ਕਿਸੇ ਵੀ ਪਾਰਟੀ ਲਈ ਮੁੱਦਾ ਨਹੀਂ ਬਣਿਆ ਘੱਗਰ ਦਰਿਆ ਦਾ ਜ਼ਹਿਰੀਲਾ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਨੇਕਾਂ ਸਾਲਾਂ ਤੋਂ ਹੜ ਆਉਣ ਨਾਲ ਹਜ਼ਾਰਾਂ ਲੋਕ ਹੋ ਜਾਂਦੇ ਨੇ ਬੇਘਰ ਤੇ ਉਜੜ ਜਾਂਦੀਆਂ ਹਨ ਫ਼ਸਲਾਂ

Ghaggar River

ਸਰਦੁਲਗੜ੍ਹ : ਘੱਗਰ ਨਦੀ ਹਰੇਕ ਸਾਲ ਉਸ ਦੇ ਨਾਲ ਲਗਦੇ ਇਲਾਕਿਆਂ ਲਈ ਭਾਰੀ ਤਬਾਹੀ ਲੈ ਕੇ ਆਉਂਦੀ ਹੈ। ਬਾਰਸ਼ਾਂ ਦੇ ਦਿਨਾਂ 'ਚ ਪਹਾੜਾਂ 'ਚੋਂ ਵੱਧ ਪਾਣੀ ਆ ਜਾਣ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਜਾਂਦੇ ਹਨ ਤੇ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਜਾਂਦੀ ਹੈ। ਆਗੂਆਂ ਨੂੰ ਜਿਥੇ ਅਪਣੇ ਘਰਾਂ ਨੂੰ ਖ਼ਤਰਾ ਲਗਦਾ ਹੈ, ਉਥੇ ਤਾਂ ਮੋਟੇ ਮੋਟੇ ਪੱਥਰ ਲਗਵਾ ਲੈਂਦੇ ਸਨ। ਅਨੇਕਾਂ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਘੱਗਰ ਕਿਨਾਰੇ ਵਸਦੇ ਪਿੰਡਾਂ ਦੀ ਜੂਨ ਨਾ ਸੁਧਰੀ। ਉਂਜ ਹਰੇਕ ਚੋਣ ਵੇਲੇ ਸਿਆਸੀ ਪਾਰਟੀਆਂ ਇਨ੍ਹਾਂ ਲੋਕਾਂ ਦੇ ਹੱਥ ਲਾਲੀਪਾਪ ਫੜਾ ਕੇ ਬੁੱਤਾ ਜ਼ਰੂਰ ਸਾਰ ਲੈਂਦੀਆਂ ਹਨ।

ਬਰਸਾਤਾਂ ਦੇ ਦਿਨਾਂ 'ਚ ਇਨ੍ਹਾਂ ਲੋਕਾਂ ਦੇ ਘਰ ਡਿੱਗ ਪੈਂਦੇ ਹਨ, ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ ਤੇ ਪਸ਼ੂ ਭੁੱਖੇ ਮਰ ਜਾਂਦੇ ਹਨ। ਸਿਆਸੀ ਆਗੂ ਕਦੇ ਕਦੇ ਇਨ੍ਹਾਂ ਪਿੰਡਾਂ ਦਾ ਭਲਵਾਨੀ ਗੇੜਾ ਮਾਰ ਕੇ ਸਿਆਸੀ ਰੋਟੀਆਂ ਸੇਕ ਕੇ ਤੁਰਦੇ ਬਣਦੇ ਹਨ ਪਰ ਕੋਈ ਸਥਾਈ ਹੱਲ ਅਜੇ ਨਜ਼ਰ ਨਹੀਂ ਆ ਰਿਹਾ। ਵਿਧਾਨ ਸਭਾ ਚੋਣਾਂ 2017 ਵਿਚ ਘੱਗਰ ਦਰਿਆ ਦਾ ਮੁੱਦਾ ਛਾਇਆ ਰਿਹਾ ਸੀ। ਤਿੰਨਾਂ ਪਾਰਟੀਆਂ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਲੋਕਾਂ ਨਾਲ ਵਾਅਦਾ ਵੀ ਕੀਤਾ ਹੈ ਕਿ ਇਸ ਵਾਰ ਸਾਡੀ ਸਰਕਾਰ ਬਣਨ 'ਤੇ ਇਸ ਘੱਗਰ ਦਰਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਨਵੀਂ ਬਣੀ ਸਰਕਾਰ ਨੂੰ 2 ਸਾਲ ਬੀਤ ਜਾਣ ਦੇ ਬਾਅਦ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ। 

ਇਹ ਦਰਿਆ ਹਲਕੇ ਸਰਦੂਲਗੜ੍ਹ ਦੇ ਲੋਕਾਂ ਨੂੰ ਦੋਹਰੀ ਮਾਰ ਮਾਰ ਰਿਹਾ ਹੈ। ਬਰਸਾਤ ਸਮੇਂ ਇਸ ਵਿਚ ਹੜ੍ਹ ਆ ਜਾਂਦਾ ਹੈ ਜਿਸ ਨਾਲ ਇਸ ਦਰਿਆ ਦੇ ਕਿਨਾਰੇ ਵਸਦੇ ਲੋਕਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਹਲਕਾ ਸਰਦੂਲਗੜ੍ਹ ਦੇ ਭਗਵਾਨਪੁਰ ਹੀਗਣਾ, ਰਣਜੀਤਗੜ੍ਹ ਬਾਂਦਰ, ਮੀਰਪੁਰ ਕਲਾਂ, ਮੀਰਪਰ ਖ਼ੁਰਦ, ਸਰਦੂਲੇਵਾਲਾ, ਫੂਸ ਮੰਡੀ, ਭੂੰਦੜ, ਸਾਧੂਵਾਲਾ, ਭੱਲਣਵਾੜਾ, ਰੋੜਕੀ, ਸਰਦੂਲਗੜ੍ਹ ਸ਼ਹਿਰ, ਕਾਹਨੇਵਾਲਾ ਸਮੇਤ ਡੇਢ ਦਰਜਨ ਪਿੰਡਾਂ ਦੇ ਲੋਕ ਇਸ ਦੀ ਮਾਰ ਹੇਠ ਆ ਜਾਦੇ ਹਨ। 2010 ਦੌਰਾਨ ਹੜ੍ਹਾਂ ਕਾਰਨ ਇਨ੍ਹਾਂ ਪਿੰਡਾਂ ਦਾ ਭਾਰੀ ਨੁਕਸਾਨ ਹੋਇਆ ਸੀ। ਹੜ੍ਹਾਂ ਦਾ ਮੁੱਖ ਕਾਰਨ 1984 ਤੋਂ ਨਕਾਰਾ ਕਰਾਰ ਦਿਤਾ ਗਿਆ ਸਿਰਸਾ ਮਾਨਸਾ ਸੜਕ 'ਤੇ ਘੱਗਰ ਦਾ ਨੀਵਾਂ ਪੁਲ ਹੈ ਜੋ ਸਿਰਫ ਘੱਗਰ ਦਾ ਇੱਕੀ ਫੁੱਟ ਪਾਣੀ ਹੀ ਨਿਕਾਸ ਕਰ ਸਕਦਾ ਹੈ। 2010 ਦੇ ਹੜ੍ਹਾਂ ਵੇਲੇ ਮੌਕਾ ਦੇਖਣ ਆਏ ਉਪ ਮੁੱਖ ਮੰਤਰੀ ਪੰਜਾਬ, ਮੈਂਬਰ ਲੋਕ ਸਭਾ ਅਤੇ ਕਈ ਮੰਤਰੀਆਂ ਨੇ ਘੱਗਰ ਦੀ ਸਮੱਸਿਆ ਦਾ ਪੱਕਾ ਹੱਲ ਲੱਭਣ ਦੇ ਦਾਅਵੇ ਕੀਤੇ ਸਨ ਪਰ ਕੋਈ ਵੀ ਵਫ਼ਾ ਨਹੀਂ ਹੋਇਆ। 

ਘੱਗਰ ਦਰਿਆ ਵਿਚ ਕੈਮੀਕਲ ਯੁਕਤ ਫ਼ੈਕਟਰੀਆਂ ਦਾ ਪਾਣੀ ਪੈਣ ਕਾਰਨ ਇਸ ਹਲਕੇ ਦੇ ਲੋਕਾਂ ਨੂੰ ਨਾਮੁਰਾਦ ਬੀਮਾਰੀਆ ਲਗ ਰਹੀਆਂ ਹਨ। ਸਰਦੂਲਗੜ੍ਹ ਹਲਕੇ ਵਿਚ 45 ਤੋਂ 50 ਪ੍ਰਤੀਸ਼ਤ ਲੋਕ ਕਾਲੇ ਪੀਲੀਏ ਦਾ ਸ਼ਿਕਾਰ ਹੋ ਚੁੱਕੇ ਹਨ। ਕਈਆਂ ਦੇ ਲੀਵਰ ਡੈਮੇਜ ਹੋ ਚੁੱਕੇ ਹਨ। ਪਾਲਤੂ ਪਸ਼ੂ ਵੀ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਘੱਗਰ ਦਰਿਆ 'ਚ ਕੈਮੀਕਲ ਵਾਲਾ ਪਾਣੀ ਆਉਣ ਦਾ ਕਾਰਨ ਇਸ ਦੇ ਕਿਨਾਰੇ 'ਤੇ ਲੱਗੀਆਂ ਫ਼ੈਕਟਰੀਆਂ ਹਨ। ਇਹ ਨਿੱਕੀਆਂ ਵੱਡੀਆਂ ਫ਼ੈਕਟਰੀਆਂ ਵਾਲੇ ਬੇਖ਼ੌਫ਼ ਹੋ ਕੇ ਕੈਮੀਕਲ ਯੁਕਤ ਪਾਣੀ ਘੱਗਰ ਵਿਚ ਸੁੱਟ ਰਹੇ ਹਨ ਤੇ ਕੋਈ ਵੀ ਸਰਕਾਰ ਜਾਂ ਸਰਕਾਰੀ ਅਧਿਕਾਰੀ ਇਨ੍ਹਾਂ ਨੂੰ ਰੋਕਣ ਵਾਲਾ ਨਹੀਂ ਹੈ।

ਬਾਰਸ਼ਾਂ ਦੇ ਦਿਨਾਂ 'ਚ ਜਦੋਂ ਘੱਗਰ 'ਚ ਪਾਣੀ ਚੜ੍ਹ ਜਾਂਦਾ ਹੈ ਤਾਂ ਇੀ ਗੰਦਾ ਪਾਣੀ ਖੇਤਾਂ 'ਖ ਵੜ ਜਾਂਦਾ ਹੈ ਤੇ ਅਸਿੱਧੇ ਢੰਗ ਨਾਲ ਇਸ ਪਾਣੀ ਨਾਲ ਫ਼ਸਲਾਂ ਦੀ ਸਿੰਚਾਈ ਹੋ ਜਾਂਦੀ ਹੈ। ਇਥੋਂ ਸ਼ੁਰੂ ਹੁੰਦੀ ਹੈ ਅਸਲ ਬੀਮਾਰੀ। ਗੰਦੇ ਪਾਣੀ ਨਾਲ ਪਲੀਆਂ ਫ਼ਸਲਾਂ ਲੋਕਾਂ ਅਤੇ ਪਸ਼ੂਆਂ ਦੇ ਪੇਟ ਤਕ ਪਹੁੰਚਦੀਆਂ ਹਨ ਤੇ ਲੋਕ ਕਾਲਾ ਪੀਲੀਆ ਤੇ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਹਲਕੇ ਦੀ ਸੱਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਇਸ ਹਲਕੇ 'ਚ ਕੋਈ ਨਾਮਵਰ ਹਸਪਤਾਲ ਨਹੀਂ ਹੈ ਤੇ ਲੋਕਾਂ ਨੂੰ ਇਲਾਜ ਲਈ ਦੂਜੇ ਸ਼ਹਿਰਾਂ ਵਲ ਭੱਜਣਾ ਪੈਂਦਾ ਹੈ। ਜੇਕਰ ਕੋਈ ਇਕ ਅੱਧਾ ਚੰਗਾ ਪ੍ਰਾਈਵੇਟ ਹਸਪਤਾਲ ਹੈ ਤਾਂ ਉਹ ਆਮ ਲੋਕਾਂ ਦੀ ਉਂਜ ਛਿੱਲ ਲਾਹ ਲੈਂਦੇ ਹਨ।

ਘੱਗਰ ਕਿਨਾਰੇ ਵਸਦੇ ਲੋਕਾਂ ਨੂੰ ਦਾ ਇਕ ਦੁਖਾਂਤ ਇਹ ਵੀ ਹੈ ਕਿ ਚੰਡੀਗੜ੍ਹ ਰਹਿੰਦੇ ਆਗੂ ਇਸ ਖੇਤਰ ਨੂੰ ਦੂਰ ਦਰਾਜ ਦਾ ਖੇਤਰ ਸਮਝ ਕੇ ਗੇੜਾ ਹੀ ਨਹੀਂ ਮਾਰਦੇ। ਉਹ ਤਾਂ ਉਦੋਂ ਹੀ ਗੇੜਾ ਮਾਰਦੇ ਹਨ ਜਦੋਂ ਚੋਣਾਂ ਦੀ ਰੁੱਤ ਆਉਂਦੀ ਹੈ, ਨਹੀਂ ਤਾਂ ਇਸ ਖੇਤਰ ਦੇ ਲੋਕ ਪੰਜ ਸਾਲ ਅਪਣੇ ਚੁਣੇ ਹੋਏ ਆਗੂ ਦਾ ਚਿਹਰਾ ਵੀ ਨਹੀਂ ਦੇਖ ਸਕਦੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਘੱਗਰ ਨਦੀ ਦੋ ਸੂਬਿਆਂ ਦੇ ਵਿਚਕਾਰ ਪੈਣ ਦੇ ਬਾਵਜੂਦ ਵੀ ਕਿਸੇ ਪਾਰਟੀ ਨੇ ਇਸ ਲੋਕਾਂ ਦੀ ਸਮੱਸਿਆ ਨੂੰ ਚੋਣ ਮੁੱਦਾ ਵੀ ਨਹੀਂ ਬਣਾਇਆ। ਹੁਣ ਤਾਂ ਘੱਗਰ ਦੇ ਕਿਨਾਰਿਆਂ 'ਤੇ ਵਸਣ ਵਾਲੇ ਲੋਕ ਅਪਣੇ ਆਪ ਨੂੰ ਲਾਵਾਰਸ ਸਮਝਣ ਲੱਗ ਪਏ ਹਨ। ਕਈ ਕਹਿੰਦੇ ਹਨ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਜਿਵੇਂ ਗੰਗਾ ਕਿਨਾਰੇ ਵਸਣ ਵਾਲੇ ਲੋਕਾਂ ਦੀ ਸਾਰ ਲੌਣ ਲਈ ਉਤਰ ਪ੍ਰਦੇਸ਼ 'ਚ ਘੁੰਮਦੀ ਰਹੀ, ਕੀ ਪੰਜਾਬ ਦਾ ਕੋਈ ਵੱਡਾ ਆਗੂ ਵੀ ਉਨ੍ਹਾਂ ਦਾ ਦੁਖੜਾ ਸੁਣਨ ਆਵੇਗਾ?