ਬੇਰੋਜ਼ਗਾਰ ਹੈਲਥ ਵਰਕਰਾਂ ਨੇ ਲਾਇਆ ਧਰਨਾ, ਖ਼ਜਾਨੇ ਲਈ ਪੈਸੇ ਇਕੱਠੇ ਤੇ ਬੂਟ ਪਾਲਿਸ਼ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਾਲੀ ਆਸਾਮੀਆਂ ‘ਤੇ ਸਿਹਤ ਵਰਕਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਪੱਕੇ ਮੋਰਚੇ ਦੇ ਅੱਜ...

Health Workers

ਪਟਿਆਲਾ : ਖਾਲੀ ਆਸਾਮੀਆਂ ‘ਤੇ ਸਿਹਤ ਵਰਕਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਪੱਕੇ ਮੋਰਚੇ ਦੇ ਅੱਜ ਤੀਜੇ ਦਿਨ ਸਥਾਨਕ ਬਾਰਾਂਦਰੀ ਗਾਰਡਨ ਵਿਖੇ ਸਰਕਾਰ ਲਈ ਬੂਟ ਪਾਲਿਸ਼ ਕੀਤੇ। ਇਸ ਦੌਰਾਨ ਇਕੱਠੀ ਕੀਤੀ ਰਕਮ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾਉਣ ਲਈ ਰਾਖਵੀ ਰੱਖੀ। ਇਸ ਮੌਕੇ ਯੂਨੀਅਨ ਆਗੂ ਤਰਲੋਚਨ ਸੰਗਰੂਰ ਨੇ ਦੱਸਿਆ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਕੋਲੋਂ ਅਪਣੀਆਂ ਮੰਗਾਂ ਦੀ ਪੂਰਤੀ ਕਰਾਉਣ ਲਈ ਪੱਕਾ ਧਰਨਾ ਲਾਇਆ ਹੋਇਆ ਹੈ।

ਤੀਜੇ ਦਿਨ ਧਰਨੇ ਮੌਕੇ ਵੇਖਿਆ ਗਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਪਹੁੰਚੇ ਬੇਰੋਜ਼ਗਾਰ ਹੈਲਥ ਵਰਕਰਾਂ ਨੇ ਸਰਕਾਰ ਵੱਲੋਂ ਖ਼ਜ਼ਾਨਾ ਖਾਲੀ ਹੋਣ ਦੇ ਕੀਤੇ ਜਾ ਰਹੇ ਪ੍ਰਚਾਰ ਕਾਰਨ ਬੂਟ ਪਾਲਿਸ਼ ਕਰ ਕੇ ਪੈਸੇ ਇਕੱਠੇ ਕੀਤੇ ਜਿਹੜੇ ਕਿ 10 ਮਾਰਚ ਨੰ ਕਾਫ਼ਲੇ ਦੇ ਰੂਪ ਵਿਚ ਸਿਹਤ ਮੰਤਰੀ ਦੀ ਕੋਠੀ ਪਹੁੰਚ ਕੇ ਜਮ੍ਹਾਂ ਕਰਵਾਏ ਜਾਣਗੇ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵਿਚ ਸਹਿਤ ਵਰਕਰਾਂ ਦੀਆਂ ਸਾਰੀਆਂ ਖਾਲੀ ਆਸਾਮੀਆਂ ਤਿੰਨ ਸਾਲ ਦੀ ਛੋਟ ਦੇ ਕੇ ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਵਾਰ-ਵਾਰ ਮੀਟਿੰਗਾਂ ਮਗਰੋਂ ਵੀ ਮੰਗ ਨੂੰ ਲਟਕਾਇਆ ਜਾ ਰਿਹਾ ਹੈ। ਜੇ ਜਲਦ ਮੰਗਾਂ ਨਾ ਮੰਨੀਆਂ ਤਾਂ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ। ਇਸ ਮੌਕੇ ਹਰਵਿੰਦਰ, ਜਸਵੀਰ ਪਟਿਆਲਾ, ਪ੍ਰਗਟ, ਰਣਜੀਤ, ਕੇਵਲ ਕ੍ਰਿਸ਼ਨ, ਜਗਜੀਤ ਅਤੇ ਭਰਪੂਰ ਸਾਰੇ ਬਠਿੰਡਾ, ਕੁਲਦੀਪ ਅਤੇ ਅੰਮ੍ਰਿਤਪਾਲ ਦੋਵੇਂ ਮਾਨਸਾ, ਰਾਮਸ਼ਰਨ ਬਾਬਰਪੁਰ, ਕੁਲਦੀਪ, ਕਾਲਾ, ਨਿਰਮਲ, ਜੋਧਪੁਰ ਪਾਖਰ ਅਤੇ ਵਕੀਲ ਸਿੰਘ ਆਦਿ ਹਾਜ਼ਰ ਸਨ।