ਫੈਕਟਰੀ ਦੇ ਕਰਮਚਾਰੀ ਨੇ ਹੀ ਦਿਤੀ ਸੀ ਕਾਰੋਬਾਰੀ ਸੱਗੂ ਨੂੰ ਧਮਕੀ, ਵਿਦੇਸ਼ ਬੈਠੇ ਭਰਾ ਨਾਲ ਮਿਲ ਕੇ ਰਚੀ ਸਾਜ਼ਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਫੈਕਟਰੀ ਕਰਮਚਾਰੀ ਨੂੰ ਕੀਤਾ ਗ੍ਰਿਫ਼ਤਾਰ

Narinder Saggu

 

ਜਲੰਧਰ : ਹਿੰਦ ਪੰਪ ਦੇ ਮਾਲਕ ਅਤੇ ਸ਼ਹਿਰ ਦੇ ਵੱਡੇ ਕਾਰੋਬਾਰੀ ਤੇ ਜਲੰਧਰ ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਪੁਲਿਸ ਜਾਂਚ ਵਿਚ ਪਤਾ ਲਗਿਆ ਕਿ ਫਿਰੌਤੀ ਮੰਗਣ ਵਾਲਾ ਫੈਕਟਰੀ ਦਾ ਮੁਲਾਜ਼ਮ ਸੀ। ਮੁਲਜ਼ਮ ਨੇ ਵਿਦੇਸ਼ ਵਿਚ ਬੈਠੇ ਅਪਣੇ ਭਰਾ ਰਾਹੀਂ ਫਿਰੌਤੀ ਲਈ ਫੋਨ ਕੀਤੇ ਸਨ।

 

ਥਾਣਾ ਅੱਠ ਦੀ ਪੁਲਿਸ ਨੇ ਦੋਵੇਂ ਮੁਲਜ਼ਮਾਂ ਵਿਰੁਧ ਕੇਸ ਦਰਜ ਕਰ ਕੇ ਫੈਕਟਰੀ ਕਰਮਚਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਾਰੋਬਾਰੀ ਨਰਿੰਦਰ ਸੱਗੂ ਦੀ ਹਿੰਦ ਪੰਪ ਫੈਕਟਰੀ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਦੀਪਕ ਸ਼ਰਮਾ ਨੇ ਵਿਦੇਸ਼ ਵਿਚ ਬੈਠੇ ਅਪਣੇ ਭਰਾ ਵਿਕਰਮ ਸ਼ਰਮਾ ਦੀ ਮਦਦ ਨਾਲ ਵਿਦੇਸ਼ਾਂ ਤੋਂ ਧਮਕੀਆਂ ਦਿਤੀਆਂ ਸਨ।

 

ਥਾਣਾ ਅੱਠ ਦੇ ਇੰਚਾਰਜ ਪ੍ਰਦੀਪ ਸਿੰਘ ਨੇ ਦਸਿਆ ਕਿ ਜਾਂਚ ਤੋਂ ਬਾਅਦ ਮਾਮਲੇ ਵਿਚ ਦੀਪਕ ਸ਼ਰਮਾ ਅਤੇ ਵਿਕਰਮ ਸ਼ਰਮਾ ਨੂੰ ਨਾਮਜ਼ਦ ਕਰਕੇ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਦੀਪਕ ਨੇ ਅਪਣਾ ਜੁਰਮ ਕਬੂਲ ਕਰ ਲਿਆ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਕੋਲ ਦਰਜ ਕਰਵਾਏ ਮਾਮਲੇ ਵਿਚ ਨਰਿੰਦਰ ਸੱਗੂ ਨੇ ਦਸਿਆ ਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ 'ਤੇ ਕਾਲ ਆਈ ਸੀ ਪਰ ਉਸ ਨੇ ਫ਼ੋਨ ਨਹੀਂ ਚੁਕਿਆ ਪਰ ਜਦੋਂ ਵਾਰ-ਵਾਰ ਫੋਨ ਆ ਰਿਹਾ ਸੀ ਤਾਂ ਉਸ ਨੂੰ ਫ਼ੋਨ ਚੁਕਣਾ ਪਿਆ। ਫੋਨ ਕਰਨ ਵਾਲੇ ਕੋਲ ਉਸ ਬਾਰੇ ਕਾਫ਼ੀ ਜਾਣਕਾਰੀ ਸੀ। ਉਸ ਨੇ ਕਿਹਾ ਕਿ ਜੇਕਰ ਉਸ ਨੂੰ 5 ਕਰੋੜ ਰੁਪਏ ਨਾ ਦਿਤੇ ਗਏ ਤਾਂ ਉਹ ਉਸ ਦੇ ਸਿਰ ਵਿਚ ਗੋਲੀਆਂ ਮਾਰ ਕੇ ਉਸ ਨੂੰ ਮਾਰ ਦੇਣਗੇ।

 

ਨਰਿੰਦਰ ਸੱਗੂ ਨੇ ਦਸਿਆ ਕਿ ਜਦੋਂ ਉਸ ਨੇ ਅਪਣਾ ਮੋਬਾਈਲ ਬੰਦ ਕੀਤਾ ਤਾਂ ਫਿਰੌਤੀ ਦੀ ਮੰਗ ਕਰਨ ਵਾਲੇ ਵਿਅਕਤੀ ਨੇ ਉਸ ਦੇ ਲੜਕੇ ਦੇ ਨੰਬਰ 'ਤੇ ਫੋਨ ਕੀਤਾ। ਜਿਵੇਂ ਹੀ ਉਸ ਦੇ ਪੁੱਤਰ ਨੇ ਫੋਨ ਚੁਕਿਆ ਤਾਂ ਦੋਸ਼ੀ ਨੇ ਉਸ ਤੋਂ 5 ਕਰੋੜ ਰੁਪਏ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਜੇਕਰ ਪੈਸੇ ਨਾ ਦਿਤੇ ਤਾਂ ਉਸ ਨੂੰ ਅਪਣੀ ਜਾਨ ਤੋਂ ਹੱਥ ਧੋਣੇ ਪੈਣਗੇ। ਫਿਰੌਤੀ ਮੰਗਣ ਵਾਲੇ ਨੇ ਕਾਰੋਬਾਰੀ ਦੇ ਪੂਰੇ ਪਰਿਵਾਰ ਨੂੰ ਵੀ ਉਡਾਉਣ ਦੀ ਧਮਕੀ ਦਿਤੀ ਸੀ।