ਕਿਸਾਨਾਂ ਲਈ ਵਰਦਾਨ ਬਣੀ 2020 ਦੀ ਪਹਿਲੀ ਬਰਸਾਤ

ਏਜੰਸੀ

ਖ਼ਬਰਾਂ, ਪੰਜਾਬ

ਕਣਕ ਨੂੰ ਯੂਰੀਆ ਵਾਂਗ ਲੱਗੇਗੀ ਬਰਸਾਤ

File

ਮੁੱਲਾਂਪੁਰ ਦਾਖਾ- ਕਿਸਾਨਾਂ ਦਾ ਕਹਿਣਾ ਹੈ ਕਿ 2020 ਦੀ ਪਹਿਲੀ ਬਾਰਸ਼ ਕਣਕ ਦੀ ਫਸਲ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਮੀਂਹ ਨਾਲ ਜਿਥੇ ਕਣਕ ਬੀਮਾਰੀਆਂ ਅਤੇ ਸੁੰਡੀ ਤੋਂ ਨਿਜਾਤ ਪਾਵੇਗੀ, ਉੱਥੇ ਕਣਕ ਨੂੰ ਯੂਰੀਆ ਵਾਂਗ ਲੱਗੇਗੀ। ਉਨ੍ਹਾਂ ਕਿਹਾ ਕਿ ਮੀਂਹ ਨਾਲ ਬੂਟੇ ਵਧਣਗੇ-ਫੁਲਣਗੇ ਅਤੇ ਪਸ਼ੂਆਂ ਦਾ ਹਰਾ ਚਾਰਾ ਵੀ ਵਧੇਗਾ। 

ਉਨ੍ਹਾਂ ਕਿਹਾ ਕਿ ਕਿਸਾਨ ਨਵੇਂ ਵਰ੍ਹੇ ਦੀ ਇਸ ਬਰਸਾਤ ਨਾਲ ਬਾਗੋ-ਬਾਗ ਹਨ ਕਿਉਂਕਿ ਇਹ ਬਰਸਾਤ ਆਲੂਆਂ ਦੀ ਫਸਲ ਲਈ ਵੀ ਵਰਦਾਨ ਸਾਬਤ ਹੋਵੇਗੀ, ਉੱਥੇ ਆਮ ਲੋਕਾਂ ਨੂੰ ਲੱਗਣ ਵਾਲੀ ਖੰਘ, ਜ਼ੁਕਾਮ ਅਤੇ ਸਰਦੀ ਦੀਆਂ ਬੀਮਾਰੀਆਂ ਤੋਂ ਵੀ ਛੁਟਕਾਰਾ ਦਿਵਾਏਗੀ। 

ਦੱਸ ਦਈਏ ਬੀਤੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪੰਜਾਬ 'ਚ ਪਾਰਾ ਇਕ ਵਾਰ ਫਿਰ ਤੋਂ ਡਿਗਣਾ ਸ਼ੁਰੂ ਹੋ ਗਿਆ ਹੈ। ਐਤਵਾਰ ਰਾਤ ਤੋਂ ਸ਼ੁਰੂ ਹੋਈ ਹਲਕੀ ਬਾਰਸ਼ ਲਗਾਤਾਰ ਜਾਰੀ ਹੈ, ਜਿਸ ਨਾਲ ਤਾਪਮਾਨ 'ਚ ਹੋਰ ਵੀ ਗਿਰਾਵਟ ਆਉਣ ਦੇ ਆਸਾਰ ਹਨ। 

ਮੌਸਮ ਵਿਭਾਗ ਦੀ ਮੰਨੀਏ ਤਾਂ ਪੋਹ ਮਹੀਨੇ 'ਚ ਲੱਗੀ ਇਹ ਝੜੀ ਅਜੇ ਇਕ-ਦੋ ਦਿਨ ਇਸੇ ਤਰ੍ਹਾਂ ਰਹੇਗੀ। ਆਉਣ ਵਾਲੇ 24 ਘੰਟਿਆਂ 'ਚ ਪੰਜਾਬ ਦੇ ਨਾਲ-ਨਾਲ ਦਿੱਲੀ, ਅੰਬਾਲਾ ਤੇ ਉੱਤਰੀ ਭਾਰਤ ਦੇ ਕਈ ਹੋਰ ਇਲਾਕਿਆਂ 'ਚ ਕਿਣਮਿਣ ਹੁੰਦੀ ਰਹੇਗੀ, ਹਾਲਾਂਕਿ ਇਸ ਹਲਕੀ ਬਾਰਸ਼ ਨਾਲ ਰਾਤ ਦੇ ਤਾਪਮਾਨ 'ਚ ਵਾਧਾ ਹੋਇਆ ਹੈ ਅਤੇ ਕੋਹਰੇ ਤੋਂ ਰਾਹਤ ਮਿਲੀ ਹੈ।

ਇਸ ਹਲਕੀ ਬਾਰਸ਼ ਨਾਲ ਫਸਲਾਂ, ਖਾਸ ਕਰਕੇ ਕਣਕ ਦੀ ਫਸਲ ਨੂੰ ਕਾਫੀ ਲਾਭ ਮਿਲੇਗਾ। ਬਾਰਸ਼ ਨਾਲ ਜਿੱਥੇ ਕਣਕ ਨੂੰ ਬੀਮਾਰੀਆਂ ਤੋਂ ਰਾਹਤ ਮਿਲੇਗੀ, ਉੱਥੇ ਹੀ ਝਾੜ ਵੀ ਚੰਗਾ ਨਿਕਲਣ ਦੀ ਆਸ ਹੈ। ਪਹਾੜਾਂ 'ਤੇ ਵੀ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ ਅਤੇ ਸ਼ਿਮਲਾ ਦੇ ਕਈ ਇਲਾਕਿਆਂ 'ਚ ਵੀ ਅੱਧਾ ਫੁੱਟ ਤੱਕ ਬਰਫਬਾਰੀ ਹੋਈ ਹੈ।