ਆਮਦਨੀ ਵਧਾਉਣ ਤੇ ਮਾਫ਼ੀਆ ਭਜਾਉਣ ਲਈ ਸਰਕਾਰੀ ਸ਼ਰਾਬ ਨਿਗਮ ਹੀ ਇੱਕ ਮਾਤਰ ਹੱਲ-ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਜਾਇਜ ਸ਼ਰਾਬ ਬਾਰੇ ਸਿੱਟ ਅਤੇ ਸੁਧਾਰ ਗਰੁੱਪ ਦੇ ਗਠਨ ਨੂੰ ‘ਆਪ’ ਨੇ ਡਰਾਮਾ ਕਰਾਰ ਦਿੱਤਾ

Harpal Singh Cheema

ਚੰਡੀਗੜ੍ਹ 7 ਜੂਨ 2020 : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਦੇ ਨਾਂਅ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਜਾਂਚ ਟੀਮ (ਸਿੱਟ) ਅਤੇ ਆਬਕਾਰੀ ਸੁਧਾਰ ਗਰੁੱਪ ਦੇ ਗਠਨਾਂ ਨੂੰ ਮਹਿਜ਼ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਸ਼ਰਾਬ ਤੋਂ ਸਰਕਾਰੀ ਆਮਦਨ ਵਧਾਉਣ ਅਤੇ ਮਾਫ਼ੀਆ ਭਜਾਉਣ ਲਈ ਸਰਕਾਰੀ ਸ਼ਰਾਬ ਨਿਗਮ (ਲੀਕਰ ਕਾਰਪੋਰੇਸ਼ਨ) ਹੀ ਇੱਕ ਮਾਤਰ ਠੋਸ ਹੱਲ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਪਿਛਲੀ ਬਾਦਲ ਸਰਕਾਰ ਦੇ ਨਕਸ਼ੇ-ਕਦਮ ‘ਤੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਵੀ ਬਹੁਭਾਂਤੀ ਮਾਫ਼ੀਏ ਦੀ ਸਿੱਧੀ ਪੁਸ਼ਤ ਪਨਾਹੀ ਕਰ ਰਹੇ ਹਨ।

ਜੇਕਰ ਅਜਿਹਾ ਨਾ ਹੁੰਦਾ ਤਾਂ ਕਿਸੇ ਦੀ ਕੀ ਮਜਾਲ ਹੈ ਕਿ ਮੁੱਖ ਮੰਤਰੀ ਦੇ ਮਹਿਕਮਿਆਂ ‘ਚ ਅਰਬਾਂ ਰੁਪਏ ਦੀ ਲੁੱਟ-ਖਸੁੱਟ ਮਚਾ ਦੇਵੇ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼ਰਾਬ ਦੀ ਨਜਾਇਜ਼ ਵਿੱਕਰੀ ਅਤੇ ਤਸਕਰੀ ਦੇ ਸੰਬੰਧ ‘ਚ ਪਹਿਲਾਂ ਆਪਣੇ ਚਹੇਤੇ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਸਿੱਟ) ਅਤੇ ਹੁਣ ਸੁੱਖ ਸਰਕਾਰੀਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ 5 ਮੈਂਬਰੀ ਆਬਕਾਰੀ ਸੁਧਾਰ ਗਰੁੱਪ ਦਾ ਗਠਨ ਆਮ ਲੋਕਾਂ ਦੀਆਂ ਅੱਖਾਂ ‘ਚ ਘੱਟਾ (ਆਈਵਾਸ਼) ਪਾਉਣ ਦੀ ਕੋਸ਼ਿਸ਼ ਤੋਂ ਵੱਧ ਕੁੱਝ ਨਹੀਂ ਹੈ। ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਦੀ ਸਿਆਸੀ ਅਤੇ ਨਿੱਜੀ ਇੱਛਾ ਸ਼ਕਤੀ ਰੱਖਦੇ ਹੁੰਦੇ ਤਾਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਤਾਮਿਲਨਾਡੂ ਸਰਕਾਰ ਦੀ ਤਰਜ ‘ਤੇ ਸੱਤਾ ਸੰਭਾਲਦਿਆਂ ਹੀ ਸਰਕਾਰੀ ਸ਼ਰਾਬ ਨਿਗਮ ਬਣਾ ਦਿੰਦੇ।

ਜਿਸ ਨਾਲ ਨਾ ਕੇਵਲ ਆਬਕਾਰੀ ਆਮਦਨੀ ‘ਚ ਕਈ ਗੁਣਾ ਵਾਧਾ ਹੁੰਦਾ, ਸਗੋਂ ਸ਼ਰਾਬ ਮਾਫ਼ੀਆ ਵੱਲੋਂ ਸਰਕਾਰੀ ਖ਼ਜ਼ਾਨੇ ਦੀ ਲੁੱਟ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਵੀ ਪੱਕੇ ਤੌਰ ‘ਤੇ ਬੰਦ ਹੋ ਗਿਆ ਹੁੰਦਾ। ਅਮਨ ਅਰੋੜਾ ਨੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਬਕਾਰੀ ਸੁਧਾਰ ਗਰੁੱਪ ਦਾ ਗਠਨ ਨਿਰੋਲ ਲੋਕ ਦਿਖਾਵਾ ਹੈ, ਅੰਤ ਨੂੰ ਨਤੀਜਾ ਜ਼ੀਰੋ ਨਿਕਲੇਗਾ, ਪਰੰਤੂ ਦੋ ਹੋਰ ਮਹਿਕਮਿਆਂ ਦੇ ਵਜ਼ੀਰਾਂ ਥੱਲੇ ਆਬਕਾਰੀ ਸੁਧਾਰ ਗਰੁੱਪ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਆੱਨ ਰਿਕਾਰਡ ਕਬੂਲ ਕਰ ਲਿਆ ਹੈ ਕਿ ਆਬਕਾਰੀ ਮੰਤਰਾਲਾ ਸਹੀ ਢੰਗ ਨਾਲ ਚਲਾਉਣਾ ਕੈਪਟਨ ਸਾਬ ਦੇ ਵੱਸ ਦੀ ਗੱਲ ਨਹੀਂ ਰਹੀ। ਮੁੱਖ ਮੰਤਰੀ ਆਪਣੀ ਨਿਕੰਮੀ ਅਗਵਾਈ ਕਾਰਨ ਪੈਦਾ ਹੋਏ ਵਿਗਾੜਾਂ ਨੂੰ ਖ਼ੁਦ ਦਰੁਸਤ ਕਰਨ ਦੀ ਕਾਬਲੀਅਤ ਖੋ ਬੈਠੇ ਹਨ।

ਅਮਨ ਅਰੋੜਾ ਨੇ ਨਾਲ ਹੀ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਇਹ ਵੀ ਮੰਨ ਲੈਣਾ ਚਾਹੀਦਾ ਹੈ ਕਿ ਬਿਜਲੀ ਮੰਤਰਾਲਾ ਅਤੇ ਖੇਤੀਬਾੜੀ ਮੰਤਰਾਲਾ ਚਲਾਉਣਾ ਵੀ ਉਨਾਂ (ਮੁੱਖ ਮੰਤਰੀ) ਦੇ ਵੱਸ ਤੋਂ ਬਾਹਰ ਹੈ। ਜਿਸ ਕਾਰਨ ਬਾਦਲਾਂ ਵੱਲੋਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਨਜਾਇਜ਼ ਮਹਿੰਗੇ ਅਤੇ ਇਕਪਾਸੜ ਬਿਜਲੀ ਖ਼ਰੀਦ ਸਮਝੌਤਿਆਂ (ਪੀਪੀਏਜ਼) ਕਾਰਨ ਸਰਕਾਰ ਅਤੇ ਲੋਕਾਂ ਦੀ ਸਾਲਾਨਾ ਅਰਬਾਂ ਰੁਪਏ ਦੀ ਲੁੱਟ ਹੋ ਰਹੀ ਹੈ, ਉੱਥੇ ਖੇਤੀਬਾੜੀ ਮਹਿਕਮੇ ਅਧੀਨ ਹਜ਼ਾਰਾਂ ਕਰੋੜ ਦੇ ਤਾਜ਼ਾ ਬੀਜ ਘੁਟਾਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਆਬਕਾਰੀ ਮੰਤਰੀ ਵਜੋਂ ਹੀ ਫ਼ੇਲ ਨਹੀਂ ਹੋਏ ਸਗੋਂ ਖੇਤੀਬਾੜੀ ਅਤੇ ਬਿਜਲੀ ਮੰਤਰੀ ਵਜੋਂ ਵੀ ਪੂਰੀ ਤਰਾਂ ਨਖਿੱਧ ਮੰਤਰੀ ਸਾਬਤ ਹੋਏ ਹਨ।  ਅਮਨ ਅਰੋੜਾ ਨੇ ਸਟੇਟ ਲੀਕਰ ਕਾਰਪੋਰੇਸ਼ਨ ਨੂੰ ਸਮੇਂ ਦੀ ਲੋੜ ਕਰਾਰ ਦਿੰਦੇ ਹੋਏ ਕਿਹਾ ਕਿ 2017 ਦੇ ਆਪਣੇ ਪਲੇਠੇ ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰੀ ਸ਼ਰਾਬ ਨਿਗਮ ਦੀ ਵਕਾਲਤ ਕਰਦੇ ਹੋਏ ਕਿਹਾ ਸੀ

ਕਿ 2018 ‘ਚ ਸਰਕਾਰੀ ਸ਼ਰਾਬ ਨਿਗਮ ਦੀ ਸਥਾਪਨਾ ਕਰ ਦਿੱਤੀ ਜਾਵੇਗੀ, ਪਰੰਤੂ ਇੰਜ ਜਾਪਦਾ ਹੈ ਕਿ ਜਿਵੇਂ ਮਨਪ੍ਰੀਤ ਸਿੰਘ ਬਾਦਲ ਵੀ ਸ਼ਰਾਬ ਮਾਫ਼ੀਆ ਅੱਗੇ ਗੋਡੇ ਟੇਕ ਚੁੱਕੇ ਹਨ। ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਤਰਫੋਂ ਉਹ 2018, 2019 ਅਤੇ 2020 ‘ਚ ਲਗਾਤਾਰ ਤਿੰਨ ਸਾਲਾਂ ਤੋਂ ਸਰਕਾਰੀ ਸ਼ਰਾਬ ਨਿਗਮ ਦੀ ਸਥਾਪਨਾ ਲਈ ਪ੍ਰਾਈਵੇਟ ਮੈਂਬਰ ਬਿਲ ਲਿਆਉਂਦੇ ਰਹੇ ਹਨ, ਪਰੰਤੂ ਹਰ ਸਾਲ ਉਹ ਬਿਲ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤਾ ਜਾਂਦਾ ਹੈ। ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਆਪਣੇ ਆਖ਼ਰੀ ਸਾਲ ‘ਚ ਵੀ ਸਰਕਾਰੀ ਸ਼ਰਾਬ ਨਿਗਮ ਦੀ ਸਥਾਪਨਾ ਨਾ ਕਰ ਸਕੀ ਤਾਂ 2022 ‘ਚ ‘ਆਪ’ ਨੂੰ ਮੌਕਾ ਮਿਲਣ ‘ਤੇ ਪਹਿਲੇ ਸੈਸ਼ਨ ਦੌਰਾਨ ਹੀ ਸਰਕਾਰੀ ਸ਼ਰਾਬ ਨਿਗਮ ਦੀ ਸਥਾਪਨਾ ਕਰਕੇ ਸ਼ਰਾਬ ਮਾਫ਼ੀਆ ਦਾ ਸਿਰ ਕੁਚਲ ਦਿੱਤਾ ਜਾਵੇਗਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।