ਜ਼ੋਰਦਾਰ ਧਮਾਕਿਆਂ ਅਤੇ ਉਗਲਦੀ ਅੱਗ ਨਾਲ ਕੰਬ ਉਠਿਆ ਸੀ ਅੰਮ੍ਰਿਤਸਰ ਸ਼ਹਿਰ : ਬ੍ਰਹਮ ਚੇਲਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੂਨ 1984 ਸੰਡੇ ਟਾਈਮਜ਼ ਦੀ ਪੱਤਰਕਾਰ ਮੁਤਾਬਕ ਆਜ਼ਾਦ ਭਾਰਤ ਦੇ ਇਤਿਹਾਸ ’ਚ ਸੱਭ ਤੋਂ ਭਿਆਨਕ ਸਾਕਾ

1984 Darbar Sahib

ਕੋਟਕਪੂਰਾ (ਗੁਰਿੰਦਰ ਸਿੰਘ) : ਨੀਲਾ ਤਾਰਾ ਸਾਕਾ ( Operation Blue Star) ਅਰਥਾਤ ਸਿੱਖਾਂ ਦੇ ਜ਼ੁਲਮਾਂ ਦੀ ਦਾਸਤਾਨ ਵਾਲੇ ਘੱਲੂਘਾਰੇ ਨੂੰ ਵੱਖ-ਵੱਖ ਲੇਖਕਾਂ ਨੇ ਆਪੋ ਅਪਣੇ ਢੰਗ ਨਾਲ ਲਿਖਿਆ, ਅਖ਼ਬਾਰਾਂ ਨੇ ਪ੍ਰਕਾਸ਼ਤ ਕੀਤਾ, ਕਿਤਾਬਾਂ ਅਤੇ ਰਸਾਲਿਆਂ ਰਾਹੀਂ ਨਵੀਆਂ ਤੋਂ ਨਵੀਆਂ ਗੱਲਾਂ ਸਾਹਮਣੇ ਆਈਆਂ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਏ ਰਾਹੀਂ ਵੀ ਬੜਾ ਕੁੱਝ ਨਵਾਂ ਉਜਾਗਰ ਹੋਇਆ। ਉੱਘੇ ਲੇਖਕ ਬ੍ਰਹਮ ਚੇਲਾਨੀ ਨੇ ਲਿਖਿਆ ਕਿ 6 ਜੂਨ ਨੂੰ ਰਾਤ 9 ਵਜੇ ਦੇ ਕਰੀਬ 7 ਲੱਖ ਦੀ ਵਸੋਂ ਵਾਲਾ ਸਾਰਾ ਸ਼ਹਿਰ ਬਿਜਲੀ ਬੰਦ ਹੋਣ ਨਾਲ ਹਨੇਰੇ ’ਚ ਡੁੱਬ ਗਿਆ।

ਅੱਧੇ ਘੰਟੇ ਮਗਰੋਂ ਅੰਮ੍ਰਿਤਸਰ ( Amritsar )ਸ਼ਹਿਰ ਜ਼ੋਰਦਾਰ ਧਮਾਕਿਆਂ ਅਤੇ ਮਸ਼ੀਨਗੰਨ ਦੀ ਉਗਲਦੀ ਅੱਗ ਨਾਲ ਕੰਬ ਉੁਠਿਆ। ਵੱਡੀ ਜੰਗ ਸ਼ੁਰੂ ਹੋ ਗਈ ਸੀ। ਅੱਧਾ ਸ਼ਹਿਰ ਕੋਠਿਆਂ ’ਤੇ ਚੜ੍ਹ ਕੇ ਜੰਗ ਵੇਖਣ ਲੱਗਾ। ਰੋਸ਼ਨੀ ਕਰਨ ਵਾਲੇ ਗੋਲਿਆਂ ਨਾਲ ਅਸਮਾਨ ਚਮਕ ਉਠਦਾ। ਦਰਬਾਰ ਸਾਹਿਬ ਅੰਦਰ ਹੋਣ ਵਾਲੇ ਧਮਾਕਿਆਂ ਨਾਲ ਖਿੜਕੀਆਂ ਦਰਵਾਜ਼ੇ ਕਈ ਮੀਲਾਂ ਤਕ ਹਿਲ ਜਾਂਦੇ। ਜਦੋਂ ਭਿਆਨਕ ਲੜਾਈ ਜਾਰੀ ਸੀ ਤਾਂ ਸਰਕਾਰੀ ਕਬਜ਼ੇ ਹੇਠਲੇ ਰੇਡੀਉ ਤੋਂ ਸ਼ਹਿਰ ਵਿਚ ਮੁਕੰਮਲ ਸ਼ਾਂਤੀ ਦਾ ਐਲਾਨ ਕੀਤਾ ਜਾ ਰਿਹਾ ਸੀ, ਰਾਤ 10:30 ਵਜੇ ਤੋਂ ਅੱਧੀ ਰਾਤ ਤਕ ਅਸੀਂ ਸ਼ਹਿਰ ਦੇ ਚੁਫੇਰਿਉਂ ਨਾਹਰਿਆਂ ਦੀਆਂ ਆਵਾਜ਼ਾਂ ਸੁਣੀਆਂ। ਕਈ ਪਾਸਿਆਂ ਤੋਂ ਪਿੰਡਾਂ ਦੇ ਵਸਨੀਕ ਦਰਬਾਰ ਸਾਹਿਬ ਵਲ ਵਧਣ ਦਾ ਯਤਨ ਕਰ ਰਹੇ ਸਨ। ਨਾਹਰੇ ਲੱਗ ਰਹੇ ਸਨ, ‘ਪੰਥ ਕੀ ਜੀਤ’ ਅਤੇ ‘ਸਾਡਾ ਨੇਤਾ-ਭਿੰਡਰਾਂਵਾਲਾ’। 

ਹਰ ਵਾਰ ਜਦੋਂ ਨਾਹਰੇ ਲਗਦੇ ਤਾਂ ਤੁਰਤ ਮਗਰੋਂ ਤੇਜ਼ੀ ਨਾਲ ਮਸ਼ੀਨਗੰਨ ਦੀ ਗੋਲੀਬਾਰੀ ਦੀ ਆਵਾਜ਼ ਆਉਂਦੀ ਤੇ ਫਿਰ ਚੀਕਾਂ ਸੁਣਾਈ ਦਿੰਦੀਆਂ, ਗੈਸ ਦੇ ਬੰਬ ਅਤੇ ਸਟੱਨ ਬੰਬ ਵਿਰੋਧੀ ਨੂੰ ਹੈਰਾਨ ਪ੍ਰੇਸ਼ਾਨ ਕਰਨ ਲਈ ਫਰਸਟ ਪੈਰਾ ਕਮਾਂਡੋਜ਼ ਅਤੇ ਟੈੱਨ ਗਾਰਡਜ਼ ਦੀ ਸਹਾਇਤਾ ਲਈ ਅਕਾਲ ਤਖ਼ਤ ’ਤੇ ਉਸ ਸਮੇਂ ਦਾਗੇ ਗਏ ਜਦੋਂ ਇਹ ਅਕਾਲ ਤਖ਼ਤ ਉੁਤੇ ਹਮਲਾ ਕਰਨ ਲਈ ਅੱਗੇ ਵਧੇ ਪਰ ਤੇਜ਼ ਹਵਾ ਅਤੇ ਕਮਰਿਆਂ ਦੀ ਸਖ਼ਤ ਮੋਰਚਾਬੰਦੀ ਕਾਰਨ ਗੋਲੇ ਅਪਣਾ ਅਸਰ ਨਾ ਵਿਖਾ ਸਕੇ। ਕਮਾਂਡੋ ਹੋਰ ਜ਼ਿਆਦਾ ਸਹਾਇਤਾ ਦੀ ਮੰਗ ਕਰਦੇ ਰਹੇ, ਜੋ ਉਨ੍ਹਾਂ ਨੂੰ ਪਹੁੰਚਾਈ ਜਾਂਦੀ ਰਹੀ। ਇਸ ਸੱਭ ਕਾਸੇ ਦੇ ਬਾਵਜੂਦ ਕਮਾਂਡੋਆਂ ਦਾ ਭਾਰੀ ਨੁਕਸਾਨ ਹੋਇਆ।

ਦਰਬਾਰ ਸਾਹਿਬ ( Darbar Sahib)  ’ਤੇ ਫ਼ੌਜੀ ਹਮਲੇ ਦੀ ਖ਼ਬਰ ਪੰਜਾਬ ’ਚ ਪੁੱਜੀ ਤਾਂ ਬੜਾ ਤਣਾਅ ਪੈਦਾ ਹੋ ਗਿਆ ਅਤੇ ਪੇਂਡੂ ਖੇਤਰਾਂ ’ਚ ਲੋਕ ਉਠ ਖੜੇ ਹੋਏ। ਫ਼ੌਜੀ ਹੈਲੀਕਾਪਟਰਾਂ ਨੇ ਕਈ ਥਾਵਾਂ ’ਤੇ ਲੋਕਾਂ ਨੂੰ ਇਕੱਤਰ ਹੋ ਕੇ ਦਰਬਾਰ ਸਾਹਿਬ ( Darbar Sahib)   ਵਲ ਕੂਚ ਕਰਦਿਆਂ ਵੇਖ ਲਿਆ। ਅੰਮ੍ਰਿਤਸਰ ( Amritsar ) ਤੋਂ 20 ਕਿਲੋਮੀਟਰ ਦੀ ਦੂਰੀ ’ਤੇ ਇਕ ਪਿੰਡ ਗੋਹਲਵੜ ’ਚ ਲਗਭਗ 30 ਹਜ਼ਾਰ ਸਿੱਖ ਇਕੱਠੇ ਹੋ ਗਏ ਤਾਕਿ ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਵਿਰੁਧ ਰੋਸ ਪ੍ਰਗਟ ਕਰਨ ਲਈ ਅੰਮ੍ਰਿਤਸਰ ( Amritsar )ਵਲ ਚਾਲੇ ਪਾਏ ਜਾਣ। 

ਅੰਮ੍ਰਿਤਸਰ ( Amritsar ) ਜ਼ਿਲ੍ਹੇ ’ਚ ਹੀ ਰਾਜਾਸਾਂਸੀ ਤੇ ਹੇਅਰ ਪਿੰਡਾਂ ’ਚ ਹਜ਼ਾਰਾਂ ਵਿਅਕਤੀ ਇਕੱਤਰ ਹੋ ਕੇ ਅੰਮ੍ਰਿਤਸਰ ( Amritsar )ਵਲ ਕੂਚ ਕਰਦੇ ਵੇਖੇ ਗਏ। ਬਟਾਲਾ ਅਤੇ ਗੁਰਦਾਸਪੁਰ ਤੋਂ ਵੀ ਗੁੱਸੇ ਨਾਲ ਭਰੇ ਪੀਤੇ ਸਿੱਖਾਂ ਦੀਆਂ ਵਹੀਰਾਂ ਵਲੋਂ ਅੰਮ੍ਰਿਤਸਰ ( Amritsar ) ਵਲ ਚਾਲੇ ਪਾਉਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ। ਫ਼ੌਜ ਨੇ ਫ਼ੈਸਲਾ ਲਿਆ ਕਿ ਤੇਜ਼ੀ ਨਾਲ ਵਧਦੀਆਂ ਜਾ ਰਹੀਆਂ ਬਾਗ਼ੀ ਭੀੜਾਂ ’ਤੇ ਕਾਬੂ ਪਾਉਣ ਦਾ ਇਕੋ ਇਕ ਤਰੀਕਾ ਇਹ ਸੀ ਕਿ ਭੀੜਾਂ ਨੂੰ ਗੋਲੀ ਨਾਲ ਭੁੰਨ ਦਿਤਾ ਜਾਵੇ। ਨਤੀਜੇ ਵਜੋਂ ਦਰਬਾਰ ਸਾਹਿਬ ( Darbar Sahib)   ਵਲ ਕੂਚ ਕਰ ਰਹੇ ਸ਼ਾਂਤਮਈ ਸਿੱਖਾਂ ਦੀਆਂ ਵਹੀਰਾਂ ’ਤੇ ਅਸਮਾਨ ਤੋਂ ਬੰਬ ਸੁੱਟੇ ਗਏ ਅਤੇ ਮਸ਼ੀਨਗੰਨ ਨਾਲ ਅੰਨ੍ਹੀ ਫ਼ਾਇਰਿੰਗ ਕੀਤੀ ਗਈ, ਜਿਸ ਨਾਲ ਹਜ਼ਾਰਾਂ ਨਿਹੱਥੇ ਲੋਕ ਮਾਰੇ ਗਏ, ਕਰਫ਼ਿਊ ਜੋ ਕਿ ਸ਼ੁਰੂ ’ਚ 36 ਘੰਟਿਆਂ ਲਈ ਲਾਇਆ ਗਿਆ ਸੀ, ਹੋਰ 30 ਘੰਟਿਆਂ ਲਈ ਵਧਾ ਦਿਤਾ ਗਿਆ।

5-6 ਜੂਨ ਦੀ ਰਾਤ ਨੂੰ ਲੜਾਈ ਹੋਰ ਵੀ ਭਿਆਨਕ ਰੂਪ ਧਾਰ ਗਈ। ਜਨਰਲ ਕੇ.ਐਸ. ਬਰਾੜ ਅਨੁਸਾਰ 6 ਜੂਨ ਨੂੰ ਸਵੇਰੇ 4:30 ਵਜੇ 30 ਫ਼ੌਜੀ ਅਕਾਲ ਤਖ਼ਤ ਅੰਦਰ ਦਾਖ਼ਲ ਹੋਣ ’ਚ ਸਫ਼ਲ ਹੋ ਗਏ। ਲੜਾਈ ਹੋਰ ਦੋ ਘੰਟੇ ਚਲੀ ਅਤੇ ਖਾੜਕੂ ਆਖ਼ਰੀ ਬੰਦਾ ਜੀਵਤ ਰਹਿਣ ਤਕ ਲੜਦੇ ਰਹੇ। ਲਗਾਤਾਰ ਧਮਾਕਿਆਂ ਕਾਰਨ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਹਿ-ਢੇਰੀ ਹੋ ਗਈ ਤੇ ਮਲਬੇ ਦਾ ਰੂਪ ਧਾਰ ਗਈ।  ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀ,ਦਰਬਾਰ ਸਾਹਿਬ ( Darbar Sahib)   ਦੀ ਰਾਖੀ ਕਰਦੇ ਹੋਏ ਪ੍ਰਾਣ ਨਿਛਾਵਰ ਕਰ ਗਏ ਅਤੇ ਜਿਵੇਂ ਕਿ ਮਗਰੋਂ ਕੌਮ ਨੇ ਵੀ ਪੁਸ਼ਟੀ ਕੀਤੀ, ਉਹ ਸਿੱਖ ਰਵਾਇਤਾਂ ਅਨੁਸਾਰ ਸ਼ਹੀਦੀ ਪ੍ਰਾਪਤ ਕਰ ਗਏ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਪਣੇ ਪ੍ਰਣ ’ਤੇ ਅਪਣੇ ਖ਼ੂਨ ਦੀ ਮੋਹਰ ਲਾ ਦਿਤੀ। ਸੰਤ ਭਿੰਡਰਾਂਵਾਲਿਆਂ ਵਲੋਂ ਅਕਾਲ ਤਖ਼ਤ ਸਾਹਿਬ ਦੀ ਰਾਖੀ ਲਈ ਜਾਨ ਵਾਰ ਦੇਣ ਦੀ ਗੱਲ ਲੋਕ-ਕਥਾ ਬਣ ਗਈ। ਉਨ੍ਹਾਂ ਦੇ ਬਹਾਦਰੀ ਦੇ ਕਾਰਨਾਮਿਆਂ ਨੂੰ ਉਜਾਗਰ ਕਰਨ ਵਾਲੀਆਂ ਵਾਰਾਂ ’ਤੇ ਕਵਿਤਾਂ ਸ਼ਹਿਰਾਂ ਅਤੇ ਪਿੰਡਾਂ ’ਚ ਹਰ ਇਕ ਦੀ ਜ਼ੁਬਾਨ ’ਤੇ ਚੜ੍ਹ ਗਈਆਂ।

‘ਸਾਕਾ’ ਨਾਂਅ ਦੀ ਵਾਰ, ਜਿਸ ਨੂੰ ਨਾਭੇ ਦੀਆਂ ਬੀਬੀਆਂ ਨੇ ਗਾਇਆ ਸੀ, (ਜਿਨ੍ਹਾਂ ਨੂੰ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ), ਬਹੁਤ ਹੀ ਲੋਕ-ਪਿ੍ਰਯ ਹੋ ਗਈ। ਸੰਤ ਭਿੰਡਰਾਂਵਾਲਿਆਂ ਦਾ ਅੰਤਮ ਸਸਕਾਰ 7 ਜੂਨ ਦੀ ਸ਼ਾਮ ਨੂੰ ਕੀਤਾ ਗਿਆ। ਦਰਬਾਰ ਸਾਹਿਬ ( Darbar Sahib)  ਦੇ ਨੇੜੇ 10 ਹਜ਼ਾਰ ਲੋਕਾਂ ਦੀ ਭੀੜ ਇਕੱਤਰ ਹੋ ਗਈ ਸੀ ਪਰ ਫ਼ੌਜ ਨੇ ਉਸ ਨੂੰ ਅੱਗੇ ਵਧਣੋਂ ਰੋਕ ਦਿਤਾ। ਚਿਤਾ ਨੂੰ ਅੱਗ ਲਾਏ ਜਾਣ ਸਮੇਂ ਮੌਕੇ ’ਤੇ ਤੈਨਾਤ ਕਈ ਪੁਲਿਸੀਆਂ ਨੂੰ ਅੱਥਰੂਆਂ ਨਾਲ ਸੰਤਾਂ ਨੂੰ ਅੰਤਮ ਵਿਦਾਇਗੀ ਦਿੰਦਿਆਂ ਵੇਖਿਆ ਗਿਆ। ਦੂਜੇ ਪਾਸੇ ਹਿੰਦੂ ਜੋ ਕਿ ਉਨ੍ਹਾਂ ਨੂੰ ਖਲਨਾਇਕ ਸਮਝਦੇ ਸਨ, ਉਨ੍ਹਾਂ ਨੇ ਸੁੱਖ ਦਾ ਸਾਹ ਲਿਆ ਅਤੇ ਉਹ ਹੱਸਦੇ ਤੇ ਫ਼ੌਜੀ ਜਵਾਨਾਂ ਨੂੰ ਮਠਿਆਈ ਵੰਡਦੇ ਵੇਖੇ ਗਏ।

ਉਨ੍ਹਾਂ ਲਈ ਕਰਫ਼ਿਊ ਦਾ ਹੁਕਮ ਢਿੱਲਾ ਕਰ ਦਿਤਾ ਗਿਆ ਲਗਦਾ ਸੀ। ਫ਼ੌਜ ਨੇ ਦਾਅਵਾ ਕੀਤਾ ਕਿ ਉਸ ਨੇ ਬੜੇ ਜ਼ਬਤ ਤੋਂ ਕੰਮ ਲਿਆ ਸੀ। ਪਰ ਅਕਾਲ ਤਖ਼ਤ ਨੂੰ ਪੁੱਜਾ ਨੁਕਸਾਨ ਗਵਾਹੀ ਦਿੰਦਾ ਸੀ ਕਿ ਜ਼ਬਤ ਨੂੰ ਕਿੱਲੀ ’ਤੇ ਟੰਗ ਦਿਤਾ ਗਿਆ ਸੀ। ਟੈਂਕਾਂ ਦੇ ਹਮਲੇ ਦਾ ਇਮਾਰਤਾਂ ’ਤੇ ਭਿਆਨਕ ਅਸਰ ਹੋਇਆ ਸੀ। ਪਵਿੱਤਰ ਤਖ਼ਤ ਦਾ ਸਾਰਾ ਅਗਲਾ ਹਿੱਸਾ ਤਬਾਹ ਹੋ ਗਿਆ ਸੀ ਤੇ ਇਕ ਵੀ ਕੌਲਾ ਨਹੀਂ ਸੀ ਬਚਿਆ। ਸੁਨਹਿਰੀ ਗੁੰਬਦ ਵੀ ਬਾਰੂਦ ਦੀ ਮਾਰ ਹੇਠ ਆ ਕੇ ਤਬਾਹ ਹੋ ਗਿਆ ਸੀ। ਸਿੱਖਾਂ ਦਾ ਅਕਾਲ ਤਖ਼ਤ ਸਾਹਿਬ ਤਾਂ ਟੁਕੜੇ ਟੁਕੜੇ ਹੋਇਆ ਪਿਆ ਸੀ।  ਟੈਲੀਗ੍ਰਾਫ਼, ਲੰਡਨ ਦਾ ਪੱਤਰਕਾਰ ਡੇਵਿਡ ਗਰੇਵਜ਼ ਪਹਿਲਾ ਪੱਤਰਕਾਰ ਸੀ, ਜਿਸ ਨੂੰ ਹਮਲੇ ਮਗਰੋਂ ਦਰਬਾਰ ਸਾਹਿਬ ( Darbar Sahib)   ਜਾਣ ਦੀ ਆਗਿਆ ਦਿਤੀ ਗਈ ਸੀ। ਉਸ ਨੇ ਲਿਖਿਆ ਅਕਾਲ ਤਖ਼ਤ ਸਾਹਿਬ ਇਸ ਤਰ੍ਹਾਂ ਲਗਦਾ ਹੈ ਜਿਵੇਂ ਇਸ ’ਤੇ ਬੰਬ ਸੁੱਟੇ ਗਏ ਹੋਣ। ਇਸ ਨੂੰ ਵੇਖ ਕੇ ਲਗਦਾ ਹੈ, ਜਿਵੇਂ ਬਰਲਿਨ ’ਚ ਹੁਣੇ ਸੰਸਾਰ ਯੁੱਧ ਹੋਇਆ ਹੋਵੇ।

ਸਮੂਹ ਦੀ ਹਰ ਇਮਾਰਤ ਗੋਲੀਆਂ ਨਾਲ ਵਿੰਨ੍ਹੀ ਹੋਈ ਸੀ ਤੇ ਹਵਾ ’ਚ ਅਜੇ ਵੀ ਮੌਤ ਦੀ ਮੁਸ਼ਕ ਆ ਰਹੀ ਸੀ। ਹਰਿਮੰਦਰ ਸਾਹਿਬ ’ਤੇ ਵੀ 300 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਸਨ। ਕਈ ਗੋਲੀਆਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਜ਼ਖ਼ਮੀ ਕਰ ਗਈਆਂ ਸਨ। ‘ਸੂਰੀਆ’ ਮੈਗਜ਼ੀਨ ਨਾਲ ਇਕ ਮੁਲਾਕਾਤ ਦੌਰਾਨ ਦਰਬਾਰ ਸਾਹਿਬ ( Darbar Sahib)  ਦੇ ਹੈੱਡ ਗ੍ਰੰਥੀ ਗਿਆਨੀ ਪੂਰਨ ਸਿੰਘ ਨੇ ਦਸਿਆ ਕਿ 23 ਜੂਨ ਨੂੰ ਜਦੋਂ ਇੰਦਰਾ ਗਾਂਧੀ ਦਰਬਾਰ ਸਾਹਿਬ ( Darbar Sahib)  ਗਈ ਤਾਂ ਉਸ ਨੂੰ ਹਰਿਮੰਦਰ ਸਾਹਿਬ ਉਪਰ ਗੋਲੀਆਂ ਦੇ ਨਿਸ਼ਾਨ ਵਿਖਾਏ ਗਏ ਸਨ। ਗਿਆਨੀ ਪੂਰਨ ਸਿੰਘ ਨੇ ਇੰਦਰਾ ਗਾਂਧੀ ਨੂੰ ਇਹ ਵੀ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ 700 ਬੀੜਾਂ ਸਾੜ ਦਿਤੀਆਂ ਗਈਆਂ ਸਨ। ਇਕ ਰਾਗੀ ਅਮਰੀਕ ਸਿੰਘ (ਨੇਤਰਹੀਨ) ਹਰਿਮੰਦਰ ਸਾਹਿਬ ਦੇ ਅੰਦਰ ਹੀ ਮਾਰ ਦਿਤਾ ਗਿਆ ਸੀ। ਫਿਰ ਵੀ ਉਹ ਕਹਿੰਦੇ ਹਨ ਕਿ ਹਰਿਮੰਦਰ ਸਾਹਿਬ ’ਤੇ ਇਕ ਵੀ ਗੋਲੀ ਨਹੀਂ ਸੀ ਦਾਗੀ ਗਈ।

 

''ਜੇਕਰ ਕਿਸਾਨ ਕੋਰੋਨਾ ਫੈਲਾਉਂਦਾ ਤਾਂ ਦਿੱਲੀ ਦੀਆਂ ਸਰਹੱਦਾਂ ’ਤੇ ਸੱਭ ਤੋਂ ਵੱਧ ਮਾਮਲੇ ਹੁੰਦੇ''

 

ਦਰਬਾਰ ਸਾਹਿਬ ( Darbar Sahib)   ਸਮੂਹ ’ਚ ਮਾਰੇ ਗਏ ਲੋਕਾਂ ਬਾਰੇ ਘੱਟ ਤੋਂ ਘੱਟ ਅੰਦਾਜ਼ਾ 3 ਹਜ਼ਾਰ ਦਾ ਹੈ ਪਰ ਹੋਰ ਅੰਦਾਜ਼ਿਆਂ ਅਨੁਸਾਰ, ਇਹ ਗਿਣਤੀ 8000 ਸੀ ਤੇ ਸ਼ਾਇਦ ਇਸ ਤੋਂ ਵੀ ਵੱਧ। ਮਰਨ ਵਾਲਿਆਂ ’ਚ ਨਾ ਕੇਵਲ ਉਹ ਨੌਜਵਾਨ ਹੀ ਸਨ, ਜਿਨ੍ਹਾਂ ਨੇ ਫ਼ੌਜ ਦਾ ਡੱਟ ਕੇ ਟਾਕਰਾ ਕੀਤਾ, ਸਗੋਂ ਇਨ੍ਹਾਂ ’ਚ ਬਜ਼ੁਰਗ, ਬੱਚੇ, ਤੀਵੀਆਂ, ਨਵੇਂ ਵਿਆਹੇ ਜੋੜੇ ਅਤੇ ਬਾਹਾਂ ’ਚ ਨਵੇਂ ਜੰਮੇ ਬਾਲ ਚੁੱਕੀ ਜਵਾਨ ਇਸਤਰੀਆਂ ਵੀ ਸ਼ਾਮਲ ਸਨ। ਇਹ ਹੋਲਨਾਕ ਕਤਲੇਆਮ ਕਿਸੇ ਦੋਸ਼ੀ ਤੇ ਨਿਰਦੋਸ਼, ਜਵਾਨ ਅਤੇ ਬਜ਼ੁਰਗ ਦਾ ਫ਼ਰਕ ਰੱਖੇ ਬਗ਼ੈਰ ਕੀਤਾ ਗਿਆ ਸੀ। ਬਹੁਤ ਸਾਰੇ ਸਿੱਖਾਂ ਦੇ ਹੱਥ ਉਨ੍ਹਾਂ ਦੀਆਂ ਪੱਗਾਂ ਨਾਲ ਪਿਛਲੇ ਪਾਸੇ ਬੰਨ੍ਹਣ ਉਪਰੰਤ ਉਨ੍ਹਾਂ ਨੂੰ ਨੇੜਿਉਂ ਗੋਲੀ ਮਾਰ ਦਿਤੀ ਗਈ ਸੀ। ਸੰਡੇ ਟਾਈਮਜ਼ ਦੀ ਪੱਤਰਕਾਰ ਮੇਰੀ ਐਨੇ ਵੀਵਰ ਨੇ ਲਿਖਿਆ ਫ਼ੌਜ ਅਜਿਹੇ ਹੁਕਮਾਂ ਅਧੀਨ ਕੰਮ ਕਰ ਰਹੀ ਲਗਦੀ ਸੀ ਕਿ ਕੈਦੀ ਕਿਸੇ ਨੂੰ ਨਾ ਬਣਾਉ ਅਤੇ ਕਿਸੇ ਵੀ ਖਾੜਕੂ ਨੂੰ ਜ਼ਿੰਦਾ ਨਹੀਂ ਸੀ ਰਹਿਣ ਦੇਣਾ ਚਾਹੁੰਦੀ। ਇਹ ਕਤਲੇਆਮ ਆਜ਼ਾਦ ਭਾਰਤ ਦੇ ਇਤਿਹਾਸ ਦਾ ਸੱਭ ਤੋਂ ਭਿਆਨਕ ਸਾਕਾ ਮੰਨਿਆ ਜਾਵੇਗਾ।