ਫ਼ਿਲਮੀ ਹਸਤੀਆਂ ਤੇ ਕਲਾਕਾਰ ਨਸ਼ਾ ਵਿਰੋਧੀ ਮੁਹਿੰਮ ਵਿਚ ਸ਼ਾਮਲ ਹੋਣ: ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬੀ ਕਲਾਕਾਰਾਂ, ਗਾਇਕਾਂ, ਨਾਟਕਕਾਰਾਂ ਅਤੇ ਫਿਲਮਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਨਸ਼ਿਆਂ............

Amarinder Singh Talking to Jaswinder Bhalla And Other Artists

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬੀ ਕਲਾਕਾਰਾਂ, ਗਾਇਕਾਂ, ਨਾਟਕਕਾਰਾਂ ਅਤੇ ਫਿਲਮਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਵਿੱਢੇ ਉਪਰਾਲਿਆਂ ਵਿੱਚ ਵਧ-ਚੜ੍ਹ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਅੱਜ ਇੱਥੇ ਉੱਘੇ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਬਾਲ ਮੁਕੰਦ ਸ਼ਰਮਾ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਲੋਕਾਂ ਵਿੱਚ ਅਪਣੀ ਮਕਬੂਲੀਅਤ ਨਾਲ ਨਸ਼ਿਆਂ ਦੇ ਮੁੱਦੇ 'ਤੇ ਸਮਾਜ ਵਿੱਚ ਲੋੜੀਂਦਾ ਪਰਿਵਰਤਣ ਲਿਆਉਣ ਵਾਸਤੇ ਹੰਭਲਾ ਮਾਰਨ ਲਈ ਆਖਿਆ।

ਨਸ਼ਿਆਂ ਦੀ ਸਮੱਸਿਆ ਦੀ ਚੁਣੌਤੀ ਨਾਲ ਨਜਿੱਠਣ ਲਈ ਅਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ 'ਤੇ ਕਲਾਕਾਰਾਂ ਦੀ ਭੂਮਿਕਾ ਦੀ ਅਹਿਮੀਅਤ ਬਹੁਤ ਮਾਅਨੇ ਰੱਖਦੀ ਹੈ ਕਿਉਂ ਜੋ ਉਨ੍ਹਾਂ ਦਾ ਭਾਵਨਾਤਮਕ ਅਤੇ ਪ੍ਰੇਰਨਾਮਈ ਅੰਦਾਜ਼ ਆਮ ਲੋਕਾਂ ਨੂੰ ਟੁੰਬਦਾ ਹੈ । ਇਸ ਕਰਕੇ ਉਨ੍ਹਾਂ ਵੱਲੋਂ ਇਸ ਵੇਲੇ ਨਸ਼ਿਆਂ 'ਚ ਫਸੇ ਨੌਜਵਾਨਾਂ ਨੂੰ ਵਾਪਸ ਮੋੜਣ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਜਾ ਸਕਦਾ ਹੈ। ਪੰਜਾਬੀ ਗੀਤਾਂ ਵਿੱਚ ਹਿੰਸਾ ਨੂੰ ਉਭਾਰਨ ਦੇ ਵਧਦੇ ਰੁਝਾਨ 'ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਅਜਿਹੇ ਨਕਾਰਾਤਮਕ ਪ੍ਰਚਾਰ ਨੂੰ ਘਟਾਉਣ ਵਾਸਤੇ ਸੋਸ਼ਲ ਮੀਡੀਆ 'ਤੇ ਸਿਹਤਮੰਦ ਅਤੇ

ਸਕਾਰਾਤਮਕ ਵਿਸ਼ੇ ਨੂੰ ਵੱਧ ਤੋਂ ਵੱਧ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਲਾਕਾਰਾਂ ਅਤੇ ਗਾਇਕਾਂ ਨੂੰ ਗੀਤਾਂ ਅਤੇ ਵੀਡੀਓਜ਼ ਵਿੱਚ ਬੰਦੂਕ ਸੱਭਿਆਚਾਰ ਤੇ ਅਸ਼ਲੀਲਤਾ ਨੂੰ ਉਤਸ਼ਾਹਤ ਨਾ ਕਰਨ ਪ੍ਰਤੀ ਆਪਸੀ ਸਹਿਮਤੀ ਬਣਾਉਣ ਦਾ ਸੱਦਾ ਦਿੱਤਾ। ਇਸ ਸਮੱਸਿਆ 'ਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਨੇ ਕਲਾਕਾਰਾਂ ਨੂੰ ਜਿੰਗਲ, ਪ੍ਰੋਮੋ, ਲਘੂ ਫਿਲਮਾਂ ਅਤੇ ਦਸਤਾਵੇਜ਼ੀ ਫਿਲਮਾਂ ਬਣਾਉਣ ਦੀ ਸਲਾਹ ਦਿੱਤੀ।  ਬਠਿੰਡਾ ਰੇਂਜ ਦੇ ਆਈ.ਜੀ. ਐਮ. ਐਫ. ਫਰੂਕੀ ਨੇ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੀ ਸਮੱਸਿਆ ਵਿਰੁਧ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਚੁੱਕੇ ਜਾ ਰਹੇ ਕਦਮਾਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ।