ਧਰਮੀ ਫ਼ੌਜੀਆਂ ਨੂੰ ਕੈਪਟਨ ਸਰਕਾਰ ਤੋਂ ਜਾਗੀ ਆਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਧਾਮਾਂ ਦੀ ਬੇਅਦਬੀ ਨਾ ਸਹਾਰਦਿਆਂ ਨੌਕਰੀਆਂ ਨੂੰ ਠੌਕਰ ਮਾਰ ਕੇ ਰੋਸ ਵਜੋਂ ਬੈਰਕਾਂ ਛੱਡਣ ਵਾਲੇ ਧਰਮੀ ਫ਼ੌਜੀਆਂ ਨੂੰ..........

Amrik Singh And Jasbir Singh

ਕੋਟਕਪੂਰਾ : ਗੁਰਧਾਮਾਂ ਦੀ ਬੇਅਦਬੀ ਨਾ ਸਹਾਰਦਿਆਂ ਨੌਕਰੀਆਂ ਨੂੰ ਠੌਕਰ ਮਾਰ ਕੇ ਰੋਸ ਵਜੋਂ ਬੈਰਕਾਂ ਛੱਡਣ ਵਾਲੇ ਧਰਮੀ ਫ਼ੌਜੀਆਂ ਨੂੰ ਵੀ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਨਸਾਫ਼ ਮਿਲਣ ਦੀ ਆਸ ਜਾਗੀ ਹੈ।  ਗੁਰਬਤ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਸਿੱਖ ਕੌਮ ਦੇ ਅਣਖੀਲੇ ਯੌਧੇ ਪਿਛਲੇ ਕਰੀਬ 34 ਸਾਲਾਂ ਤੋਂ ਪੰਥਕ ਹੋਣ ਦਾ ਦਾਅਵਾ ਕਰਨ ਵਾਲੀ ਬਾਦਲ ਸਰਕਾਰ ਸਮੇਤ ਸਮੇਂ ਦੀਆਂ ਸਰਕਾਰਾਂ ਕੋਲ ਮਿੰਨਤਾਂ, ਤਰਲੇ ਅਤੇ ਲੇਲੜੀਆਂ ਕੱਢ-ਕੱਢ ਹਾਰ ਚੁੱਕੇ ਹਨ ਪਰ ਉਨ੍ਹਾਂ ਨੂੰ ਇਨਸਾਫ਼ ਤਾਂ ਕੀ ਮਿਲਣਾ ਸੀ, ਉਲਟਾ 16-12-2016 ਨੂੰ ਪੰਜਾਬ ਸਰਕਾਰ, ਰਖਿਆ ਸੇਵਾਵਾਂ ਭਲਾਈ ਵਿਭਾਗ ਅਤੇ ਰਾਜਪਾਲ ਪੰਜਾਬ ਦੇ

ਆਦੇਸ਼ਾਂ ਦੇ ਬਾਵਜੂਦ ਧਰਮੀ ਫ਼ੌਜੀਆਂ, ਉਨ੍ਹਾਂ ਦੀਆਂ ਵਿਧਵਾਵਾਂ/ਆਸ਼ਰਤਾਂ ਨੂੰ ਐਲਾਨੀ ਗਈ 5-5 ਲੱਖ ਰੁਪਏ ਦੀ ਗ੍ਰਾਂਟ ਵੀ ਅੱਜ ਤਕ ਨਹੀਂ ਮਿਲੀ। ਸਿੱਖ ਧਰਮੀ ਫ਼ੌਜੀ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ ਨੇ ਦੋਸ਼ ਲਾਇਆ ਕਿ ਧਰਮੀ ਫ਼ੌਜੀਆਂ ਦੇ ਨਾਂਅ 'ਤੇ ਕੁੱਝ ਪੈਨਸ਼ਨਰ ਆਏ ਫ਼ੌਜੀ ਸਹੂਲਤਾਂ ਲੈਣ 'ਚ ਕਾਮਯਾਬ ਹੋ ਗਏ ਪਰ ਜੂਨ 1984 ਦੇ ਘੱਲੂਘਾਰੇ ਮੌਕੇ ਪ੍ਰਕਾਸ਼ ਸਿੰਘ ਬਾਦਲ ਦੀ ਬੇਨਤੀ 'ਤੇ ਬੈਰਕਾਂ ਛੱਡਣ ਵਾਲੇ ਧਰਮੀ ਫ਼ੌਜੀਆਂ ਨੂੰ ਬਾਦਲ ਸਰਕਾਰ ਨੇ ਤਾਂ ਇਨਸਾਫ਼ ਕੀ ਦੇਣਾ ਸੀ, ਉਲਟਾ ਪਿਛਲੇ 34 ਸਾਲਾਂ ਤੋਂ ਬਣਦੀਆਂ ਆ ਰਹੀਆਂ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਸਾਰ

ਲੈਣ ਦੀ ਜ਼ਰੂਰਤ ਹੀ ਨਹੀਂ ਸਮਝੀ। ਉਨਾ ਦਸਿਆ ਕਿ ਉਹ ਇਕੋ ਮੰਗ ਰਖਦੇ ਸਨ ਕਿ ਬੇਸ਼ਕ ਸਾਡੀ ਆਰਥਕ ਮਦਦ ਨਹੀਂ ਕਰਨੀ ਤਾਂ ਨਾ ਕਰੋ ਪਰ ਸਾਨੂੰ ਅਕਾਲ ਤਖ਼ਤ 'ਤੇ ਬੁਲਾ ਕੇ ਇਕ ਸਿਰੋਪਾਉ ਦੇ ਕੇ ਸਨਮਾਨਤ ਕਰ ਦਿਉ, ਸਾਡੀ ਉਕਤ ਮੰਗ ਵੀ ਪ੍ਰਵਾਨ ਨਹੀਂ ਕੀਤੀ ਗਈ। ਮਿਤੀ 16-12-2016 ਨੂੰ ਕੇ.ਜੇ.ਐਸ ਚੀਮਾ ਆਈਏਐਸ ਸਕੱਤਰ ਰਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਵਿਖਾਉਂਦਿਆਂ ਭਾਈ ਅਮਰੀਕ ਸਿੰਘ ਤੇ ਜਸਵੀਰ ਸਿੰਘ ਨੇ ਦਸਿਆ ਕਿ

ਉਕਤ  ਪੱਤਰ ਰਾਹੀਂ 79 ਧਰਮੀ ਫ਼ੌਜੀਆਂ ਅਤੇ ਧਰਮੀ ਫ਼ੌਜੀਆਂ ਦੀਆਂ 35 ਵਿਧਵਾਵਾਂ/ਆਸ਼ਰਤਾਂ ਸਮੇਤ ਕੁਲ 114 ਨੂੰ 5-5 ਲੱਖ ਰੁਪਏ ਦੀ ਸਿਰਫ਼ ਇਕ ਵਾਰ ਲਈ ਸ਼ਪੈਸ਼ਲ ਵਿੱਤੀ ਗ੍ਰਾਂਟ ਦੇਣ ਦੀ ਹਦਾਇਤ ਹੋਈ ਤੇ ਇਸ ਬਾਰੇ ਉਕਤ ਪੱਤਰ 'ਚ ਵਿੱਤ ਮੰਤਰੀ ਪੰਜਾਬ ਵਲੋਂ ਪ੍ਰਵਾਨਗੀ ਤੇ ਮੁੱਖ ਮੰਤਰੀ ਪੰਜਾਬ ਵਲੋਂ ਦਿਤੀ ਗਈ ਸਹਿਮਤੀ ਦਾ ਜ਼ਿਕਰ ਹੋਣ ਦੇ ਬਾਵਜੂਦ ਅੱਜ ਤਕ ਧਰਮੀ ਫ਼ੌਜੀ ਦਫ਼ਤਰਾਂ ਦੇ ਗੇੜੇ ਮਾਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ।