ਨਵੇਂ ਅਕਾਲੀ ਦਲ ਨੂੰ ਲੈ ਕੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਦਲਿਆ ਫੈਸਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਝੇ ਦੇ ਟਕਸਾਲੀ ਲੀਡਰਾਂ ਵੱਲੋਂ ਹੁਣ ਨਵੇਂ ਅਕਾਲੀ ਦਲ ਦਾ ਐਲਾਨ 16 ਦਿਸੰਬਰ ਨੂੰ ਕੀਤਾ ਜਾਵੇਗਾ। ਇਹ ਰਸਮੀ ਐਲਾਨ ਪਹਿਲਾਂ 14 ਦਿਸੰਬਰ ਨੂੰ ...

ਟਕਸਾਲੀ ਆਗੂ

ਚੰਡੀਗੜ੍ਹ (ਭਾਸ਼ਾ) : ਮਾਝੇ ਦੇ ਟਕਸਾਲੀ ਲੀਡਰਾਂ ਵੱਲੋਂ ਹੁਣ ਨਵੇਂ ਅਕਾਲੀ ਦਲ ਦਾ ਐਲਾਨ 16 ਦਿਸੰਬਰ ਨੂੰ ਕੀਤਾ ਜਾਵੇਗਾ। ਇਹ ਰਸਮੀ ਐਲਾਨ ਪਹਿਲਾਂ 14 ਦਿਸੰਬਰ ਨੂੰ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਕੀਤਾ ਜਾਣਾ ਸੀ। ਪਰ ਹੁਣ ਇਹ ਫੈਸਲਾ ਬਦਲ ਲਿਆ ਗਿਆ ਹੈ ਅਤੇ ਨਵੇਂ ਅਕਾਲੀ ਦਲ ਦਾ ਐਲਾਨ ਹੁਣ 16 ਦਿਸੰਬਰ ਨੂੰ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ 14 ਦਿਸੰਬਰ ਨੂੰ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅੰਮ੍ਰਿਤਸਰ ਵਿਖੇ ਦੌਰੇ 'ਤੇ ਆ ਰਹੇ ਹਨ ਜਿਸਦੇ ਚਲਦੇ ਕਿਸੇ ਵੀ ਤਰ੍ਹਾਂ ਦੀ ਤਕਰਾਰਬਾਜ਼ੀ ਤੋਂ ਬੱਚਣ ਲਈ ਮਾਝੇ ਦੇ ਟਕਸਾਲੀਆਂ ਨੇ ਇਹ ਫੈਸਲਾ ਲਿਆ ਹੈ।

ਟਕਸਾਲੀ ਅਕਾਲੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਖਡੂਰ ਸਾਹਿਬ ਵਿਖੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਪਿਆਰ ਹੈ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਅਕਾਲੀ ਹਨ ਅਤੇ ਹੁਣ ਇੱਕ ਅਜਿਹਾ ਅਕਾਲੀ ਦਲ ਬਣਾਉਣ ਜਾ ਰਹੇ ਹਨ ਜੋ ਬਾਦਲਾਂ ਤੋਂ ਮੁਕਤ ਹੋਵੇਗਾ। ਸੌਦਾ ਸਾਧ ਨੂੰ ਦਿੱਤੀ ਗਈ ਮੁਆਫੀ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਆਪਣੀ ਸਰਕਾਰ ਸਮੇਂ ਸੁਖਬੀਰ ਬਾਦਲ ਨੇ ਨਿੱਜੀ ਲਾਭ ਲਈ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿੱਤੀ ਸੀ।

16 ਦਿਸੰਬਰ ਨੂੰ ਹੋਣ ਵਾਲੀ ਰੈਲੀ ਬਾਰੇ ਬੋਲਦੇ ਹੋਏ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਇਸ ਰੈਲੀ ਵਿਚ ਨਵੇਂ ਅਕਾਲੀ ਦਲ ਦਾ ਐਲਾਨ ਕਰਨਗੇ। ਦੱਸ ਦੇਈਏ ਕਿ ਨਵੇਂ ਬਣਨ ਜਾ ਰਹੇ ਅਕਾਲੀ ਦਲ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਦੇ ਅਧਾਰ 'ਤੇ ਰੱਖਿਆ ਜਾਵੇਗਾ ਪਰ ਅਜੇ ਤੱਕ ਇਸਦੇ ਉਪਨਾਮ ਬਾਰੇ ਕੋਈ ਖੁਲਾਸਾ ਨਹੀਂ ਹੋਇਆ। ਰਣਜੀਤ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ 1920 ਵਿਚ ਬਣਨ ਵਾਲੇ ਅਕਾਲੀ ਦਲ ਦੇ ਸਿਧਾਂਤਾਂ ਮੁਤਾਬਿਕ ਹੀ ਨਵਾਂ ਅਕਾਲੀ ਦਲ ਬਣੇਗਾ ਅਤੇ ਬ੍ਰਹਮਪੁਰਾਂ ਨੇ 16 ਦਿਸੰਬਰ ਨੂੰ ਹੋਣ ਵਾਲੀ ਰੈਲੀ ਵਿਚ ਹਜਾਰਾਂ ਦਾ ਇਕੱਠ ਹੋਣ ਦਾ ਦਾਅਵਾ ਕੀਤਾ ਹੈ।