ਸ੍ਰੀ ਆਨੰਦਪੁਰ ਸਾਹਿਬ ਹਲਕੇ ਦੀ ਸੀਟ ਕਾਰਨ 'ਆਪ' ਤੇ ਅਕਾਲੀ ਦਲ ਟਕਸਾਲੀ 'ਚ ਪਿਆ ਰੇੜਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਚੋਣਾਂ ਸਾਂਝੇ ਤੌਰ 'ਤੇ ਲੜਨ ਦਾ ਫ਼ੈਸਲਾ ਲਗਭਗ ਸਿਰੇ ਚੜ੍ਹ ਗਿਆ ਹੈ, ਪਰ ਸ੍ਰੀ ਆਨੰਦਪੁਰ ਸਾਹਿਬ...

Sri Anandpur Sahib map

ਚੰਡੀਗੜ੍ਹ : ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਚੋਣਾਂ ਸਾਂਝੇ ਤੌਰ 'ਤੇ ਲੜਨ ਦਾ ਫ਼ੈਸਲਾ ਲਗਭਗ ਸਿਰੇ ਚੜ੍ਹ ਗਿਆ ਹੈ, ਪਰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਦੋਹਾਂ ਪਾਰਟੀਆਂ ਵਲੋਂ ਕੀਤੇ ਜਾ ਰਹੇ ਦਾਅਵੇ ਕਾਰਨ ਗਠਜੋੜ ਵਿਚ ਪੇਚ ਫਸਿਆ ਹੋਇਆ ਹੈ। ਆਮ ਆਦਮੀ ਪਾਰਟੀ ਵਲੋਂ ਕਾਫ਼ੀ ਦੇਰ ਪਹਿਲਾਂ ਹੀ ਇਸ ਹਲਕੇ ਤੋਂ ਨੌਜਵਾਨ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਐਲਾਨ ਦਿਤਾ ਸੀ, ਪਰ ਦੂਜੇ ਪਾਸੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਲੜਾਉਣ ਦਾ ਭਰੋਸਾ ਦਿਤਾ ਗਿਆ ਸੀ।

ਇਸ ਤਰ੍ਹਾਂ ਦੋਹਾਂ ਆਗੂਆਂ ਵਲੋਂ ਅਪਣੇ-ਅਪਣੇ ਪੱਧਰ 'ਤੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਸੂਤਰ ਦਸਦੇ ਹਨ ਕਿ ਦੋਹਾਂ ਪਾਰਟੀਆਂ ਵਿਚ ਗਠਜੋੜ ਦੀ ਗੱਲਬਾਤ ਸਿਰੇ ਚੜ੍ਹ ਚੁਕੀ ਹੈ ਅਤੇ ਆਮ ਆਦਮੀ ਪਾਰਟੀ ਵਲੋਂ ਦਸ ਸੀਟਾਂ ਤੇ ਅਕਾਲੀ ਦਲ ਟਕਸਾਲੀ ਵਲੋਂ ਤਿੰਨ ਸੀਟਾਂ 'ਤੇ ਚੋਣ ਲੜੀ ਜਾਵੇਗੀ। ਦਸਿਆ ਜਾਂਦਾ ਹੈ ਕਿ ਅਕਾਲੀ ਦਲ ਟਕਸਾਲੀ ਵਲੋਂ ਸ੍ਰੀ ਆਨੰਦਪੁਰ ਸਾਹਿਬ, ਖਡੂਰ ਸਾਹਿਬ ਅਤੇ ਫ਼ਿਰੋਜ਼ਪੁਰ ਸੀਟ 'ਤੇ ਅਪਣਾ ਦਾਅਵਾ ਪ੍ਰਗਟਾਇਆ ਹੈ, ਜਦੋਂ ਕਿ ਬਾਕੀ ਦਸ ਹਲਕਿਆਂ 'ਤੇ 'ਆਪ' ਵਲੋਂ ਅਪਣੇ ਉਮੀਦਵਾਰ ਉਤਾਰੇ ਜਾਣਗੇ।

ਦਸਿਆ ਜਾਂਦਾ ਹੈ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਵਲੋਂ ਲੋਕ ਸਭਾ ਮੈਂਬਰ ਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ, ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਲੋਂ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਹੱਲ ਕਢਿਆ ਜਾ ਸਕੇ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਸ੍ਰੀ ਆਨੰਦਪੁਰ ਸਾਹਿਬ ਸੀਟ ਕਿਸ ਪਾਰਟੀ ਦੇ ਹਿੱਸੇ ਆਉਂਦੀ ਹੈ।