ਸ਼੍ਰੋਮਣੀ ਕਮੇਟੀ ਅਸਾਮ ਦੇ ਸਿੱਖ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਸਕੂਲ ਖੋਲ੍ਹੇਗੀ : ਭਾਈ ਲੌਂਗੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

550ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਹਾਟੀ ਵਿਖੇ ਵਿਸ਼ਾਲ ਗੁਰਮਤਿ ਸਮਾਗਮ 

Bhai Gobind Singh Longowal

ਅੰਮ੍ਰਿਤਸਰ/ਗੁਹਾਟੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸਾਮ ਅੰਦਰ ਸਿੱਖ ਬੱਚਿਆਂ ਨੂੰ ਗੁਰਮੁਖੀ ਅਤੇ ਪੰਜਾਬੀ ਨਾਲ ਜੋੜਨ ਲਈ ਸਕੂਲ ਸਥਾਪਤ ਕਰੇਗੀ। ਇਸ ਕਾਰਜ ਲਈ ਥਾਂ ਦਾ ਪ੍ਰਬੰਧ ਸਿੱਖ ਪ੍ਰਤੀਨਿਧੀ ਬੋਰਡ ਈਸਟਰਨ ਜ਼ੋਨ ਧੋਬੜੀ ਸਾਹਿਬ ਅਸਾਮ ਵਲੋਂ ਕੀਤਾ ਜਾਵੇਗਾ, ਜਦਕਿ ਸਕੂਲ ਤਿਆਰ ਕਰਨ ਅਤੇ ਚਲਾਉਣ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਜਾਵੇਗਾ। ਇਹ ਐਲਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਪ੍ਰਤੀਨਿਧੀ ਬੋਰਡ ਈਸਟਰਨ ਜ਼ੋਨ ਧੋਬੜੀ ਸਾਹਿਬ ਅਸਾਮ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਪੀਨਾਥ ਨਗਰ ਗੁਹਾਟੀ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਅਸਾਮ ਦੇ ਪਿੰਡਾਂ ਅੰਦਰ ਵਸਦੇ ਸਿੱਖਾਂ ਦੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਤੇ ਗੁਰਮੁਖੀ ਨਾਲ ਜੋੜਨ ਦੇ ਨਾਲ-ਨਾਲ ਸਿੱਖ ਸਭਿਆਚਾਰ ਤੇ ਕਦਰਾਂ ਕੀਮਤਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਭਾਈ ਲੌਂਗੋਵਾਲ ਨੇ ਅਸਾਮ ਦੀਆਂ ਸੰਗਤਾਂ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ 'ਚ ਸ਼ਾਮਲ ਹੋਣ ਦਾ ਸੱਦਾ ਵੀ ਦਿਤਾ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਹੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਵਿਚੋਂ ਕੱਢ ਸਕਦੀ ਹੈ।

ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਵਲੋਂ ਅਸਾਮ ਅੰਦਰ ਸਿੱਖਾਂ ਦੇ ਬੱਚਿਆਂ ਨੂੰ ਪੰਜਾਬੀ ਤੇ ਗੁਰਮੁਖੀ ਦੀ ਸਿਖਿਆ ਦੇਣ ਲਈ ਸਕੂਲ ਖੋਲ੍ਹਣ ਦੇ ਐਲਾਨ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪੁੱਜੇ ਅਸਾਮ ਦੇ ਗਵਰਨਰ ਪ੍ਰੋਫ਼ੈਸਰ ਜਗਦੀਸ਼ ਮੁਖੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਮਨੁੱਖੀ ਭਾਈਚਾਰੇ ਅਤੇ ਆਪਸੀ ਪ੍ਰੇਮ ਪਿਆਰ ਦਾ ਮੁੱਖ ਸੂਤਰ ਦਸਿਆ। ਉਨ੍ਹਾਂ ਵਿਸ਼ਵ ਭਾਈਚਾਰੇ ਦੇ ਮੋਢੀ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਵਧਾਈ ਦਿਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਅਸਾਮ ਦੀਆਂ ਸੰਗਤਾਂ ਵੱਲੋਂ ਸਮਾਗਮ ਲਈ ਸਹਿਯੋਗੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਅਤੇ ਸ਼੍ਰੋਮਣੀ ਕਮੇਟੀ ਵਲੋਂ ਅਜਿਹੇ ਸਮਾਗਮਾਂ ਦੀ ਲੜੀ ਨਿਰੰਤਰ ਜਾਰੀ ਰੱਖਣ ਦੀ ਵਚਨਬਧਤਾ ਦਾ ਪ੍ਰਗਟਾਵਾ ਕੀਤਾ। 

ਸਿੱਖ ਪ੍ਰਤੀਨਿਧੀ ਬੋਰਡ ਵਲੋਂ ਸ. ਸਤਨਾਮ ਸਿੰਘ ਖ਼ਾਲਸਾ ਨੇ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧਨਵਾਦ ਕੀਤਾ, ਜਦੋਂ ਕਿ ਭਾਈ ਜਗਤਾਰ ਸਿੰਘ ਨੇ ਸਟੇਜ ਦੀ ਸੇਵਾ ਨਿਭਾਈ। ਇਸ ਮੌਕੇ ਗਵਰਨਰ ਪ੍ਰੋਫ਼ੈਸਰ ਜਗਦੀਸ਼ ਮੁਖੀ ਨੂੰ ਭਾਈ ਲੌਂਗੋਵਾਲ, ਡਾ. ਰੂਪ ਸਿੰਘ ਤੇ ਹੋਰਨਾਂ ਨੇ ਸਨਮਾਨਤ ਕੀਤਾ। ਇਸ ਤੋਂ ਇਲਾਵਾ ਭਾਈ ਲੌਂਗੋਵਾਲ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੀ ਅਸਾਮ ਦੇ ਸਿੱਖ ਆਗੂਆਂ ਨੇ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਕੌਮ ਦੇ ਪ੍ਰਸਿੱਧ ਰਾਗੀ, ਢਾਡੀ ਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਜੋੜਿਆ।