ਇਨਸਾਫ਼ ਦੀ ਲੜਾਈ ਲੰਬੀ ਪਰ ਆਖ਼ਰੀ ਸਾਹ ਤੱਕ ਸੰਘਰਸ਼ ਕਰਾਂਗੇ:- ਈਮਾਨ ਸਿੰਘ ਮਾਨ
ਬੇਅਦਬੀ ਕਾਂਡ ਅਤੇ 328 ਸਰੂਪਾਂ ਦੇ ਇਨਸਾਫ਼ ਲਈ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਅਦਾਲਤ ਪਹੁੰਚੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਬੇਅਦਬੀ ਮਾਮਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਜਾਣਕਾਰੀ ਨਾ ਮਿਲਣ ਕਾਰਨ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਅਦਾਲਤ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਈਮਾਨ ਸਿੰਘ ਨੇ ਕਿਹਾ ਕਿ ਇਨਸਾਫ ਦੀ ਲੜਾਈ ਭਾਵੇਂ ਲੰਬੀ ਹੈ ਪਰ ਅਸੀਂ ਇਨਸਾਫ ਲੈਣ ਲਈ ਆਖਰੀ ਸਾਹ ਤੱਕ ਸੰਘਰਸ਼ ਕਰਾਂਗੇ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਈਮਾਨ ਸਿੰਘ ਅਤੇ ਉਹਨਾਂ ਦੇ ਸਾਥੀ ਬੇਅਦਬੀ ਮਾਮਲੇ ਸਬੰਧੀ ਸੁਣਵਾਈ ਲਈ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਅਦਾਲਤ ਵਿਖੇ ਪਹੁੰਚੇ। ਇਸ ਦੌਰਾਨ ਕਮਿਸ਼ਨ ਵਲੋਂ ਸੁਣਵਾਈ ਲਈ ਅਗਲੀ ਤਰੀਕ ਦਿੱਤੀ ਗਈ ਹੈ।
ਗੱਲਬਾਤ ਕਰਦਿਆਂ ਈਮਾਨ ਸਿੰਘ ਨੇ ਕਿਹਾ ਕਿ 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਕੈਪਟਨ ਸਰਕਾਰ ਵਲੋਂ ਬਾਦਲਾਂ ’ਤੇ ਇਲਜ਼ਾਮ ਲਗਾਏ ਗਏ ਅਤੇ ਬਾਅਦ ਵਿਚ ਖੁਦ ਹੀ ਸਿੱਟ ਦੀ ਰਿਪੋਰਟ ਖਾਰਜ ਕਰਕੇ ਬਾਦਲਾਂ ਨੂੰ ਇਸ ਜਾਂਚ ਵਿਚੋਂ ਬਾਹਰ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਭਾਵੇਂ ਕੋਰਟ ਵਲੋਂ 17 ਵਿਚੋਂ 11 ਦੋਸ਼ੀਆ ਨੂੰ ਜਾਂਚ ਤੋਂ ਬਾਹਰ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਇਨਸਾਫ ਦੀ ਆਸ ਵਿਚ ਅਸੀਂ ਲੜਾਈ ਲੜ ਰਹੇ ਹਾਂ ਅਤੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਲੜਦੇ ਰਹਾਗੇ। ਇਸ ਮੌਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵੀ ਅਣਗਹਿਲੀ ਵਰਤਣ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਸਿੱਖਾਂ ਨੂੰ ਅਪਣੇ ਹੱਕਾਂ ਦੀ ਰਾਖੀ ਲਈ ਪਹਿਰਾ ਦੇਣ ਦੀ ਲੋੜ ਹੈ।