ਮੁੱਖ ਮੰਤਰੀ ਚੰਨੀ ਦੀ ਸਰਪ੍ਰਸਤੀ ’ਚ ਚੱਲ ਰਿਹਾ ਰੇਤ ਮਾਫੀਆ ਦਾ ਕਾਰੋਬਾਰ: ਰਾਘਵ ਚੱਢਾ
ਰਾਘਵ ਚੱਢਾ ਨੇ ਮੁੱਖ ਮੰਤਰੀ ਦੇ ਖੇਤਰ ਚਮਕੌਰ ਸਾਹਿਬ ’ਚ ਚੱਲ ਰਹੇ ਗੈਰਕਾਨੂੰਨੀ ਰੇਤ ਖਣਨ ਦੇ ਦੋਸ਼ ਦੁਹਰਾਏ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਖੇਤਰ ਦੇ ਪਿੰਡ ਜਿੰਦਾਪੁਰ ਵਿੱਚ ਚੱਲ ਰਹੇ ਰੇਤ ਮਾਫੀਆ ਦੇ ਗੈਰਕਾਨੂੰਨੀ ਕਾਰੋਬਾਰ ਬਾਰੇ ਮੁੱਖ ਮੰਤਰੀ ’ਤੇ ਝੂਠ ਬੋਲਣ ਅਤੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ। ਚੱਢਾ ਨੇ ਪਿੰਡ ਜਿੰਦਾਪੁਰ ਦੇ ਨੇੜਲੇ ਪਿੰਡਾਂ ਦੇ ਮੋਹਤਬਰਾਂ ਵੱਲੋਂ ਜਿੰਦਾਪੁਰ ’ਚ ਚੱਲ ਰਹੇ ਨਜਾਇਜ਼ ਮਾਇਨਿੰਗ ਬਾਰੇ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਬਿਆਨਾਂ ਚੰਡੀਗੜ੍ਹ ਦੇ ਮੀਡੀਆ ਅੱਗੇ ਸਾਹਮਣੇ ਰੱਖਿਆ ਅਤੇ ਪੰਜਾਬ ਪੁਲੀਸ ਤੋਂ ਮੰਗ ਕੀਤੀ ਕਿ ਜਿੰਦਾਪੁਰ ਸਮੇਤ ਪੰਜਾਬ ’ਚ ਗੈਰਕਾਨੂੰਨੀ ਕਾਨੂੰਨੀ ਤਰੀਕੇ ਕੰਮ ਕਰ ਰਹੇ ਰੇਤ ਮਾਫੀਆਂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਰਾਘਵ ਚੱਢਾ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਉਹ (ਰਾਘਵ ਚੱਢਾ) ਮੀਡੀਆ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕੇ ਦੇ ਪਿੰਡ ਜਿੰਦਪੁਰ ’ਚ ਨਜਾਇਜ ਤੌਰ ’ਤੇ ਚੱਲ ਰਹੀ ਰੇਤ ਖੱਡ ’ਤੇ ਛਾਪਾ ਮਾਰਿਆ ਸੀ ਅਤੇ ਪੰਜਾਬ ’ਚ ਚੱਲ ਰਹੇ ਰੇਤ ਮਾਫੀਆ ਬਾਰੇ ਖੁਲਾਸਾ ਕੀਤਾ ਸੀ। ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਰੇਤ ਮਾਫੀਆ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਰੋਪੜ ਨੇੜੇ ਦਰਿਆ ਵਿੱਚ ਚੱਲਦੀ ਰੇਤ ਖੱਡ ’ਤੇ ਜਾ ਕੇ ਦਾਅਵਾ ਕੀਤਾ ਸੀ ਕਿ ਉਹ (ਚੰਨੀ) ਪਿੰਡ ਜਿੰਦਾਪੁਰ ਦੀ ਰੇਤ ਖੱਡ ’ਤੇ ਖੜ੍ਹੇ ਹਨ ਅਤੇ ਇੱਥੇ ਕੋਈ ਗੈਰਕਾਨੂੰਨੀ ਰੇਤ ਖੱਡ ਨਹੀਂ ਚੱਲ ਰਹੀ।
ਰਾਘਵ ਚੱਢਾ ਨੇ ਦੋਸ਼ ਲਾਇਆ ਹੈ, ‘‘ਮੁੱਖ ਮੰਤਰੀ ਚੰਨੀ ਵੱਲੋਂ ਝੂਠ ਬੋਲਿਆ ਗਿਆ ਕਿ ਉਹ (ਮੁੱਖ ਮੰਤਰੀ) ਪਿੰਡ ਜਿੰਦਾਪੁਰ ਦੀ ਰੇਤ ਖੱਡ ’ਤੇ ਗਏ ਸਨ, ਸਗੋਂ ਮੁੱਖ ਮੰਤਰੀ ਤਾਂ ਜਿੰਦਾਪੁਰ ਤੋਂ 40 ਕਿਲੋਮੀਟਰ ਦੂਰ ਰੋਪੜ ਸ਼ਹਿਰ ਨੇੜਲੀ ਕਿਸੇ ਰੇਤ ਖੱਡ ’ਤੇ ਗਏ ਸਨ। ਮੁੱਖ ਮੰਤਰੀ ਦੇ ਖੱਡ ’ਤੇ ਜਾਣ ਵਾਲੀ ਵੀਡੀਓ ’ਚ ਰੋਪੜ ਦਰਿਆ ਕਿਨਾਰੇ ਸਥਿਤ ਇੱਕ ਗੁਰਦੁਆਰਾ ਸਾਹਿਬ ਸਾਫ਼ ਦਿਖਾਈ ਦਿੰਦਾ ਹੈ, ਜਦੋਂ ਕਿ ਪਿੰਡ ਜਿੰਦਾਪੁਰ ਦੀ ਰੇਤ ਖੱਡ ’ਤੇ ਕੋਈ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਨਹੀਂ ਹੈ।’’ ਚੱਢਾ ਨੇ ਪਿੰਡ ਜਿੰਦਾਪੁਰ ਦੇ ਨੇੜਲੇ ਪਿੰਡਾਂ ਦੇ ਮੋਹਤਰਬਾਂ ਦਾਊਦਪੁਰ ਦੇ ਸਰਪੰਚ ਲਹਿੰਬਰ ਸਿੰਘ, ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਿੰਦਰ ਕਾਕਾ ਜਟਾਣਾ, ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਕਰਨੈਲ ਸਿੰਘ ਰਸੀਦਪੁਰ, ਗੁਰਦੁਆਰਾ ਕਮੇਟੀ ਵਜੀਦਪੁਰ ਪ੍ਰਧਾਨ ਜਗੀਰ ਸਿੰਘ ਅਤੇ ਯੂਥ ਅਕਾਲੀ ਆਗੂ ਹੈਪੀ ਦਾਊਦਪੁਰ ਦੀ ਵੀਡੀਓ ਜਾਰੀ ਕੀਤੀ।
ਇਸ ਵੀਡੀਓ ਰਾਹੀਂ ਪਿੰਡਾਂ ਦੇ ਮੋਹਤਬਰਾਂ ਨੇ ਕਿਹਾ, ‘‘ਪਿੰਡ ਜਿੰਦਾਪੁਰ ’ਚ ਨਜਾਇਜ ਮਾਇਨਿੰਗ ਹੁੰਦੀ ਹੈ। ਨਜਾਇਜ ਮਾਇੰਨਿੰਗ ਮਾਫੀਆ ਬੇਡਰ ਹੈ। ‘ਆਪ’ ਆਗੂ ਰਾਘਵ ਚੱਢੇ ਵੱਲੋਂ ਛਾਪਾ ਮਾਰਨ ’ਤੇ ਇੱਥੇ 3 ਘੰਟੇ ਦੇ ਕਰੀਬ ਰੇਤ ਕੱਢਣ ਦਾ ਕੰਮ ਰਿਹਾ ਅਤੇ ਮੁੜ ਚਾਲੂ ਹੋ ਗਿਆ ਹੈ। ਕਈ ਟਰੱਕ ਰੇਤੇ ਦੇ ਭਰੇ ਖੜ੍ਹੇ ਹਨ। ਇੱਥੇ ਜੰਗਲਾਤ ਵਿਭਾਗ ਦੀ ਜ਼ਮੀਨ ਵਿਚੋਂ ਰੇਤਾ ਕੱਢਿਆ ਜਾ ਰਿਹਾ। ਜੰਗਲਾਤ ਵਿਭਾਗ ਦੀ ਜ਼ਮੀਨ ’ਚ ਲਾਏ ਹਜ਼ਾਰਾਂ ਬੂਟੇ ਬਰਬਾਦ ਹੋ ਗਏ ਹਨ। ਅਸੀਂ ਡੀ.ਐਫ.ਓ ਨੂੰ ਫੋਨ ਕਰਦੇ ਸੀ, ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ 10 ਫ਼ੀਸਦੀ ਹਿੱਸਾ ਮਿਲਦਾ ਹੈ। ਡੀ.ਐਫ.ਓ ਨੇ ਇਲਾਕੇ ਦਾ ਨੁਕਸਾਨ ਕੀਤਾ ਹੈ। ਧੁੰਸੀ ਬੰਨ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ ਅਤੇ ਵਜੀਦਪੁਰ, ਰਸੀਦਪੁਰ ਸਮੇਤ 35 ਪਿੰਡਾਂ ’ਚ ਦਰਿਆ ਦੇ ਪਾਣੀ ਦਾ ਖ਼ਤਰਾ ਖੜ੍ਹਾ ਹੋ ਗਿਆ। ਇਹ ਇਲਾਕਾ ਵੀ ਮੁੱਖ ਮੰਤਰੀ ਦਾ ਹੈ ਅਤੇ ਮਾਈਨਿੰਗ ਵਿਭਾਗ ਵੀ ਉਨ੍ਹਾਂ ਕੋਲ ਹੀ ਹੈ। ਮੁੱਖ ਮੰਤਰੀ ਜਦੋਂ ਵਿਧਾਇਕ ਸਨ ਉਦੋਂ ਹੜ੍ਹ ਆਉਣ ਸਮੇਂ ਇਸ ਧੁੰਸੀ ਬੰਨ ’ਤੇ ਆਏ ਸਨ ਅਤੇ ਉਨ੍ਹਾਂ ਦਰਖ਼ਤ ਵੱਡ ਕੇ ਧੁੰਸੀ ਬੰਨ ’ਤੇ ਲਾਏ ਸਨ ਅਤੇ ਬੰਨ ਟੁੱਟਣ ਤੋਂ ਬਚਾਇਆ ਸੀ। ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਰੇਤਾ ਅਤੇ ਮਿੱਟੀ ਪੁੱਟਣ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਜਾਵੇ।’’
ਰਾਘਵ ਚੱਢਾ ਨੇ ਕਿਹਾ ਕਿ ਚੰਨੀ ਸਾਬ ਨੇ ਮੁੱਖ ਮੰਤਰੀ ਬਣਨ ਸਮੇਂ ਕਿਹਾ ਸੀ, ‘‘ਰੇਤ ਮਾਫੀਆ ਮੇਰੇ ਕੋਲ ਨਾ ਆਵੇ। ਮੈਂ ਰੇਤ ਮਾਫ਼ੀਆ ਦਾ ਮੁੱਖ ਮੰਤਰੀ ਨਹੀਂ ਹਾਂ।’’ ਪਰ ਮੁੱਖ ਮੰਤਰੀ ਬਣਦੇ ਹੀ ਉਹ ਆਪਣੇ ਵਾਅਦੇ ਤੋਂ ਪਲਟ ਗਏ। ਉਨ੍ਹਾਂ ਰੇਤ ਮਾਫੀਆ ਨਾਲ ਹੱਥ ਮਿਲਾ ਲਏ। ਅੱਜ ਮੁੱਖ ਮੰਤਰੀ ਚੰਨੀ ਦੀ ਸਰਪ੍ਰਸਤੀ ਵਿੱਚ ਹੀ ਰੇਤ ਮਾਫੀਆ ਕਾਰੋਬਾਰ ਚਲਾ ਰਿਹਾ ਹੈ। ਚੱਢਾ ਨੇ ਕਿਹਾ ਕਿ ਜਿੰਦਾਪੁਰ ’ਚ ਜੇ ਕਾਨੂੰਨ ਅਨੁਸਾਰ ਮਾਇਨਿੰਗ ਹੋ ਰਹੀ ਹੈ ਤਾਂ ਸਰਕਾਰੀ ਨੋਟੀਫਿਕੇਸ਼ਨ ਦੇ ਰੂਲ ਨੰਬਰ 20 ਅਨੁਸਾਰ ਰੇਤ ਖੱਡ ਦੀ ਨਿਸ਼ਾਨਦੇਹੀ ਕਿਉਂ ਨਹੀਂ ਕੀਤੀ ਗਈ? ਉਥੇ ਨਿਸ਼ਾਨੀਆਂ ਅਤੇ ਝੰਡੇ ਕਿਉਂ ਨਹੀਂ ਲਾਏ ਗਏ। ਨੋਟੀਫਿਕੇਸ਼ਨ ਅਨੁਸਾਰ ਰੇਤ ਖੱਡ ’ਤੇ ਝੰਡੇ ਲੱਗੇ ਹੋਣੇ ਚਾਹੀਦੇ ਹਨ।
ਚੱਢਾ ਨੇ ਜਗਲਾਤ ਵਿਭਾਗ ਦੀ ਜ਼ਮੀਨ ਅਤੇ ਦਰਖ਼ਤ ਬਚਾਉਣ ਵਾਲੇ ਅਧਿਕਾਰੀ ਦੀ ਮੁੱਖ ਮੰਤਰੀ ਚੰਨੀ ’ਤੇ ਗਲਤ ਤਰੀਕੇ ਨਾਲ ਬਦਲੀ ਕੀਤੀ ਸੀ ਉਸ ਅਧਿਕਾਰ ਨੇ ਐਸ.ਐਚ.ਓ ਅਤੇ ਤਹਿਸੀਲਦਾਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਜਿੰਦਾਪੁਰ ਪਿੰਡ ਦਾ ਇਹ ਖੇਤਰ ‘ਜੰਗਲ ਸੁਰੱਖਿਆ ਕਾਨੂੰਨ’ ਅਧੀਨ ਆਉਂਦਾ ਹੈ ਅਤੇ ਇੱਥੇ ਖਣਨ ਸੰਬੰਧੀ ਕੋਈ ਵੀ ਗਤੀਵਿਧੀ ਨਹੀਂ ਕੀਤੀ ਜਾ ਸਕਦੀ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਰੇਤ ਮਾਫੀਆ ਉਨ੍ਹਾਂ ਦੀ ਸਰਪ੍ਰਸਤੀ ਵਿੱਚ ਕੰਮ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਚੰਨੀ ਰੇਤ ਮਾਫੀਆ ਨਾਲ ਮਿਲੇ ਹੋਏ ਹਨ। ਰਾਘਵ ਚੱਢਾ ਨੇ ਸਵਾਲ ਕੀਤਾ, ‘‘ਮੁੱਖ ਮੰਤਰੀ ਚੰਨੀ ਕਿਉਂ ਝੂਠ ਬੋਲ ਰਹੇ ਹਨ? ਕੀ ਮੁੱਖ ਮੰਤਰੀ ਝੂਠ ਬੋਲਣਾ ਸ਼ੋਭਾ ਦਿੰਦਾ ਹੈ? ਮੁੱਖ ਮੰਤਰੀ ਚੰਨੀ ਇੱਕ ਬਹੁਤ ਹੀ ਸਨਮਾਨਜਨਕ ਅਹੁਦੇ ’ਤੇ ਬੈਠੇ ਹਨ।’’ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਾ ਤਾਂ ਰੇਤਾ 5 ਰੁਪਏ ਫੁੱਟ ਵਿੱਕ ਰਿਹਾ ਅਤੇ ਨਾ ਹੀ ਰੇਤ ਮਾਫੀਆ ਖ਼ਤਮ ਹੋਇਆ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਐਡਵੋਕੇਟ ਦਿਨੇਸ਼ ਚੱਢਾ ਵੀ ਮੌਜ਼ੂਦ ਸਨ।