ਜੋ ਕੁੱਝ ਮੇਰੇ ਨਾਲ ਹੋਇਆ, ਕੋਈ ਹੋਰ ਹੁੰਦਾ ਤਾਂ ਖ਼ੁਦਕੁਸ਼ੀ ਕਰ ਲੈਂਦਾ : ਸੁਖਪਾਲ ਸਿੰਘ ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਲਕਾ ਭੁਲੱਥ ਤੋਂ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਮੁੜ ਕਾਂਗਰਸ ’ਚ ਸ਼ਾਮਲ ਹੋ ਗਏ।

Sukhpal khaira

ਚੰਡੀਗੜ੍ਹ: ਹਲਕਾ ਭੁਲੱਥ ਤੋਂ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਬੀਤੇ ਦਿਨੀਂ ਮੁੜ ਕਾਂਗਰਸ ’ਚ ਸ਼ਾਮਲ ਹੋ ਗਏ। ਇਸ ਮੌਕੇ ਸਪੋਕਸਮੈਨ ਟੀਵੀ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਸੁਖਪਾਲ ਸਿੰਘ ਖਹਿਰਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਵਾਲ : ਘਰ ਵਾਪਸੀ ਮਗਰੋਂ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ?
ਜਵਾਬ : ਮੈਂ ਇਹ ਫ਼ੈਸਲਾ ਕਾਫ਼ੀ ਸੋਚ-ਸਮਝ ਤੋਂ ਬਾਅਦ ਲਿਆ ਹੈ। ਇਹ ਰਾਤੋ-ਰਾਤ ਲਿਆ ਗਿਆ ਫ਼ੈਸਲਾ ਨਹੀਂ। ਸਾਲ 2019 ਤੋਂ ਬਾਅਦ ਮੈਂ ਪੰਜਾਬ ਡੈਮੋਕ੍ਰੇਟਿਕ ਗਠਜੋੜ ਬਣਾਇਆ ਸੀ ਅਤੇ ਕਾਫ਼ੀ ਵਧੀਆ-ਵਧੀਆ ਸ਼ਖ਼ਸੀਅਤਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ ਗਿਆ ਸੀ ਪਰ ਨਤੀਜਾ ਸਾਡੇ ਹੱਕ ’ਚ ਨਾ ਆਇਆ। ਮੈਂ ਇਸ ਗੱਲੋਂ ਹੈਰਾਨ ਸੀ ਕਿ ਬੀਬੀ ਖਾਲੜਾ ਨਾਲੋਂ ਬੀਬੀ ਜਗੀਰ ਕੌਰ ਨੂੰ ਵੱਧ ਵੋਟਾਂ ਪਈਆਂ ਸਨ। ਚੋਣਾਂ ਤੋਂ ਬਾਅਦ ਮੈਂ ਵਧੀਆ-ਵਧੀਆ ਆਗੂਆਂ ਨਾਲ ਮੀਟਿੰਗਾਂ 10-12 ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਇਕੱਠੇ ਹੋ ਕੇ ਚੋਣਾਂ ਲੜਨੀਆਂ ਪੈਣਗੀਆਂ। ਅਸੀਂ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਤਕ ਕਾਫ਼ੀ ਪਹੁੰਚ ਕੀਤੀ, ਪਰ ਸਾਡੀਆਂ ਕੋਸ਼ਿਸ਼ਾਂ ਕਾਮਯਾਬ ਨਾ ਹੋਈਆਂ। ਹਾਲਾਤ ਕਰ ਕੇ ਮੈਨੂੰ ਕਾਂਗਰਸ ’ਚ ਸ਼ਾਮਲ ਹੋਣ ਦਾ ਫ਼ੈਸਲਾ ਲੈਣਾ ਪਿਆ।

ਇਹ ਵੀ ਪੜ੍ਹੋ: ਮੁਸੀਬਤ ਵੇਲੇ ਨਹੀਂ ਛੱਡਿਆ ਹੌਂਸਲਾ, ਸਖ਼ਤ ਮਿਹਨਤ ਨਾਲ ਸ਼ੁਰੂ ਕੀਤਾ ਕੰਮ

ਸਵਾਲ : ਲੋਕ ਸਭਾ ਚੋਣਾਂ ’ਚ ਨਵੀਂ ਪਾਰਟੀ ਨੂੰ 11 ਫ਼ੀ ਸਦੀ ਵੋਟਾਂ ਮਿਲਣੀਆਂ ਮਾਮੂਲੀ ਗੱਲ ਨਹੀਂ ਹੁੰਦੀ। ਲੋਕ ਤੁਹਾਡੀ ਗਰਮਖ਼ਿਆਲੀ ਸੋਚ ਨੂੰ ਪਸੰਦ ਵੀ ਕਰਦੇ ਹਨ। ਤੁਸੀਂ ਕਈ ਵਾਰ ਕੈਪਟਨ-ਬਾਦਲ ’ਤੇ ਨਿਸ਼ਾਨੇ ਵੀ ਸਾਧੇ ਸਨ। ਇਸ ਸੱਭ ਦੇ ਬਾਵਜੂਦ ਤੁਹਾਨੂੰ ਕਾਂਗਰਸ ’ਚ ਆਉਣ ਦੀ ਲੋੜ ਹੀ ਕਿਉਂ ਪਈ?

ਜਵਾਬ : ਮੈਂ 25 ਸਾਲ ਪਹਿਲਾਂ ਅਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ। ਉਦੋਂ ਮੈਨੂੰ ਲੋਕ ਕਾਫ਼ੀ ਕੱੁਝ ਕਹਿੰਦੇ ਸਨ ਕਿ ਇਸ ’ਚ ਹੰਕਾਰ ਭਰਿਆ ਹੋਇਆ ਹੈ। ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਬਹੁਤ ਕੁਝ ਸਿਖਾਉਂਦੇ ਹਨ। ਇਨ੍ਹਾਂ ਸਾਰੇ ਤਜਰਬਿਆਂ ਤੋਂ ਮੈਂ ਇਹੀ ਸਿਖਿਆ ਹੈ ਕਿ ਕਿਸੇ ਪਾਰਟੀ ’ਚ ਰਹਿਣਾ ਬਹੁਤ ਜ਼ਰੂਰੀ ਹੈ। ਆਜ਼ਾਦ ਲੋਕ ਆਉਂਦੇ-ਜਾਂਦੇ ਰਹਿੰਦੇ ਹਨ। ਮੈਂ ਕਾਂਗਰਸ ਪਾਰਟੀ ’ਚ ਸ਼ਾਮਲ ਹੋਇਆ ਹਾਂ ਤਾਂ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਅਪਣੇ ਸੂਬੇ ਦੀ ਭਲਾਈ ਤੇ ਤਰੱਕੀ ਲਈ ਕੰਮ ਕਰਾਂ। ਮੇਰੇ ਅੱਗੇ ਦੋ ਆਪਸ਼ਨਾਂ ਸਨ। ਜਾਂ ਤਾਂ ਮੈਂ ਸਮਾਜ ਸੇਵੀ ਬਣ ਕੇ ਲੜਾਈ ਲੜਦਾ ਜਾਂ ਪਾਰਟੀ ’ਚ ਰਹਿ ਕੇ ਲੜਾਈ ਲੜਾਂ।

ਪੰਜਾਬ ਦੀ ਸਿਆਸਤ ’ਚ ਮੇਰੇ ਕੋਲ ਤਿੰਨ ਆਪਸ਼ਨਾਂ ਸਨ, ਜਿਵੇਂ ਪਹਿਲੇ ਨੰਬਰ ’ਤੇ ਭਾਜਪਾ। ਪਰ ਭਾਜਪਾ ਨੂੰ ਅੱਜ ਹਰ ਪੰਜਾਬੀ ਨਫ਼ਰਤ ਕਰਦਾ ਹੈ, ਕਿਉਂਕਿ ਉਨ੍ਹਾਂ ਨੇ ਜੋ ਕਿਸਾਨਾਂ ਨਾਲ ਵਿਵਹਾਰ ਕੀਤਾ ਹੈ, ਉਹ ਕਦੇ ਵੀ ਭੁਲਾਇਆ ਜਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ। ਇਸ ਪਾਰਟੀ ਨਾਲ ਸਾਡਾ ਪਰਵਾਰ ਸ਼ੁਰੂ ਤੋਂ ਜੁੜਿਆ ਰਿਹਾ ਹੈ ਪਰ ਮੌਜੂਦਾ ਸਮੇਂ ਇਸ ਪਾਰਟੀ ਦੀ ਬਦਕਿਸਮਤੀ ਇਹ ਹੈ ਕਿ ਇਸ ’ਤੇ ਸਿਰਫ਼ ਇਕੋ ਪਰਵਾਰ ਦਾ ਕਬਜ਼ਾ ਹੈ। ਇਹ ਪਾਰਟੀ ਹੁਣ ਵਪਾਰਕ ਅਦਾਰਾ ਬਣ ਕੇ ਰਹਿ ਗਈ ਹੈ। ਇਨ੍ਹਾਂ ਨੇ ਦੁਰਵਰਤੋਂ ਕਰਨ ’ਚ ਅਕਾਲ ਤਖ਼ਤ ਸਾਹਿਬ ਤਕ ਨੂੰ ਨਾ ਛਡਿਆ। ਇਸ ਤੋਂ ਬਾਅਦ ਅੰਤਮ ਪਾਰਟੀ ਹੈ ਆਮ ਆਦਮੀ ਪਾਰਟੀ। ਮੈਂ ਅਪਣਾ ਸੱਭ ਕੁੱਝ ਛੱਡ ਕੇ ’ਆਪ’ ’ਚ ਸ਼ਾਮਲ ਹੋਇਆ ਸੀ। ਪਰ ‘ਆਪ’ ’ਚ ਮੇਰਾ ਅਪਮਾਨ ਕੀਤਾ ਗਿਆ।

ਇਹ ਵੀ ਪੜ੍ਹੋ: ਗੁਰੂ ਗ੍ਰੰਥ ਸਾਹਿਬ ਦੇ ਜ਼ਖ਼ਮੀ ਸਰੂਪ ਵੇਖ ਕੇ ਭਾਵੁਕ ਹੋਈ ਸੰਗਤ, ਧਾਹਾਂ ਮਾਰ ਰੋਈਆਂ ਸਿੱਖ ਬੀਬੀਆਂ

ਉਨ੍ਹਾਂ ਨੇ ਮੈਨੂੰ ਦੁੱਧ ’ਚੋਂ ਮੱਖੀ ਵਾਂਗ ਕੱਢ ਕੇ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਤੋਂ ਲਾਹ ਦਿਤਾ ਸੀ। ਐਚਐਸ ਫੂਲਕਾ ਦੇ ਅਸਤੀਫ਼ੇ ਮਗਰੋਂ 19 ਵਿਧਾਇਕਾਂ ਨੇ ਫ਼ੈਸਲਾ ਕਰ ਲਿਆ ਸੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਜਾਵੇਗਾ। ਸਾਨੂੰ ਦਿੱਲੀ ਸੱਦਿਆ ਗਿਆ ਅਤੇ ਅਰਵਿੰਦ ਕੇਜਰੀਵਾਲ ਨੇ ਇਕੱਲੇ-ਇਕੱਲੇ ਨਾਲ ਗੱਲਬਾਤ ਕੀਤੀ ਸੀ। ਉਹ ਮੇਰੇ ਨਾਲ ਬਹਿਸਬਾਜ਼ੀ ਕਰਨ ਲੱਗੇ ਕਿ ਤੁਸੀਂ ਮੇਰੇ ਵਿਰੁਧ ਇਹ-ਇਹ ਬਿਆਨ ਦਿਤੇ ਹਨ। ਮੈਂ ਸਪੱਸ਼ਟ ਕਿਹਾ ਕਿ ਤੁਸੀਂ ਟਿਕਟਾਂ ਦੀ ਗ਼ਲਤ ਵੰਡ ਕੀਤੀ। ਤੁਸੀਂ ਫੂਲਕਾ ਨੂੰ ਹੀ ਮੁੱਖ ਮੰਤਰੀ ਉਮੀਦਵਾਰ ਬਣਾ ਦਿੰਦੇ। ਉਦੋਂ ਸੰਜੇ ਸਿੰਘ ਨੇ ਸਾਡੀ ਬਹਿਸਬਾਜ਼ੀ ਨੂੰ ਰੋਕਿਆ ਸੀ।

ਕੇਜਰੀਵਾਲ ਦੇ ਅੰਤਮ ਸ਼ਬਦ ਸਨ - ‘ਖਹਿਰਾ ਜੀ ਜੇ ਮੇਰੇ ਵੱਸ ’ਚ ਹੁੰਦਾ ਮੈਂ ਤੁਹਾਨੂੰ ਕਦੇ ਵੀ ਵਿਰੋਧੀ ਧਿਰ ਦਾ ਆਗੂ ਨਾ ਬਣਾਉਂਦਾ।” ਉਨ੍ਹਾਂ ਨੂੰ ਮੌਕਾ ਨਹੀਂ ਮਿਲ ਰਿਹਾ ਸੀ ਕਿ ਕਿਵੇਂ ਮੈਨੂੰ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਤੋਂ ਉਤਾਰਿਆ ਜਾਵੇ। ਆਖ਼ਰ ਉਨ੍ਹਾਂ ਨੇ ਬਹਾਨਾ ਲੱਭ ਲਿਆ ਕਿ ਕਿਸੇ ਦਲਿਤ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ, ਗੁਰਪ੍ਰੀਤ ਸਿੰਘ ਘੁੱਗੀ ਨੂੰ ਸ਼ਿਕਾਰ ਬਣਾਇਆ ਅਤੇ ਪਾਰਟੀ ’ਚੋਂ ਕੱਢ ਦਿਤਾ। ਅੰਤ ’ਚ ਮੇਰੇ ਕੋਲ ਆਪਸ਼ਨ ਤਾਂ ਸਿਰਫ਼ ਕਾਂਗਰਸ ਪਾਰਟੀ ਦੀ ਹੀ ਬਚੀ ਸੀ। ਮੈਨੂੰ ਕਾਂਗਰਸ ’ਚ ਸਾਰੇ ਜਾਣਦੇ ਹਨ ਅਤੇ ਕਈਆਂ ਨਾਲ ਵਧੀਆ ਰਿਸ਼ਤੇ ਵੀ ਹਨ। ਮੇਰਾ ਕੰਮ ਅਪਣੇ ਭੁਲੱਥ ਹਲਕੇ ਦੇ ਲੋਕਾਂ ਦੀ ਆਵਾਜ਼ ਸੁਣਨਾ ਹੈ, ਨਾ ਕਿ ਸੋਸ਼ਲ ਮੀਡੀਆ ’ਤੇ ਬੈਠੇ ਲੋਕਾਂ ਵਲੋਂ ਗਾਲ੍ਹਾਂ ਕੱਢਣ ਵਾਲਿਆਂ ਦੀ।

ਸਵਾਲ : ਜੇ ਤੁਸੀ ਕਹਿੰਦੇ ਹੋ ਕਿ ਆਪ ਦਾ ਹਾਈਕਮਾਨ ਕਾਫ਼ੀ ਮਜ਼ਬੂਤ ਹੈ ਤਾਂ ਕਾਂਗਰਸ ’ਚ ਵੀ ਤਾਂ ਉਹੀ ਹਾਲ ਹੈ।
ਜਵਾਬ : ਆਮ ਆਦਮੀ ਪਾਰਟੀ ’ਚ ਸਿਰਫ਼ ਅਰਵਿੰਦ ਕੇਜਰੀਵਾਲ ਹੀ ਸਾਰੇ ਫ਼ੈਸਲੇ ਲੈਂਦਾ ਹੈ। ਉਹ ਇਕੱਲਾ ਹੀ ਪਾਰਟੀ ਨੂੰ ਚਲਾ ਰਿਹਾ ਹੈ। ਜਿਹੜਾ ਵੀ ਵਿਰੋਧ ਕਰਦਾ ਹੈ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਜਾਂਦਾ ਹੈ। ਮੈਨੂੰ ਕਿਸੇ ਪੱਤਰਕਾਰ ਦੋਸਤ ਨੇ 2017 ਚੋਣਾਂ ਤੋਂ 4-5 ਮਹੀਨੇ ਪਹਿਲਾਂ ਹੀ ਕਹਿ ਦਿਤਾ ਸੀ ਕਿ ਤੁਸੀਂ ਹਾਰ ਜਾਉਗੇ। ਮੈਂ ਪੁੱਛਿਆ ਸੀ ਕਿਵੇਂ? ਉਸ ਨੇ ਕਿਹਾ ਸੀ ਕਿ ਕੇਜਰੀਵਾਲ ਕੋਲ ਦੋ ਆਪਸ਼ਨਾਂ ਹਨ - ਪਹਿਲੀ ਕਿ ਪਾਰਟੀ ਉੱਤੇ ਉਸ ਦਾ ਪੂਰਾ ਕੰਟਰੋਲ ਹੋਵੇ ਅਤੇ ਦੂਜਾ ਪਾਰਟੀ ਨੂੰ ਅਜ਼ਾਦੀ ਨਾਲ ਕੰਮ ਕਰਨ ਦੇਵੇ ਤੇ ਸਰਕਾਰ ਬਣਾਏ ਪਰ ਕੇਜਰੀਵਾਲ ਨੇ ਪਾਰਟੀ ਉਤੇ ਉਸ ਦਾ ਪੂਰਾ ਕੰਟਰੋਲ ਹੋਵੇ ਵਾਲੀ ਆਪਸ਼ਨ ਨੂੰ ਚੁਣਿਆ।

ਆਮ ਆਦਮੀ ਪਾਰਟੀ ਨੇ 250 ਲੋਕ ਇੰਚਾਰਜ ਬਣਾ ਕੇ ਹਰ ਹਲਕੇ ’ਚ ਭੇਜੇ ਸਨ। ਟਿਕਟਾਂ ਦੀ ਵੰਡ ਦਾ ਪੂਰਾ ਕੰਮ ਦੁਰਗੇਸ਼ ਅਤੇ ਸੰਜੇ ਸਿੰਘ ਦੇ ਹੱਥ ’ਚ ਸੀ। ਕੇਜਰੀਵਾਲ ਖ਼ੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ, ਇਸੇ ਕਰ ਕੇ ਉਸ ਨੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ। ਮੈਂ ਕੇਜਰੀਵਾਲ ਨੂੰ ਕਹਿੰਦਾ ਸੀ ਕਿ ਤੁਸੀਂ ਪੰਜਾਬ ਦੀ ਲੀਡਰਸ਼ਿਪ ਨੂੰ ਅਧਿਕਾਰ ਦਿਉ ਕਿ ਉਹ ਇਥੋਂ ਦੇ ਮੁੱਦਿਆਂ ਬਾਰੇ ਖ਼ੁਦ ਫ਼ੈਸਲਾ ਕਰਨ।

ਭਗਵੰਤ ਮਾਨ ਕੋਲ ਵੀ ਕੋਈ ਅਧਿਕਾਰ ਨਹੀਂ, ਇਸੇ ਕਰ ਕੇ 22 ਜ਼ਿਲ੍ਹਿਆਂ ’ਚ ਦਫ਼ਤਰ ਨਹੀਂ ਖੋਲ੍ਹ ਸਕੇ, ਨਾ ਹੀ ਇਨ੍ਹਾਂ ਦੀ ਕੋਈ ਵਰਕਿੰਗ ਕਮੇਟੀ ਹੈ। ਕੋਈ ਵੀ ਵੱਡਾ ਫ਼ੈਸਲਾ ਲੈਣ ਦਾ ਅਧਿਕਾਰ ਇਨ੍ਹਾਂ ਕੋਲ ਨਹੀਂ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਪੂਰਾ ਅਧਿਕਾਰ ਹੈ ਕਿ ਉਹ ਅਪਣਾ ਢਾਂਚਾ ਕਾਇਮ ਕਰ ਸਕੇ। ਕਦੇ ਹਾਈ ਕਮਾਨ ਦਖ਼ਲਅੰਦਾਜ਼ੀ ਨਹੀਂ ਕਰਦਾ, ਕੀ ਕੌਣ ਜ਼ਿਲ੍ਹੇ ਦਾ ਪ੍ਰਧਾਨ ਹੋਵੇਗਾ, ਕੌਣ ਵਰਕਿੰਗ ਕਮੇਟੀ ’ਚ? ਕਾਂਗਰਸ ਅਤੇ ਕੇਜਰੀਵਾਲ ਦੀ ਖ਼ੁਦਮੁਖਤਿਆਰੀ ’ਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। 

ਇਹ ਵੀ ਪੜ੍ਹੋ: ਪਾਕਿਸਤਾਨ 'ਚ ਵਾਪਰਿਆ ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਦੋ ਰੇਲ ਗੱਡੀਆਂ, 30 ਮੌਤਾਂ

ਸਵਾਲ : ਤੁਸੀ ਨਵੀਂ ਪਾਰਟੀ ਬਣਾ ਕੇ ਵਧੀਆ ਉਮੀਦਵਾਰਾਂ ਨੂੰ ਖੜਾ ਕੀਤਾ, ਪਰ ਉਹ ਜਿੱਤ ਕਿਉਂ ਨਾ ਸਕੇ?

ਜਵਾਬ : ਅਸੀਂ ਲੋਕ ਸਭਾ ਚੋਣਾਂ ’ਚ 11 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ ਅਤੇ ਇਸ ਨੂੰ ਅੱਗੇ ਵੀ ਜਾਰੀ ਰਖਣਾ ਚਾਹੁੰਦੇ ਸੀ। ਇਸ ਮਗਰੋਂ ਦੋ ਜ਼ਿਮਨੀ ਚੋਣਾਂ ਦਾਖਾ ਅਤੇ ਫਗਵਾੜਾ ਦੀਆਂ ਆਈਆਂ। ਸਾਡੇ ਗਠਜੋੜ ’ਚ ਇਕ ਧਿਰ ਅਜਿਹੀ ਸੀ, ਜਿਸ ਦਾ ਕਹਿਣਾ ਸੀ ਕਿ ਉਹ ਦੋਵੇਂ ਸੀਟਾਂ ’ਤੇ ਖ਼ੁਦ ਲੜਨਾ ਚਾਹੁੰਦੀ ਹੈ। ਉਨ੍ਹਾਂ ਨੇ ਅਜਿਹਾ ਜਾਣਬੁੱਝ ਕੇ ਕੀਤਾ ਤਾਂ ਜੋ ਗਠਜੋੜ ਟੁੱਟ ਜਾਵੇ। ਇਸੇ ਕਾਰਨ ਗਠਜੋੜ ਟੁੱਟਿਆ। 

ਸਵਾਲ : ਆਮ ਲੋਕ ਚਾਹੁੰਦੇ ਹਨ ਕਿ ਸਿਆਸਤ ’ਚ ਬਦਲਾਅ ਆਵੇ। ਤੁਸੀ ਅਜਿਹਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਹੁਣ ਮੁੜ ਕਾਂਗਰਸ ’ਚ ਸ਼ਾਮਲ ਹੋ ਗਏ? ਜਦਕਿ ਤੁਸੀਂ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ’ਤੇ ਕਾਂਗਰਸ ਸਰਕਾਰ ਵਿਰੁਧ ਸਵਾਲ ਚੁਕਦੇ ਰਹੇ ਹੋ।

ਜਵਾਬ : ਵੋਟਰ ਅੱਜ ਵੀ ਰਵਾਇਤੀ ਪਾਰਟੀਆਂ ਨਾਲ ਖੜੇ ਹਨ, ਉਹ ਬਦਲਾਅ ਨਹੀਂ ਚਾਹੁੰਦੇ। 2019 ਚੋਣਾਂ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ। ਵਧੀਆ ਉਮੀਦਵਾਰ ਖੜੇ ਕਰਨ ਦੇ ਬਾਵਜੂਦ ਲੋਕ ਰਵਾਇਤੀ ਪਾਰਟੀਆਂ ਨੂੰ ਹੀ ਪਸੰਦ ਕਰਦੇ ਹਨ। ਮੇਰਾ ਇਹੀ ਮੰਨਣਾ ਹੈ ਕਿ ਪੰਜਾਬ ਦਾ ਚੌਥਾ ਹਿੱਸਾ ਲੋਕ ਜ਼ਰੂਰ ਬਦਲਾਅ ਚਾਹੁਦੇ ਹਨ ਪਰ ਬਾਕੀ ਤਿੰਨ ਹਿੱਸੇ ਬਦਲਾਅ ਨਹੀਂ ਚਾਹੁੰਦੇ। 2017 ’ਚ ਅਕਾਲੀ ਦਲ ਦਾ ਪ੍ਰਦਰਸ਼ਨ ਸੱਭ ਤੋਂ ਮਾੜਾ ਸੀ ਅਤੇ ਸਿਰਫ਼ 15 ਸੀਟਾਂ ਆਈਆਂ ਪਰ ਵੋਟ ਫ਼ੀਸਦ 26 ਫ਼ੀ ਸਦੀ ਸੀ।

ਕਾਂਗਰਸ ਦਾ 1997 ’ਚ ਸੱਭ ਤੋਂ ਖ਼ਰਾਬ ਪ੍ਰਦਰਸ਼ਨ ਸੀ, ਉਦੋਂ ਸਿਰਫ਼ 14 ਸੀਟਾਂ ਮਿਲੀਆਂ ਸਨ ਪਰ ਵੋਟ ਫ਼ੀ ਸਦ 31 ਫ਼ੀ ਸਦੀ ਸੀ। ਇਨ੍ਹਾਂ ਲੋਕਾਂ ਨੂੰ ਅਪਣੀਆਂ ਪੱਕੀਆਂ ਵੋਟਾਂ ਮਿਲਦੀਆਂ ਹੀ ਮਿਲਦੀਆਂ ਹਨ, ਉਹ ਘੱਟ ਨਹੀਂ ਹੁੰਦੀਆਂ। ਚੌਥੇ ਹਿੱਸੇ ’ਚ ਉਹੀ ਵੋਟਰ ਬਚਦੇ ਹਨ, ਜੋ ਇਨਕਲਾਬ ਤੇ ਬਦਲਾਅ ਚਾਹੁੰਦੇ ਹਨ। ਇਹ ਇਨਕਲਾਬੀ ਲੋਕ, ਕਿਸਾਨ ਅੰਦੋਲਨ ਦਾ ਵੀ ਸਮਰਥਨ ਕਰ ਰਹੇ ਹਨ।

ਇਹ ਵੀ ਪੜ੍ਹੋ: Delhi Unlock: ਸੀਮਤ ਰਿਆਇਤਾਂ ਦੇ ਨਾਲ ਫਿਰ ਖੁੱਲ੍ਹਣਗੇ ਬਾਜ਼ਾਰ, ਪਟੜੀ ’ਤੇ ਦੌੜੇਗੀ ਮੈਟਰੋ

ਸਵਾਲ : ਸਾਰੇ ਲੋਕ ਚਾਹੁੰਦੇ ਹਨ ਬੇਅਦਬੀ ਮਾਮਲੇ ’ਚ ਇਨਸਾਫ਼ ਮਿਲੇ, ਨਸ਼ਾਖੋਰੀ ਖ਼ਤਮ ਹੋਵੇ, ਤੁਸੀਂ ਕੀ ਕਹੋਗੇ?

ਜਵਾਬ : ਮੈਂ ਇਮਾਨਦਾਰੀ ਨਾਲ ਕਹਾਂ, ਤਾਂ ਇਹ ਗੱਲਾਂ ਸੁਖਾਲੀਆਂ ਨਹੀਂ। ਜੇ ਨਸ਼ੇ ਨੂੰ ਕੋਈ ਸਰਕਾਰ ਕੰਟਰੋਲ ਕਰ ਦੇਵੇ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ। ਬਾਦਲਾਂ ਨੇ ਬੇਅਦਬੀ ਦੇ ਮੁੱਦੇ ਨੂੰ ਇੰਨਾ ਗੁੰਝਲਦਾਰ ਬਣਾ ਕੇ ਰੱਖ ਦਿਤਾ ਜਿਵੇਂ ਐਸਆਈਟੀ, ਸੀਬੀਆਈ ਅਤੇ ਜ਼ੋਰਾ ਸਿੰਘ ਕਮਿਸ਼ਨ ਬਣਾ ਦਿਤਾ। ਇਸੇ ਕਾਰਨ ਇਹ ਮੁੱਦਾ ਇੰਨੀ ਦੇਰ ਲਟਕਦਾ ਰਿਹਾ। ਇਹ ਮੁੱਦਾ ਸੁਲਝਾਉਣਾ ਬਹੁਤਾ ਸੌਖਾ ਨਹੀਂ। ਬੇਅਦਬੀ ਉਦੋਂ ਹੀ ਹੋ ਗਈ ਸੀ, ਜਦੋਂ ਸਾਲ 2012 ਦੀਆਂ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸੌਦਾ ਸਾਧ ਦੀ ਪੁਸ਼ਾਕ ਵਾਲੇ ਮਾਮਲੇ ਨੂੰ ਬਠਿੰਡਾ ਸੈਸ਼ਨ ਜੱਜ ਕੋਲੋਂ ਰੱਦ ਕਰਵਾਇਆ ਸੀ। ਇਸੇ ਕਾਰਨ ਡੇਰੇ ਨੇ 2012 ’ਚ ਅਕਾਲੀਆਂ ਨੂੰ ਵੋਟਾਂ ਪਾਈਆਂ।

ਇਸ ਮਗਰੋਂ ਸਿੱਖਾਂ ’ਚ ਭਾਰੀ ਰੋਸ ਸੀ। ਜਦੋਂ ਸੌਦਾ ਸਾਧ ਦੀ ਫ਼ਿਲਮ ਆਈ ਤਾਂ ਪੂਰੇ ਦੇਸ਼ ’ਚ ਰਿਲੀਜ਼ ਹੋਈ, ਪਰ ਪੰਜਾਬ ’ਚ ਨਹੀਂ। ਇਸ ਮਗਰੋਂ ਬਾਦਲਾਂ ਨੇ ਪੰਜਾਬ ’ਚ ਫ਼ਿਲਮ ਨੂੰ ਰਿਲੀਜ਼ ਕਰਵਾਉਣ ਦਾ ਬੀੜਾ ਚੁੱਕਿਆ ਅਤੇ 16 ਸਤੰਬਰ 2015 ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਜਥੇਦਾਰ ਦਮਦਮਾ ਸਾਹਿਬ ਨੂੰ ਅਪਣੇ ਘਰ ਬੁਲਾਇਆ ਅਤੇ ਆਦੇਸ਼ ਦਿਤਾ ਕਿ ਤੁਸੀਂ ਸੌਦਾ ਸਾਧ ਨੂੰ ਪੁਸ਼ਾਕ ਮਾਮਲੇ ’ਚ ਮਾਫ਼ੀ ਦੇਣੀ ਹੈ। ਇਨ੍ਹਾਂ ਜਥੇਦਾਰਾਂ ਨੇ 24 ਸਤੰਬਰ 2015 ਨੂੰ ਸੌਦਾ ਸਾਧ ਨੂੰ ਮਾਫ਼ੀਨਾਮਾ ਜਾਰੀ ਕੀਤਾ ਅਤੇ 25 ਸਤੰਬਰ 2015 ਨੂੰ ਸੌਦਾ ਸਾਧ ਦੀ ਫ਼ਿਲਮ ਪੰਜਾਬ ’ਚ ਵੀ ਰਿਲੀਜ਼ ਹੋ ਗਈ। ਇਸੇ ਕਾਰਨ ਡੇਰਾ ਪ੍ਰੇਮੀ ਭੜਕ ਗਏ ਅਤੇ ਉਨ੍ਹਾਂ ਨੇ ਪੋਸਟਰ ਛਾਪ ਕੇ ਚਿਤਾਵਨੀ ਦਿਤੀ ਸੀ ਕਿ ਅਸੀਂ ਤੁਹਾਡੇ ਗੁਰੂ ਨੂੰ ਚੁੱਕ ਕੇ ਲੈ ਜਾਵਾਂਗੇ।

ਸਵਾਲ : ਹਾਈ ਕੋਰਟ ਨੇ ਤਾਂ ਕਹਿ ਦਿਤਾ ਹੈ ਕਿ ਇਸ ’ਚ ਡੇਰੇ ਦਾ ਕੋਈ ਹੱਥ ਨਹੀਂ ਹੈ?

ਜਵਾਬ : ਹੁਣ ਤਕ ਜਿਹੜੀ ਵੀ ਜਾਂਚ ਹੋਈ, ਉਹ ਸੱਭ ਧੋਖੇਬਾਜ਼ੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ’ਚ ਕਿਵੇਂ ਹਾਈ ਕੋਰਟ ਨੇ ਇੰਨੀਆਂ ਸਾਰੀਆਂ ਗ਼ਲਤੀਆਂ ਲੱਭ ਲਈਆਂ ਕਿ ਇਹ ਮਾਮਲਾ ਕਮਜ਼ੋਰ ਪੈ ਗਿਆ? ਢਾਈ ਸਾਲ ਜਾਂਚ ਹੋਈ ਅਤੇ ਫਿਰ ਵੀ ਨਤੀਜਾ ਨਾ ਨਿਕਲਿਆ। ਇਹ ਜਾਂਚ ਤਾਂ ਸਿਰਫ਼ 6 ਮਹੀਨਿਆਂ ’ਚ ਪੂਰੀ ਹੋ ਜਾਣੀ ਚਾਹੀਦੀ ਸੀ। ਇਨ੍ਹਾਂ ਨੂੰ ਕੋਈ ਠੋਸ ਚਲਾਨ ਪੇਸ਼ ਕਰਨਾ ਚਾਹੀਦਾ ਸੀ। 9 ਚਲਾਨ ਪੇਸ਼ ਕਰਨ ਦੀ ਬਜਾਏ ਇਕ ਚਲਾਨ ਪੇਸ਼ ਕਰਦੇ। 

ਸਵਾਲ : ਲੋਕ ਕਹਿ ਰਹੇ ਹਨ ਕਿ ਤੁਸੀਂ ਅਪਣੇ ਕੇਸ ਰੱਦ ਕਰਵਾਉਣ ਲਈ ਕਾਂਗਰਸ ’ਚ ਆਏ ਹੋ?

ਜਵਾਬ : ਜਿਹੜੇ ਮੇਰੇ ਵਿਰੁਧ ਐਨਡੀਪੀਐਸ ਦਾ ਕੇਸ ਹੈ, ਉਹ ਅਦਾਲਤ ’ਚ ਹੈ। ਉਸ ਮਾਮਲੇ ’ਚ ਮੈਨੂੰ ਸੰਮਨ ਅਦਾਲਤ ਨੇ ਭੇਜਿਆ ਸੀ। ਉਸ ਸੰਮਨ ’ਤੇ ਸੁਪਰੀਮ ਕੋਰਟ ਨੇ ਰੋਕ ਲਗਾਈ ਹੋਈ ਹੈ। ਈਡੀ ਨੇ ਉਸ ਆਧਾਰ ’ਤੇ ਜਿਹੜੀ ਮੇਰੇ ਵਿਰੁਧ ਕਾਰਵਾਈ ਕੀਤੀ, ਉਹ ਗ਼ਲਤ ਸੀ, ਕਿਉਂਕਿ ਸੁਪਰੀਮ ਕੋਰਟ ਨੇ ਰੋਕ ਲਗਾਈ ਹੋਈ ਸੀ। ਮੌਜੂਦਾ ਸਮੇਂ ਮੈਂ ਈਡੀ ਦੀ ਕਾਰਵਾਈ ਵਿਰੁੱਧ ਹਾਈਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਅਦਾਲਤ ਦੀ ਕਾਰਵਾਈ ’ਚ ਪੰਜਾਬ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ।

ਸਵਾਲ : ਕੀ ਕਾਂਗਰਸ ’ਚ ਤੁਹਾਡੀ ਵਾਪਸੀ ਨੂੰ ਪਿਛਲੇ ਸਮੇਂ ’ਚ ਮਿਲੀ ਨਿਰਾਸ਼ਾ ਕਿਹਾ ਜਾ ਸਕਦਾ ਹੈ?

ਜਵਾਬ : ਮੈਂ ਸਾਫ਼ ਤੌਰ ’ਤੇ ਕਹਿਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ’ਚ ਜਾਣਾ ਮੇਰੀ ਬਹੁਤ ਵੱਡੀ ਗ਼ਲਤੀ ਸੀ। ਮੈਨੂੰ ਇਨ੍ਹਾਂ ਦੀ ਅੰਦਰਲੀ ਪਾਰਟੀਬਾਜ਼ੀ ਬਾਰੇ ਨਹੀਂ ਪਤਾ ਸੀ। ਮੈਂ ਬਿਲਕੁਲ ਅਨਜਾਣ ਸੀ। ਮਨੁੱਖ ਤਜਰਬੇ ਅਤੇ ਉਮਰ ਨਾਲ ਹੌਲੀ-ਹੌਲੀ ਸਿਖਦਾ ਹੈ। ਇਸੇ ਕਰ ਕੇ ਮੈਂ ਅਪਣੀ ਮੁੱਖ ਸਿਆਸੀ ਪਾਰਟੀ ’ਚ ਵਾਪਸ ਆਇਆ ਹਾਂ। ਜਿੰਨੀਆਂ ਚੁਣੌਤੀਆਂ ਮੇਰੀ ਜ਼ਿੰਦਗੀ ’ਚ ਆਈਆਂ, ਜੇ ਕਿਸੇ ਹੋਰ ਦੀ ਜ਼ਿੰਦਗੀ ’ਚ ਆਉਂਦੀਆਂ ਤਾਂ ਉਹ ਹੁਣ ਤਕ ਖ਼ੁਦਕੁਸ਼ੀ ਕਰ ਚੁੱਕਾ ਹੁੰਦਾ।

ਇੰਨੇ ਪਰਚੇ, ਮਾਮਲੇ, ਉਤਰਾਅ-ਚੜ੍ਹਾਅ। ਅਕਸਰ ਲੀਡਰ ਕੁੱਝ ਸਾਲਾਂ ’ਚ ਹੋਟਲ, ਟਰਾਂਸਪੋਰਟ, ਸ਼ਰਾਬ ਦਾ ਕਾਰੋਬਾਰ ਪਾ ਲੈਂਦੇ ਹਨ, ਪਰ ਮੈਂ ਉਨ੍ਹਾਂ ਗਿਣੇ-ਚੁਣੇ ਲੀਡਰਾਂ ’ਚੋਂ ਹਾਂ, ਜੋ 25 ਸਾਲ ਦੀ ਸਿਆਸਤਦਾਰੀ ਮਗਰੋਂ ਕਰੋੜਾਂ ਰੁਪਏ ਦਾ ਕਰਜ਼ਾਈ ਹਾਂ। ਮੈਂ ਆਪਣੇ ਪੱਖੋਂ ਠੀਕ ਹਾਂ, ਇਸੇ ਕਾਰਨ ਮੈਨੂੰ ਨਿਰਾਸ਼ਾ ਨਹੀਂ ਹੁੰਦੀ। ਜਿਹੜੇ ਮੈਨੂੰ ਕਹਿੰਦੇ ਹਨ ਕਿ ਮੇਰੇ ਕੋਈ ਸਟੈਂਡ ਨਹੀਂ, ਉਹ ਪਹਿਲਾਂ ਅਪਣੇ ਅੰਦਰ ਝਾਤੀ ਮਾਰਨ। ਅਪਣੀ ਮਾਂ ਦੀਆਂ ਸਹੁੰਆਂ ਖਾਣ ਮਗਰੋਂ ਵੀ ਸ਼ਰਾਬਾਂ ਪੀਂਦੇ ਹਨ। ਜਿੰਨਾ ਵੀ ਰੱਦੀ ਮਾਲ ਅਕਾਲੀ ਦਲ ਤੇ ਕਾਂਗਰਸ ਦਾ ਹੈ, ਉਹ ਸਾਰੇ ਆਮ ਆਦਮੀ ਪਾਰਟੀ ’ਚ ਸ਼ਾਮਲ ਹਨ।