ਬੇਘਰਾਂ ਨੂੰ ਘਰ ਦੇਣ ਦਾ ਦਾਅਵਾ ਕਰ ਕੇ ਝੂਠ ਨਾ ਬੋਲੇ ਕੈਪਟਨ ਸਰਕਾਰ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਪੰਜਾਬ ਸਰਕਾਰ ਦੁਆਰਾ ਸੂਬੇ ਦੇ ਪੇਂਡੂ ਖੇਤਰਾਂ ਵਿੱਚ 1 ਲੱਖ 30 ਹਜ਼ਾਰ ਬੇਘਰਾ ਨੂੰ ਮੁਫ਼ਤ ਪਲਾਟ ਦੇਣ ਦੇ ਸਰਕਾਰੀ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ...

Bhagwant Mann

ਚੰਡੀਗੜ੍ਹ : ਪੰਜਾਬ ਸਰਕਾਰ ਦੁਆਰਾ ਸੂਬੇ ਦੇ ਪੇਂਡੂ ਖੇਤਰਾਂ ਵਿੱਚ 1 ਲੱਖ 30 ਹਜ਼ਾਰ ਬੇਘਰਾ ਨੂੰ ਮੁਫ਼ਤ ਪਲਾਟ ਦੇਣ ਦੇ ਸਰਕਾਰੀ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਪਾਸੋਂ ਇਸ ਸਬੰਧੀ ਜਵਾਬ ਮੰਗਿਆ ਹੈ। ਪਾਰਟੀ ਦੇ ਚੰਡੀਗੜ੍ਹ ਸਥਿਤ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਅਜਿਹਾ ਕਰਕੇ ਕਾਂਗਰਸ ਸਰਕਾਰ ਨੇ ਪਹਿਲਾਂ ਬੋਲੇ ਝੂਠਾ ਦੀ ਲੜੀ ਵਿੱਚ ਇੱਕ ਹੋਰ ਝੂਠ ਜੋੜ ਦਿੱਤਾ ਹੈ।

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਨਾ ਕਰਨ ਦੀ ਸਲਾਹ ਦਿੰਦਿਆਂ ਪੁੱਛਿਆ ਕਿ ਸਰਕਾਰ ਇਹ ਦੱਸੇ ਕਿ ਦਾਅਵੇ ਅਨੁਸਾਰ ਦਿੱਤੇ ਗਏ 1 ਲੱਖ 30 ਹਜ਼ਾਰ ਪਲਾਂਟ ਕਿੱਥੇ ਅਤੇ ਕਿਸ ਨੂੰ ਦਿੱਤੇ ਗਏ ਹਨ। ਸੂਬੇ ਭਰ ਦੇ ਅਖ਼ਬਾਰਾਂ ਵਿੱਚ ਬੁੱਧਵਾਰ ਨੂੰ ਛਪੇ ਇਸ਼ਤਿਹਾਰ ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ ਅਜਿਹੀ ਕੋਈ ਯੋਜਨਾ ਅਜੇ ਪੰਜਾਬ ਵਿਚ ਸ਼ੁਰੂ ਵੀ ਨਹੀਂ ਹੋਈ ਹੈ ਜਦੋਂ ਕਿ ਸਰਕਾਰ ਹੁਣੇ ਤੋਂ ਹੀ 1 ਲੱਖ 30 ਹਜ਼ਾਰ ਬੇਘਰਾ ਨੂੰ ਮੁਫ਼ਤ ਪਲਾਟ ਦੇਣ ਦਾ ਦਾਅਵਾ ਵੀ ਠੋਕ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਨਸ਼ੇ ਖ਼ਤਮ ਕਰਨ ਅਤੇ ਕਿਸਾਨਾਂ ਦਾ ਸੰਪੂਰਨ ਕਰਜ਼ਾ ਮੁਆਫ਼ ਕਰਨ ਦੇ ਵਾਅਦਿਆਂ ਤੋਂ ਭੱਜੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਲੋਕਾਂ ਨੂੰ ਰਾਹਤ ਨਾ ਦੇਣ ਅਤੇ ਉਸ ਤੋਂ ਉਪਰੰਤ ਅਖ਼ਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣਾ ਅਤਿ ਨਿੰਦਣਯੋਗ ਹੈ।