ ਖ਼ਾਸਕਰ ਸਾਬਕਾ  ਸੂਬਾਈ ਇਕਾਈ ਪ੍ਰਧਾਨਾਂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਦੇ ਨਾਲ ਨਾਲ ਸਿਆਸੀ ਗੁਪਤਵਾਸ ਵਿਚ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਵੀ ਸੰਜੀਦਾ ਗੁਫ਼ਤਗੂ ਕਰ ਚੁੱਕੇ ਹਨ।

ਮਿਸ਼ਨ 2022 ਪੰਜਾਬ ਨੂੰ ਮੁੱਖ ਟੀਚਾ ਲੈ ਕੇ ਚੱਲ ਰਹੇ ਹਰੀਸ਼ ਰਾਵਤ ਨੇ ਇਸ ਸਬੰਧ ਵਿਚ ਚੋਣ ਇੰਜਨੀਅਰ ਪ੍ਰਸ਼ਾਂਤ ਕਿਸ਼ੋਰ ਤੂੰ ਵੀ ਉਨ੍ਹਾਂ ਦੇ ਤਾਜ਼ਾ ਗ਼ੈਰ ਰਸਮੀ ਸਰਵੇ ਦੀ ਰਿਪੋਰਟ ਹਾਸਲ ਕੀਤੀ ਦੱਸੀ ਜਾ ਰਹੀ ਹੈ ਇਨ੍ਹਾਂ ਸਾਰੇ ਤੱਥਾਂ ਦੇ ਆਧਾਰ ਉੱਤੇ ਰਾਵਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਕਾਂਗਰਸ ਹਾਈਕਮਾਨ ਨੂੰ ਇਹ ਗੱਲ ਪੁੱਜਦੀ (ਕਨਵੇ) ਕਰਨ ਚ ਕਾਫੀ ਕਾਮਯਾਬ ਹੋ ਗਏ ਦੱਸੇ ਜਾ ਰਹੇ ਹਨ ਕਿ ਅਗਲੀਆਂ ਸੂਬਾਈ ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦੀ ਇਕ ਨਵੀਂ ਟੀਮ  ਤਿਆਰ  ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ।

ਜਿਸ ਵਿੱਚ ਨਵਜੋਤ ਸਿੰਘ ਸਿੱਧੂ ਜਿਹੀ  ਕੌਮਾਂਤਰੀ ਪਛਾਣ ਵਾਲੀ ਹਸਤੀ ਦੇ ਨਾਲ ਨਾਲ ਕਿਸੇ ਸਮੇਂ ਪੰਜਾਬ ਕਾਂਗਰਸ ਦੇ ਫਰਾਟੇਦਾਰ ਬੁਲਾਰੇ ਰਹੇ ਸਾਬਕਾ ਕਾਂਗਰਸੀ ਵਿਧਾਇਕ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਜੇਕਰ ਹੋ ਸਕੇ ਤਾਂ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰ ਚੁੱਕੇ ਪਰਮਿੰਦਰ ਸਿੰਘ ਢੀਂਡਸਾ (ਸਾਬਕਾ ਵਿੱਤ ਮੰਤਰੀ) ਤੇ ਹੋਰ ਹਮਖਿਆਲੀ ਲੋਕਾਂ ਨੂੰ ਜਾਂ ਤਾਂ ਪਾਰਟੀ ਦੇ ਅੰਦਰ  ਜਾਂ ਫਿਰ ਹਾਲ ਦੀ ਘੜੀ  ਅੰਦਰਖਾਤੇ ਸਹਿਯੋਗੀਆਂ ਵਜੋਂ ਨਾਲ ਲੈ ਕੇ  ਚਲਣਾ ਤਰਜੀਹੀ ਸਮਝਿਆ ਜਾਣ ਲੱਗ ਪਿਆ ਹੈ। ਖ਼ੁਫ਼ੀਆ ਰਿਪੋਰਟਾਂ ਅਤੇ ਕਾਂਗਰਸ ਪਾਰਟੀ ਦੇ ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਹਫ਼ਤਾ ਪੰਜਾਬ  ਕਾਂਗਰਸ ਅਤੇ ਸਰਕਾਰ ਲਈ ਕਾਫੀ ਅਹਿਮ ਹੋਣ ਜਾ ਰਿਹਾ ਹੈ।