ਜਲੰਧਰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤੀ, ਹੁਣ ਦੇਰ ਰਾਤ ਤੱਕ ਨਹੀਂ ਖੁੱਲ੍ਹੇ ਰਹਿਣਗੇ ਬਾਰ, ਰੈਸਟੋਰੈਂਟ ਜਾਂ ਹੋਟਲ
10 ਵਜੇ ਤੋਂ ਸਵੇਰੇ 6 ਵਜੇ ਤੱਕ ਰਿਹਾਇਸ਼ੀ ਖੇਤਰਾਂ ’ਚ ਹਾਰਨ ਵਜਾਉਣ 'ਤੇ ਪਾਬੰਦੀ
ਜਲੰਧਰ: ਦਿਨੋ ਦਿਨ ਵੱਧ ਰਹੀਆਂ ਅਰਾਜਕਤਾ ਦੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਜਲੰਧਰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ। ਇਸ ਦੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਹਨ ਕਿ ਦੇਰ ਰਾਤ ਤੱਕ ਕੋਈ ਵੀ ਪੱਬ-ਬਾਰ, ਰੈਸਟੋਰੈਂਟ ਜਾਂ ਹੋਟਲ ਨਹੀਂ ਖੁੱਲ੍ਹੇਗਾ। ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਬਾਅਦ ਕਿਤੇ ਵੀ ਆਰਕੈਸਟਰਾ ਜਾਂ ਡੀਜੇ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
Restaurant
ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪੁਲਿਸ ਜਸਕਿਰਨ ਜੀਤ ਸਿੰਘ ਤੇਜਾ ਨੇ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਿਹਾਇਸ਼ੀ ਖੇਤਰਾਂ ਵਿਚ ਹਾਰਨ ਵਜਾਉਣ 'ਤੇ ਪਾਬੰਦੀ ਲਗਾ ਦਿੱਤੀ। ਇਸੇ ਤਰ੍ਹਾਂ ਸਾਊਂਡ ਸਿਸਟਮ ਦੀ ਆਵਾਜ਼ 7.5 ਡੀਬੀ (ਏ) ਤੱਕ ਅਤੇ ਲਾਊਡ ਸਪੀਕਰਾਂ, ਪਟਾਕਿਆਂ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਨੂੰ ਨਿਰਧਾਰਤ ਸੀਮਾ ਤੱਕ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿਚ ਸਪੱਸ਼ਟ ਕਿਹਾ ਹੈ ਕਿ ਜੇਕਰ ਕੋਈ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਸਾਰਾ ਸਾਮਾਨ ਵੀ ਜ਼ਬਤ ਕਰ ਲਿਆ ਜਾਵੇਗਾ।
DJ
ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਵੀ ਹੁਕਮ ਹਨ ਕਿ ਜਨਤਕ ਥਾਵਾਂ ਦੇ ਨੇੜੇ ਪਟਾਕਿਆਂ ਅਤੇ ਲਾਊਡ ਸਪੀਕਰਾਂ ਜਾਂ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੀ ਆਵਾਜ਼ 10 ਡੀਬੀ (ਏ) ਤੋਂ ਵੱਧ ਨਹੀਂ ਹੋਣੀ ਚਾਹੀਦੀ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਿਸੇ ਵੀ ਵਿਅਕਤੀ ਨੂੰ ਢੋਲ ਜਾਂ ਸਾਇਰਨ, ਕੋਈ ਵੀ ਆਵਾਜ਼ ਪੈਦਾ ਕਰਨ ਵਾਲਾ ਯੰਤਰ, ਸਾਊਂਡ ਸਿਸਟਮ ਵਜਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਹੁਕਮ ਮੈਰਿਜ ਪੈਲੇਸਾਂ ਅਤੇ ਹੋਟਲਾਂ 'ਤੇ ਵੀ ਲਾਗੂ ਹੋਵੇਗਾ। ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਇਮਾਰਤ ਜਾਂ ਕੈਂਪਸ ਦੇ ਬਾਹਰ ਕੋਈ ਆਵਾਜ਼ ਨਹੀਂ ਸੁਣਾਈ ਜਾਵੇਗੀ।
No Horn
ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਾਹਨਾਂ ਵਿਚ ਮਿਊਜ਼ਿਕ ਸਿਸਟਮ ਦੀ ਆਵਾਜ਼ ਦਿਨ ਵਿਚ ਕਿਸੇ ਵੀ ਸਮੇਂ ਵਾਹਨ ਵਿਚੋ ਬਾਹਰ ਨਹੀਂ ਆਉਣੀ ਚਾਹੀਦੀ। ਇਕ ਹੋਰ ਹੁਕਮ ਵਿਚ ਕਿਹਾ ਗਿਆ ਹੈ ਕਿ ਕਮਿਸ਼ਨਰੇਟ ਪੁਲਿਸ ਦੇ ਅਧਿਕਾਰ ਖੇਤਰ ਵਿਚ ਆਉਂਦੇ ਸਾਰੇ ਰੈਸਟੋਰੈਂਟਾਂ, ਕਲੱਬਾਂ, ਬਾਰਾਂ, ਪੱਬਾਂ ਵਿਚ ਰਾਤ 11 ਵਜੇ ਤੋਂ ਬਾਅਦ ਖਾਣ-ਪੀਣ ਅਤੇ ਸ਼ਰਾਬ ਆਦਿ ਦੇ ਆਰਡਰ ਨਹੀਂ ਲਏ ਜਾਣਗੇ। ਰਾਤ 11 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗਾਹਕ ਨੂੰ ਰੈਸਟੋਰੈਂਟ, ਕਲੱਬ, ਬਾਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਰੈਸਟੋਰੈਂਟ, ਕਲੱਬ, ਬਾਰ ਅਤੇ ਪੱਬ ਜਾਂ ਖਾਣ-ਪੀਣ ਦੀਆਂ ਹੋਰ ਥਾਵਾਂ ਅੱਧੀ ਰਾਤ 12 ਵਜੇ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ।