'ਆਪ' ਦੀ ਸਰਕਾਰ ਆਉਣ 'ਤੇ ਦਿੱਲੀ ਦੀ ਤਰਜ 'ਤੇ ਪੰਜਾਬ ਦਾ ਵਿਕਾਸ ਕਰਾਂਗੇ : ਭਗਵੰਤ ਮਾਨ
ਬੇਅਦਬੀ ਕਾਂਡ ਦਾ ਇਨਸਾਫ਼ ਨਾ ਮਿਲਣਾ ਮਿਲੀਭੁਗਤ ਦਾ ਸਿੱਟਾ
ਬਾਘਾ ਪੁਰਾਣਾ : ਸਥਾਨਕ ਸ਼ਹਿਰ ਦੇ ਇਕ ਪੈਲਸ ਵਿਚ ਆਮ ਆਦਮੀ ਪਾਰਟੀ ਪੰਜਾਬ ਵਲੋਂ ਵਪਾਰੀਆਂ ਦੀਆਂ ਸਮੱਸਿਆਵਾ ਸੁਣਨ ਵਾਸਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਤਾਰ ਸਿੰਘ ਸੰਧਵਾ, ਵਿਧਾਇਕ ਮਾਸਟਰ ਬਲਦੇਵ ਸਿੰਘ, ਸਾਬਕਾ ਐਮ.ਪੀ. ਪ੍ਰੋ: ਸਾਧੂ ਸਿੰਘ, ਸੂਬਾ ਪ੍ਰਧਾਨ ਨੀਨਾ ਗੁਪਤਾ, ਉਪ ਪ੍ਰਧਾਨ ਸੁਰਿੰਦਰ ਕੁਮਾਰ ਗੋਇਲ ਅਤੇ ਸ਼ੈਲਰ ਉਦਯੋਗ ਪ੍ਰਧਾਨ ਰਮਨ ਮਿੱਤਲ, ਹਲਕਾ ਇੰਨਚਾਰਜ ਅੰਮ੍ਰਿਤਪਾਲ ਸਿੰਘ ਸੁਖਾਨੰਦ, ਅਮਨ ਗਰੇਵਾਲ ਤੋਂ ਇਲਾਵਾ ਹੋਰ ਪਾਰਟੀ ਲੀਡਰਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਆਉਂਦੀਆਂ 2022 ਦੀਆਂ ਚੋਣਾਂ ਲਈ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਇਕਮੁੱਠ ਹੋ ਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਡਟ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਾਇਮ ਕਰ ਕੇ ਦਿੱਲੀ ਦੀ ਤਰਜ 'ਤੇ ਪੰਜਾਬ ਦਾ ਵਿਕਾਸ ਕੀਤਾ ਜਾ ਸਕੇ ਅਤੇ ਪੰਜਾਬ ਦੀ ਡਾਵਾਡੋਲ ਆਰਥਿਕਤਾ ਨੂੰ ਮੁੜ ਲੀਹਾ 'ਤੇ ਲਿਆਂਦਾ ਜਾ ਸਕੇ।
ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਸਿਖਿਆ, ਸਿਹਤ ਅਤੇ ਆਮ ਜਨਤਾ ਲਈ ਲੋੜੀਂਦੀਆਂ ਸੱਭ ਸਹੂਲਤਾਂ ਦੇ ਕੇ ਦੇਸ਼ ਭਰ ਵਿਚ ਨਵੀ ਮਿਸਾਲ ਕਾਇਮ ਕੀਤੀ ਹੈ । ਉਨ੍ਹਾਂ ਅਕਾਲੀ ਦਲ 'ਤੇ ਵਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾ ਵਿਚ ਪੰਜਾਬੀਆਂ ਦੀ ਅੰਨੀ ਲੁੱਟ ਖਸੁੱਟ ਕੀਤੀ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਹ ਵਾਅਦਾ ਕਰ ਕੇ ਹੋਂਦ ਵਿਚ ਆਈ ਸੀ ਕਿ ਪੰਜਾਬ ਦੀ ਲੁੱਟ ਖਸੁੱਟ ਕਰਨ ਵਾਲੇ ਲੀਡਰਾਂ ਨੂੰ ਸ਼ਜਾ ਦੇ ਕਿ ਪੰਜਾਬੀਆਂ ਨੂੰ ਇਨਸਾਫ਼ ਦਿਵਾਇਆ ਜਾਵੇਗਾ ਪਰ ਅੱਜ ਕਾਂਗਰਸ ਸਰਕਾਰ ਬਣੀ ਨੂੰ ਤਿੰਨ ਸਾਲ ਤੋਂ ਉਪਰ ਹੋ ਗਏ ਹਨ, ਪਰ ਸੱਭ ਕੁੱਝ ਉਸੇ ਤਰ੍ਹਾਂ ਹੀ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਗੋਲੀ ਕਾਂਡ ਅਕਾਲੀ ਦਲ ਦੀ ਸਰਕਾਰ ਵਿਚ ਬਾਦਲਾਂ ਦੀ ਮਿਲੀ ਭੁਗਤ ਨਾਲ ਵਾਪਰਿਆ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਕੌਮ ਨੂੰ ਇਸ ਕਾਂਡ ਦਾ ਇਨਸਾਫ਼ ਦਿਵਾਉਣ ਦੇ ਵਾਅਦੇ ਕੀਤੇ ਸਨ ਪਰ ਅੱਜ ਕੈਪਟਨ ਸਰਕਾਰ ਦੇ ਤਿੰਨ ਸਾਲ ਬੀਤ ਜਾਣ 'ਤੇ ਵੀ ਸਿੱਖਾਂ ਨੂੰ ਇਨਸਾਫ਼ ਮਿਲਦਾ ਨਜ਼ਰ ਨਹੀਂ।
ਉਨ੍ਹਾਂ ਵਪਾਰੀਆ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਨਵਦੀਪ ਸੰਘਾ, ਸਰਪੰਚ ਸਾਹਿਬ ਸਿੰਘ, ਪ੍ਰਮਜੀਤ ਸਿੰਘ ਗ੍ਰੀਨ ਵਾਲੇ, ਰਿੰਟੂ ਬਾਘਾ ਪੁਰਾਣਾ, ਕਮਲ ਗਰਗ, ਲਵਲੀ ਅਰੋੜਾ, ਗੁਰਪ੍ਰੀਤ ਮਨਚੰਦਾ, ਦੀਪਕ ਸਮਾਲਸਰ, ਸੰਨੀ ਗੋਇਲ ਅਤੇ ਹੈਪੀ ਰੋਡੇ ਆਦਿ ਆਗੂ ਹਾਜ਼ਰ ਸਨ।