ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਇਕ ਹੋਰ ਵੱਡਾ ਝਟਕਾ!

ਏਜੰਸੀ

ਖ਼ਬਰਾਂ, ਪੰਜਾਬ

ਟਕਸਾਲੀਆਂ ਨੇ ਲਾਈ ਬਾਦਲਾਂ ਦੇ ਖੇਮੇ 'ਚ ਸੰਨ੍ਹ, ਬੀਬੀ ਗੁਲਸ਼ਨ ਵੀ ਬਣੇ 'ਸਿਧਾਂਤਵਾਦੀ ਲਹਿਰ' ਦਾ ਹਿੱਸਾ!

file photo

ਬਠਿੰਡਾ : ਆਪਣਿਆਂ ਦੀ ਨਰਾਜਗੀ ਨਾਲ ਜੂਝ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਇਕ ਹੋਰ ਕਰਾਰਾ ਸਿਆਸੀ ਝਟਕਾ ਲੱਗਿਆ, ਜਦੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਟਕਸਾਲੀਆਂ ਦੇ ਬੇੜੇ ਵਿਚ ਜਾ ਸਵਾਰ ਹੋਏ। ਦਰਅਸਲ ਬੀਬੀ ਗੁਲਸ਼ਨ ਦੀ ਨਰਾਜ਼ਗੀ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆਉਣੀ ਸ਼ੁਰੂ ਹੋ ਗਈ ਸੀ।

ਉਨ੍ਹਾਂ ਵਲੋਂ ਅਪਣੀ ਇਹ ਨਰਾਜ਼ਗੀ ਜਨਤਕ ਤੌਰ 'ਤੇ ਵੀ ਜ਼ਾਹਰ ਕੀਤੀ ਜਾ ਰਹੀ ਸੀ, ਇਸ ਦੇ ਬਾਵਜੂਦ ਵੀ ਪਾਰਟੀ ਉਨ੍ਹਾਂ ਦੇ ਮਨ-ਮੁਟਾਵ ਨੂੰ ਦੂਰ ਕਰਨ ਕਾਮਯਾਬ ਨਹੀਂ ਹੋ ਸਕੀ, ਜਿਸ ਦਾ ਸਿੱਟਾ ਅੱਜ ਉਨ੍ਹਾਂ ਵਲੋਂ ਪਾਰਟੀ ਨੂੰ ਅਲਵਿਦਾ ਕਹਿ ਦੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ  ਸਿਧਾਂਤਕਵਾਦੀ ਲਹਿਰ ਦੇ ਰਚੇਤਾ ਸੁਖਦੇਵ ਸਿੰਘ ਢੀਂਡਸਾ ਦੇ ਖੇਮੇ ਵਿਚ ਜਾ ਮਿਲਣ 'ਚ ਨਿਕਲਿਆ ਹੈ।

ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਟਕਸਾਲੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਮੈਂਬਰ ਰਾਜ ਸਭਾ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਕਿਸ਼ਨ ਨੇ ਬੀਬੀ ਗੁਲਸ਼ਨ ਸਮੇਤ ਕਈ ਹੋਰਨਾਂ ਅਕਾਲੀ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕੀਤਾ। ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਚ ਸ਼ਾਮਲ ਹੋਣ ਵਾਲਿਆਂ 'ਚ ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰਮੈਨ ਰਾਜਵਿੰਦਰ ਕੌਰ, ਮਹਿਲਾ ਵਿੰਗ ਦੀ ਮੌਜੂਦਾ ਪ੍ਰਧਾਨ ਗੁਰਵਿੰਦਰ ਕੌਰ, ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਭੋਲਾ ਸਿੰਘ ਗਿਲਪੱਤੀ ਸੀਨੀਅਰ ਅਕਾਲੀ, ਆਗੂ ਸਰਬਜੀਤ ਸਿੰਘ ਡੂੰਮਵਾਲੀ ਸ਼ਾਮਿਲ ਹਨ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਸਿਧਾਂਤਕਵਾਦੀ ਲਹਿਰ ਚਲਾਉਣ ਵਾਲੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਪਣੇ ਸਿਧਾਂਤਾਂ ਤੋਂ ਥਿੜਕ ਚੁੱਕਾ ਹੈ। ਪਾਰਟੀ ਅੰਦਰ ਤਾਨਾਸ਼ਾਹੀ ਤਰੀਕੇ ਨਾਲ ਫ਼ੈਸਲੇ ਲਏ ਜਾ ਰਹੇ ਹਨ। ਪਾਰਟੀ ਅੰਦਰ ਕਿਸੇ ਵੀ ਅਕਾਲੀ ਆਗੂ ਦੀ ਕੋਈ ਪੁਛ-ਪ੍ਰਤੀਤ ਨਹੀਂ ਹੈ ਜਿਸ ਕਾਰਨ ਕਈ ਆਗੂ ਘੁਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਬਾਦਲ ਪਰਿਵਾਰ ਨਾਲ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣ ਤੇ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਬਹਾਲ ਰੱਖਣ ਲਈ ਲੜਾਈ ਲੜ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਿਧਾਂਤਕਵਾਦੀ ਲਹਿਰ ਦਾ ਇਹ ਕਾਫ਼ਲਾ ਦਿਨੋਂ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਸਾਬਕਾ ਵਜ਼ੀਰ ਵਿਧਾਇਕ ਤੇ ਹੋਰ ਅਹੁਦੇਦਾਰ ਟਕਸਾਲੀ ਅਕਾਲੀ ਦਲ 'ਚ ਸ਼ਾਮਲ ਹੋਣਗੇ।

ਭਵਿੱਖੀ ਮਨਸੂਬਿਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਬਾਦਲ ਤੇ ਕਾਂਗਰਸ ਨੂੰ ਛੱਡ ਕੇ ਹੋਰ ਕਿਸੇ ਵੀ ਧਿਰ ਨਾਲ ਸਰਕਾਰੀ ਚੋਣ ਸਮਝੌਤਾ ਕਰ ਸਕਦਾ ਹੈ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਸੁਖਮੰਦਰ ਸਿੰਘ ਭਾਗੀਵਾਂਦਰ ਨੂੰ ਅਕਾਲੀ ਦਲ ਟਕਸਾਲੀ 'ਚ ਸ਼ਾਮਲ ਕੀਤਾ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦਾ ਪੱਖਪਾਤੀ ਰਵੱਈਆ ਵੀ ਸਾਹਮਣੇ ਆਇਆ ਹੈ। ਢੀਂਡਸਾ ਦੇ ਤਖ਼ਤ ਸਾਹਿਬ ਪਹੁੰਚਣ 'ਤੇ ਉਨ੍ਹਾਂ ਨੂੰ ਸਿਰੋਪਾਓ ਭੇਂਟ ਨਹੀਂ ਕੀਤਾ ਗਿਆ ਜਿਸ ਦਾ ਉਥੇ ਮੌਜੂਦ ਸੰਗਤ ਨੇ ਵੀ ਬੁਰਾ ਮਨਾਇਆ ਹੈ। ਇਸ 'ਤੇ ਟਿੱਪਣੀ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ  ਤਖ਼ਤ ਸ੍ਰੀ ਦਮਦਮਾ ਸਾਹਿਬ ਸ਼੍ਰੋਮਣੀ ਕਮੇਟੀ ਜਾਂ ਬਾਦਲਾਂ ਦਾ ਨਹੀਂ ਸਗੋਂ ਇਹ ਸਿੱਖ ਪੰਥ ਦਾ ਸਾਂਝਾ ਤਖ਼ਤ ਹੈ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਤੋਂ ਇਲਾਵਾ ਕਈ ਪਤਵੰਤੇ ਹਾਜ਼ਰ ਸਨ।