ਮਨਤਾਰ ਬਰਾੜ ਵਿਰੁਧ ਦਿਤੀ ਰੀਪੋਰਟ 'ਤੇ ਅਕਾਲੀ ਦਲ ਗੁੱਸੇ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਧਾਰਮਕ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਸਬੰਧੀ ਵਿਸ਼ੇਸ਼ ਪੜਤਾਲੀਆ ਟੀਮ ਯਾਨੀ ਐਸ.ਆਈ.ਟੀ. ਵਲੋਂ ਹਾਈ ਕੋਰਟ ਵਿਚ ਬੰਦ ਲਿਫ਼ਾਫ਼ਾ ਰੀਪੋਰਟ...

Mantar Singh Brar

ਚੰਡੀਗੜ੍ਹ : ਧਾਰਮਕ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਸਬੰਧੀ ਵਿਸ਼ੇਸ਼ ਪੜਤਾਲੀਆ ਟੀਮ ਯਾਨੀ ਐਸ.ਆਈ.ਟੀ. ਵਲੋਂ ਹਾਈ ਕੋਰਟ ਵਿਚ ਬੰਦ ਲਿਫ਼ਾਫ਼ਾ ਰੀਪੋਰਟ ਦਿਤੇ ਜਾਣ 'ਤੇ ਗੁੱਸੇ ਦੇ ਰੋਹ ਵਿਚ ਆਏ ਸੀਨੀਅਰ ਅਕਾਲੀ ਨੇਤਾਵਾਂ ਨੇ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਤੇ ਕਿਹਾ ਫਿਰ ਕਾਂਗਰਸੀ ਮੁੱਖ ਮੰਤਰੀ ਸਿਆਸੀ ਬਦਲਾਖੋਰੀ 'ਤੇ ਉਤਰ ਆਏ ਹਨ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਬੰਦ ਲਿਫ਼ਾਫ਼ਾ ਰੀਪੋਰਟ 2015 ਵਿਚ ਅਕਾਲੀ ਵਿਧਾਇਕ ਮਨਤਾਰ ਬਰਾੜ ਵਿਰੁਧ ਹੈ ਜਿਸ ਵਿਚ ਇਸ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਲੋਂ ਫ਼ੋਨ 'ਤੇ ਕੀਤੀਆਂ ਕਾਲਾਂ ਦਾ ਜ਼ਿਕਰ ਹੈ।

ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਪ੍ਰੈਸ ਕਾਨਫ਼ਰੰਸ ਦੌਰਾਨ ਸੀਨੀਅਰ ਅਕਾਲੀ ਨੇਤਾ ਅਤੇ ਰਾਜ ਸਭਾ ਐਮਪੀ ਸ. ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਤੇ ਲੀਗਲ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਾਬਕਾ ਮੰਤਰੀ ਡਾ. ਦਿਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਅਟੱਲ ਫ਼ੈਸਲਾ ਹੈ ਕਿ ਹੁਣ ਅੱਗੋਂ ਤੋਂ ਪੰਜਾਬ ਸਰਕਾਰ ਤੇ ਇਸ ਵਲੋਂ ਥਾਪੀ ਪੁਲਿਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਦੀ ਸਪੈਸ਼ਲ ਪੜਤਾਲੀਆ ਟੀਮ ਨੂੰ ਕੋਈ ਸਹਿਯੋਗ ਨਹੀਂ ਦਿਤਾ ਜਾਵੇਗਾ ਅਤੇ ਇਸ ਦਾ ਬਾਈਕਾਟ ਕਰਨ ਤੋਂ ਇਲਾਵਾ ਇਸ ਦਾ ਵਿਰੋਧ ਕੀਤਾ ਜਾਵੇਗਾ। ਇਨ੍ਹਾਂ ਨੇਤਾਵਾਂ ਨੇ ਚੈਲੰਜ ਕੀਤਾ ਕਿ ਮੁੱਖ ਮੰਤਰੀ, ਕਾਂਗਰਸ ਦੇ ਮੰਤਰੀਆਂ, ਪ੍ਰਧਾਨ ਤੇ ਹੋਰ ਨੇਤਾਵਾਂ ਨੇ ਪੰਜਾਬ 'ਚ ਲਾਂਬੂ ਲਾਉਣ ਤੇ ਧਾਰਮਕ ਮਸਲਿਆਂ ਦੀ ਭੜਕਾਊ ਵਰਤੋਂ ਕਰਨ ਦਾ ਕੰਮ ਸ਼ੁਰੂ ਕੀਤਾ ਹੈ, ਉਸ ਦੀ ਡੱਟ ਕੇ ਮੁਖ਼ਾਲਫ਼ਤ ਕੀਤੀ ਜਾਵੇਗੀ।

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਲੋਕਾਂ ਵਲੋਂ ਚੁਣੇ ਹੋਏ ਲੋਕ ਨੁਮਾਇੰਦੇ ਮਨਤਾਰ ਬਰਾੜ ਨੇ ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਅਤੇ ਹੋਰ ਥਾਵਾਂ 'ਤੇ ਉਸ ਵੇਲੇ ਦੇ ਹਾਲਾਤ ਬਾਰੇ ਜ਼ਿਲ੍ਹਾ ਪ੍ਰਸ਼ਾਸਨ, ਰਾਜਧਾਨੀ ਚੰਡੀਗੜ੍ਹ ਵਿਚ ਬੈਠੇ ਪ੍ਰਸ਼ਾਸਕਾਂ ਨਾਲ ਫ਼ੋਨ 'ਤੇ ਸੰਪਰਕ ਕਰ ਕੇ ਅਪਣੀ ਡਿਊਟੀ ਹੀ ਨਿਭਾਈ ਹੈ, ਕੋਈ ਗ਼ਲਤ ਕੰਮ ਨਹੀਂ ਕੀਤਾ। ਇਸ ਮਾਮਲੇ ਸਬੰਧੀ ਕਿਸੇ ਨਿਰਪੱਖ ਤੇ ਆਜ਼ਾਦ ਏਜੰਸੀ ਜਾਂ ਸੁਪਰੀਮ ਕੋਰਟ ਦੇ ਜੱਜ ਵਲੋਂ ਇਨਕੁਆਰੀ ਦੀ ਤਾਜ਼ਾ ਮੰਗ ਕਰਦੇ ਹੋਏ ਅਕਾਲੀ ਦਲ ਦੇ ਇਨ੍ਹਾਂ ਸੀਨੀਅਰ ਨੇਤਾਵਾਂ ਨੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਹੀ ਕਾਂਗਰਸ ਸਰਕਾਰ ਤੇ ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਨੇ ਪਹਿਲਾਂ ਹੀ ਮਨ ਬਣਾ ਕੇ ਅਪਣਾ ਜੱਜ ਲਾਇਆ, ਅਪਣੀ ਹੀ ਐਸ.ਆਈ.ਟੀ ਬਣਾਈ ਅਤੇ ਸਿਆਸਤ ਖੇਡ ਕੇ ਅਪਣੀ ਮਨਪਸੰਦ ਦੀ ਤਫ਼ਤੀਸ਼ ਕਰਵਾ ਕੇ ਅਕਾਲੀ ਨੇਤਾਵਾਂ ਵਿਰੁਧ ਗ਼ਲਤ ਢੰਗ ਨਾਲ ਪੇਸ਼ ਆ ਰਹੇ ਹਨ। 

ਸ. ਭੂੰਦੜ, ਗਰੇਵਾਲ ਤੇ ਚੀਮਾ ਨੇ ਚੈਲੰਜ ਕੀਤਾ ਕਿ ਕਾਂਗਰਸ ਦੇ ਇਹ ਗੰਦੇ ਕਿਸਮ ਦੇ ਹੱਥਕੰਡੇ ਪੰਜਾਬ ਤੇ ਬਾਕੀ ਮੁਲਕ ਵਿਚ ਗੜਬੜੀ ਪੈਦਾ ਕਰਨਗੇ ਜਿਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਬੀਜੇਪੀ ਦਾ ਇਕ ਉਚ ਪਧਰੀ ਵਫ਼ਦ ਸ. ਪ੍ਰਕਾਸ਼ ਸੰਿਘ ਬਾਦਲ, ਸੁਖਬੀਰ ਬਾਦਲ, ਸ਼ਵੇਤ ਮਲਿਕ ਦੀ ਅਗਵਾਈ ਵਿਚ ਕਲ ਜਾਂ ਪਰਸੋਂ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰੇਗਾ ਅਤੇ ਦੱਸੇਗਾ ਕਿ ਪੰਜਾਬ ਦੇ ਹਾਲਾਤ ਨੂੰ ਵਿਗੜਨ ਤੋਂ ਬਚਾਇਆ ਜਾਵੇ। ਐਸ.ਆਈ.ਟੀ ਤੇ ਕਮਿਸ਼ਨ ਰੀਪੋਰਟ ਨੂੰ ਨਿਰਾ ਡਰਾਮਾ ਤੇ ਠੱਗੀ ਕਰਾਰ ਦਿੰਦੇ ਹੋਏ ਇਨ੍ਹਾਂ ਨੇਤਾਵਾਂ ਨੇ ਧਮਕੀ ਦਿਤੀ ਕਿ ਜੇ ਕਾਂਗਰਸ ਨੇ ਨੀਚ ਤੇ ਹੇਠਲੇ ਦਰਜੇ ਦੀ ਸਿਆਸਤ ਨਾ ਛੱਡੀ ਤਾਂ ਅਕਾਲੀ ਨੇਤਾ ਤੇ ਵਰਕਰ ਜੇਲਾਂ ਭਰ ਦੇਣਗੇ ਤੇ ਮੋਰਚਾ ਲਾ ਕੇ ਕਾਂਗਰਸ ਸਰਕਾਰ ਨੂੰ ਹਿਲਾ ਦੇਣਗੇ।