ਹੈਰੀਟੇਜ ਸਟਰੀਟ ਧਮਾਕਾ: ਮਾਮਲੇ ਦੀ ਜਾਂਚ ਲਈ ਮੁਹਾਲੀ ਤੋਂ ਬੁਲਾਈ ਟੀਮ

ਏਜੰਸੀ

ਖ਼ਬਰਾਂ, ਪੰਜਾਬ

ਧਮਾਕੇ ਵਾਲੀ ਜਗ੍ਹਾ ਤੋਂ 7 ਸ਼ੱਕੀ ਟੁਕੜੇ ਮਿਲੇ!

Heritage Street blast

 

ਅੰਮ੍ਰਿਤਸਰ - ਸ੍ਰੀ ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ ਵਿਚ ਸ਼ਨੀਵਾਰ ਦੇਰ ਰਾਤ ਕਰੀਬ 12 ਵਜੇ ਧਮਾਕਾ ਹੋਇਆ। ਇਸ ਕਾਰਨ ਸਾਰਾਗੜ੍ਹੀ ਪਾਰਕਿੰਗ ਵਿਚ ਖਿੜਕੀਆਂ ’ਤੇ ਲੱਗੇ ਸ਼ੀਸ਼ੇ ਟੁੱਟ ਗਏ। ਪੁਲਿਸ ਦਾ ਕਹਿਣਾ ਹੈ ਕਿ ਇਹ ਸ਼ੀਸ਼ਾ ਟੁੱਟਣ ਨਾਲ ਇਕ ਸ਼ਰਧਾਲੂ ਜਖ਼ਮੀ ਹੋਇਆ ਸੀ ਜੋ ਕਿ ਹੁਣ ਠੀਕ ਹੈ। ਧਾਮਕੇ ਵਾਲੀ ਜਗ੍ਹਾ ਤੋਂ ਕੁੱਝ ਸ਼ੱਕੀ ਟੁਕੜੇ ਮਿਲੇ ਹਨ ਜਿਨ੍ਹਾਂ ਦੀ ਜਾਂਚ ਲਈ ਮੁਹਾਲੀ ਤੋਂ ਫੋਰੈਂਸਿਕ ਟੀਮ ਬੁਲਾਈ ਗਈ ਹੈ। 

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕੋਈ ਅਤਿਵਾਦੀ ਹਮਲਾ ਨਹੀਂ ਹੈ। ਇਸ ਦੌਰਾਨ ਧਮਾਕੇ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਵਿਚ ਧਮਾਕਾ, ਚੰਗਿਆੜੀਆਂ ਅਤੇ ਧੂੰਆਂ ਸਾਫ਼ ਦਿਖਾਈ ਦੇ ਰਿਹਾ ਹੈ। ਫਿਲਹਾਲ ਮਾਮਲੇ ਦੀ ਜਾਂਚ ਲਈ ਫੋਰੈਂਸਿਕ ਟੀਮ ਜੁਟੀ ਹੋਈ ਹੈ। ਇਹ ਹਾਦਸਾ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ 'ਤੇ ਸਾਰਾਗੜ੍ਹੀ ਸਰਾਂ ਦੇ ਸਾਹਮਣੇ ਅਤੇ ਪਾਰਕਿੰਗ ਲਾਟ ਦੇ ਬਿਲਕੁਲ ਬਾਹਰ ਵਾਪਰਿਆ। 12 ਵਜੇ ਦੇ ਕਰੀਬ ਲੋਕ ਹੈਰੀਟੇਜ ਸਟਰੀਟ 'ਤੇ ਘੁੰਮ ਰਹੇ ਸਨ ਕਿ ਅਚਾਨਕ ਜ਼ੋਰਦਾਰ ਧਮਾਕਾ ਹੋਇਆ।

ਨੇੜੇ ਹੀ ਆਟੋ ਰਾਹੀਂ 6 ਦੇ ਕਰੀਬ ਹੋਰ ਸੂਬਿਆਂ ਤੋਂ ਸੈਲਾਨੀ ਲੜਕੀਆਂ ਆਈਆਂ ਹੋਈਆਂ ਸਨ। ਜਿਨ੍ਹਾਂ 'ਤੇ ਸ਼ੀਸ਼ਾ ਟੁੱਟ ਕੇ ਡਿੱਗਿਆ। ਇਸ ਦੇ ਨਾਲ ਹੀ ਨੇੜੇ ਦੇ ਬੈਂਚ 'ਤੇ ਇਕ ਨੌਜਵਾਨ ਸੁੱਤਾ ਪਿਆ ਸੀ, ਜਿਸ ਦੀ ਲੱਤ 'ਤੇ ਕੱਚ ਦਾ ਟੁਕੜਾ ਜਾ ਵੱਜਿਆ ਅਤੇ ਉਹ ਜ਼ਖਮੀ ਹੋ ਗਿਆ ਪਰ ਹੁਣ ਉਹ ਠੀਕ ਹੈ। ਘਟਨਾ ਤੋਂ ਕੁੱਝ ਮਿੰਟਾਂ ਬਾਅਦ ਹੀ ਪੁਲਿਸ ਪਹੁੰਚ ਗਈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਂ ਨੇ ਇਸ ਧਮਾਕੇ ਨੂੰ ਅਤਿਵਾਦੀ ਹਮਲੇ ਨਾਲ ਰਲਾ ਕੇ ਦੇਖਣਾ ਸ਼ੁਰੂ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਜਾਂਚ 'ਚ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਹਮਲਾ ਨਹੀਂ ਹੈ ਸਿਰਫ਼ ਇਕ ਹਾਦਸਾ ਹੈ। ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਗਈ ਹੈ।