ਨੌਜਵਾਨਾਂ ਨੂੰ ਸਮਾਰਟਫ਼ੋਨਾਂ ਦੀ ਲੋੜ ਨਹੀਂ, ਨੌਕਰੀਆਂ ਦੀ ਲੋੜ ਹੈ : ਰਣਜੀਤ ਸਿੰਘ ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਕਾਂਗਰਸ ਸਰਕਾਰ ਨੌਜਵਾਨਾਂ ਦੇ ਭਵਿੱਖ ਨਾਲ ਮਖੌਲ ਕਰ ਰਹੀ ਹੈ ਕਿਉਂਕਿ ਨੌਜਵਾਨਾਂ ਨੂੰ ਸਮਾਰਟਫ਼ੋਨ ਦੀ ਨਹੀਂ ਬਲਕਿ ਚੰਗੇ ਰੁਜ਼ਗਾਰ....

Ranjit Singh Brahmpura

 ਚੰਡੀਗੜ੍ਹ, 7 ਜਨਵਰੀ (ਅਮਨਪ੍ਰੀਤ) : ਪੰਜਾਬ ਦੀ ਕਾਂਗਰਸ ਸਰਕਾਰ ਨੌਜਵਾਨਾਂ ਦੇ ਭਵਿੱਖ ਨਾਲ ਮਖੌਲ ਕਰ ਰਹੀ ਹੈ ਕਿਉਂਕਿ ਨੌਜਵਾਨਾਂ ਨੂੰ ਸਮਾਰਟਫ਼ੋਨ ਦੀ ਨਹੀਂ ਬਲਕਿ ਚੰਗੇ ਰੁਜ਼ਗਾਰ ਅਤੇ ਸਿਖਿਆ ਦੀ ਜ਼ਰੂਰਤ ਹੈ। ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਸਹੂਲਤਾਂ ਨਹੀਂ ਕੇਵਲ ਜੁਮਲੇ ਦੇ ਰਹੀ ਹੈ ਜੋ ਕਿ ਬਹੁਤ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਮਖੌਲ ਨਾ ਕੀਤਾ ਜਾਵੇ ਕਿਉਂਜੋਂ ਪੰਜਾਬ ਦੀ ਨੌਜਵਾਨੀ ਪਹਿਲਾਂ ਹੀ ਨਸ਼ਿਆਂ ਦੇ ਦਲਦਲ ਵਿਚ ਧਸ ਚੁੱਕੀ ਹੈ।

ਜਿਸ ਨੂੰ ਭਟਕੇ ਹੋਏ ਰਸਤੇ ਤੋਂ ਮੁੜ ਚੰਗੇ ਰਾਹ 'ਤੇ ਲਿਆਉਣ ਲਈ ਸਰਕਾਰਾਂ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ। ਨੌਜਵਾਨਾਂ ਨੂੰ ਅਪਣੀ ਰਾਜਨੀਤੀ ਚਮਕਾਉਣ ਲਈ ਨਾ ਵਰਤਿਆ ਜਾਵੇ ਅਤੇ ਇਸ ਸਮੇਂ ਨੌਜਵਾਨਾਂ ਨੂੰ ਸਮਾਰਟਫ਼ੋਨ ਦੀ ਨਹੀਂ ਬਲਕਿ ਚੰਗੇ ਰੁਜ਼ਗਾਰ ਦੀ ਲੋੜ ਹੈ। ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ ਜਿਸ ਨਾਲ ਉਹ ਅਪਣੀਆਂ ਜ਼ਰੂਰਤਾਂ ਖੁਦ ਪੂਰੀਆਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਿਖਿਆ ਦਾ ਮਿਆਰ ਐਨਾ  ਹੇਠਲੇ ਪੱਧਰ 'ਤੇ ਸੁੱਟ ਦਿਤਾ ਹੈ ਕਿ ਨੌਜਵਾਨ ਚੰਗੀ ਸਿਖਿਆ ਦੀ ਭਾਲ ਵਾਸਤੇ ਵਿਦੇਸ਼ਾਂ ਨੂੰ ਦੌੜ ਰਹੇ ਹਨ।

ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਕਾਂਗਰਸ ਸਰਕਾਰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮਦੇਨਜ਼ਰ ਕਾਂਗਰਸ ਪਾਰਟੀ ਲੋਕਾਂ ਨੂੰ ਸਿਰਫ਼ ਜੁਮਲੇ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਨੌਜਵਾਨ ਵੱਡੀ ਤਾਦਾਦ ਵਿਚ ਸ਼ਾਮਲ ਹੋਣਗੇ ਜਿਸ ਨਾਲ ਪੰਜਾਬ ਮੁੜ ਵਿਕਾਸ ਦੀ ਲੀਹ 'ਤੇ ਕੰਮ ਕਰ ਸਕੇਗਾ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਨੌਜਵਾਨ ਵੱਡੀ ਤਾਦਾਦ ਵਿਚ ਸ਼ਾਮਲ ਹੋਣਗੇ ਜਿਸ ਨਾਲ ਪੰਜਾਬ ਮੁੜ ਵਿਕਾਸ ਦੀ ਲੀਹ 'ਤੇ ਕੰਮ ਕਰ ਸਕੇਗਾ।