ਬਾਦਲਾਂ ਲਈ ਖੜ੍ਹੀ ਹੋਈ 'ਦੋਹਰੀ' ਚੁਨੌਤੀ,ਢੀਂਡਸਾ ਨੇ ਠੋਕਿਆ ਸ਼੍ਰੋਮਣੀ ਅਕਾਲੀ ਦਲ ਦੇ ਨਾਮ 'ਤੇ ਦਾਅਵਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਅਸਲੀ ਨਾਮ ਲਈ ਕਾਨੂੰਨੀ ਚਾਰਾਜੋਈ ਕਰਨ ਦੀ ਤਿਆਰੀ

Sukhdev Singh Dhindsa, Sukhbir Badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਆਗੂਆਂ ਨੇ ਬਾਦਲਾਂ ਨੂੰ ਵੱਡੇ ਸਿਆਸੀ ਝਟਕੇ ਦੇਣ ਦੀ ਤਿਆਰੀ ਖਿੱਚ ਲਈ ਹੈ। ਇਸ ਦਾ ਆਗਾਜ਼ ਟਕਸਾਲੀ ਆਗੂਆਂ ਵਲੋਂ ਬਣਾਈ ਗਈ ਨਵੀਂ ਪਾਰਟੀ ਦੇ ਨਾਮਕਰਨ ਤੋਂ ਹੀ ਹੋ ਗਿਆ ਹੈ। ਟਕਸਾਲੀ ਆਗੂਆਂ ਨੇ ਨਵੀਂ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਰੱਖ ਕੇ ਇਕ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ 'ਤੇ ਖੁਦ ਦਾ ਹੱਕ ਜਿਤਾ ਦਿਤਾ ਹੈ। ਟਕਸਾਲੀਆਂ ਦੇ ਇਸ ਕਦਮ ਨਾਲ ਬਾਦਲਾਂ ਲਈ ਦੋਹਰੀ ਚੁਨੌਤੀ ਪੈਦਾ ਹੋ ਗਈ ਹੈ। ਇਕ ਪਾਸੇ ਉਨ੍ਹਾਂ ਸਾਹਮਣੇ ਪਾਰਟੀ ਦੀ ਲੀਡਰਸ਼ਿਪ ਨੂੰ ਨਾਲ ਜੋੜ ਕੇ ਰੱਖਣ ਦੀ ਚੁਨੌਤੀ ਹੈ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ 'ਤੇ ਖੁਦ ਦੇ ਕਬਜ਼ੇ ਨੂੰ ਬਰਕਰਾਰ ਰੱਖਣ ਲਈ ਪਸੀਨਾ ਵਹਾਉਣਾ ਪੈ ਸਕਦਾ ਹੈ। ਨਵੀਂ ਪਾਰਟੀ ਦਾ ਪ੍ਰਧਾਨ ਸੀਨੀਅਰ ਅਕਾਲੀ ਆਗੂ ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਥਾਪਿਆ ਗਿਆ ਹੈ।

ਕਾਬਲੇਗੌਰ ਹੈ ਕਿ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਸ਼ੁਰੂ ਤੋਂ ਹੀ ਨਵੀਂ ਪਾਰਟੀ ਦੀ ਸਥਾਪਨਾ ਤੋਂ ਇਨਕਾਰ ਕਰਦੇ ਆ ਰਹੇ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਪਣੀਆਂ ਰਵਾਇਤਾਂ ਨੂੰ ਭੁਲਦਾ ਜਾ ਰਿਹਾ ਹੈ, ਜਿਸ ਲਈ ਬਾਦਲ ਪਰਵਾਰ ਜ਼ਿੰਮੇਵਾਰ ਹੈ। ਇਸ ਲਈ ਉਨ੍ਹਾਂ ਦਾ ਮੁੱਖ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਵਾਰ ਤੋਂ ਆਜ਼ਾਦ ਕਰਵਾਉਣਾ ਹੈ। ਉਨ੍ਹਾਂ ਨੇ ਅਪਣੀ ਇਹ ਮਨਸ਼ਾ ਹੁਣ ਨਵੇਂ ਗਠਤ ਕੀਤੇ ਗਏ ਦਲ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਰੱਖ ਕੇ ਜਾਹਰ ਕਰ ਦਿਤੀ ਹੈ। ਟਕਸਾਲੀ ਆਗੂਆਂ ਅਨੁਸਾਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਅਸਲੀ ਨਾਮ ਲਈ ਕਾਨੂੰਨੀ ਚਾਰਾਜੋਈ ਲਈ ਵੀ ਤਿਆਰ ਹਨ। ਉਂਝ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਅੜਚਨ ਆਉਣ ਦੀ ਸੂਰਤ 'ਚ ਉਹ ਪਾਰਟੀ ਨਾਮ ਦੇ ਪਿੱਛੇ ਡੈਮੋਕ੍ਰੇਟਿਕ ਲਾਉਣ ਲਈ ਤਿਆਰ ਹਨ। ਪਰ ਅਸਲ ਵਿਚ ਉਨ੍ਹਾਂ ਦਾ ਮਕਸਦ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨਾਮ ਹੇਠ ਅਰਥਾਤ ਸ਼੍ਰੋਮਣੀ ਅਕਾਲੀ ਦਲ ਵਜੋਂ ਹੀ ਖੜ੍ਹਾ ਕਰਨ ਦਾ ਹੈ।

ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਪਣੀਆਂ ਰਵਾਇਤੀ ਨੀਤੀਆਂ ਤੋਂ ਰਾਹ ਭਟਕ ਗਿਆ ਹੈ। ਪਾਰਟੀ ਅੰਦਰ ਹੁਣ ਟਕਸਾਲੀ ਆਗੂਆਂ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲ ਰਿਹਾ, ਜਿਸ ਕਾਰਨ ਵੱਡੀ ਗਿਣਤੀ ਟਕਸਾਲੀ ਆਗੂ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ ਅਤੇ ਕੁੱਝ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਨਾਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ ਗਿਆ ਹੈ ਕਿਉਂਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਹੀ ਪਾਰਟੀ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਦਾ ਦਾਅਵਾ ਵੀ ਕੀਤਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਵਿਧਾਨ ਸਭਾ ਤੇ ਐਸਜੀਪੀਸੀ ਚੋਣਾਂ ਦੋਵਾਂ 'ਚ ਹੀ ਹਿੱਸਾ ਲਵੇਗੀ। ਢੀਂਡਸਾ ਨੇ ਕਿਹਾ ਕਿ ਸਾਡੀ ਪਾਰਟੀ ਵਿਚ ਕਿਸੇ ਤਰ੍ਹਾਂ ਦਾ ਕੋਈ ਪਰਿਵਾਰਵਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਪੰਜਾਬ ਭਰ ਵਿਚ ਪਾਰਟੀ ਦਾ ਵਿਸਥਾਰ ਕੀਤਾ ਜਾਣਾ ਹੈ। ਹਾਲੇ ਤਾਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਪਾਰਟੀ ਪ੍ਰਧਾਨ ਦਾ ਐਲਾਨ ਪਰਮਜੀਤ ਕੌਰ ਗੁਲਸ਼ਨ ਸਾਬਕਾ ਮੈਂਬਰ ਪਾਰਲੀਮੈਂਟ ਵਲੋਂ ਕੀਤਾ ਗਿਆ। ਫਿਰ ਸਾਰਿਆਂ ਨੇ ਇਸ ਨਾਂ 'ਤੇ ਅਪਣੀ ਸਹਿਮਤੀ ਜਤਾਈ।

ਸੁਖਦੇਵ ਸਿੰਘ ਢੀਂਡਸਾ ਵਲੋਂ ਬਣਾਈ ਗਈ ਪਾਰਟੀ ਨੂੰ ਵੱਡੀ ਗਿਣਤੀ ਟਕਸਾਲੀ ਆਗੂਆਂ ਦਾ ਸਮਰਥਨ ਮਿਲਣ ਦੀ ਸੰਭਾਵਨਾ ਹੈ। ਇਸ ਦੌਰਾਨ ਪਾਰਟੀ ਨੂੰ ਅਪਣੀ ਹਮਾਇਤ ਦੇਣ ਪਹੁੰਚੇ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਉਹ ਫਿਲਹਾਲ ਪਾਰਟੀ 'ਚ ਸ਼ਾਮਲ ਨਹੀਂ ਹੋਏ ਪਰ ਪਾਰਟੀ ਨੂੰ ਉਨ੍ਹਾਂ ਵਲੋਂ ਅਪਣਾ ਸਮਰਥਨ ਦਿਤਾ ਗਿਆ ਹੈ ਕਿਉਂਕਿ ਬਾਦਲਾਂ ਵਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਕਾਰਨ ਹੀ ਇਸ ਪਾਰਟੀ ਦਾ ਗਠਨ ਕਰਨਾ ਪਿਆ ਹੈ। ਇਸੇ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ  ਆਉਣ ਵਾਲੇ ਦਿਨਾਂ 'ਚ ਕਈ ਅਕਾਲੀ ਤੇ ਕਾਂਗਰਸੀ ਆਗੂ ਪਾਰਟੀ ਨਾਲ ਜੁੜਨ ਦਾ ਐਲਾਨ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।