ਸਾਨੂੰ ਖਾਲਿਸਤਾਨ ਨਹੀਂ, ਸਗੋਂ ਪੂਰੇ ਅਧਿਕਾਰਾਂ ਵਾਲਾ ਸੂਬਾ ਚਾਹੀਦੈ : ਸੁਖਦੇਵ ਸਿੰਘ ਢੀਂਡਸਾ
ਨਵੀਂ ਪਾਰਟੀ ਦੇ ਗਠਨ ਦਾ ਐਲਾਨ ਛੇਤੀ
ਸ੍ਰੀ ਮੁਕਤਸਰ ਸਾਹਿਬ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਖ਼ਾਲਿਸਤਾਨ ਦੀ ਹਮਾਇਤ 'ਚ ਦਿੱਤੇ ਬਿਆਨ ਤੋਂ ਬਾਅਦ ਸਿੱਖ ਸਿਆਸਤ ਅੰਦਰ ਇਸ ਮੁੱਦੇ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਹਨ। ਮੀਡੀਆ ਵਲੋਂ ਵੀ ਜ਼ਿਆਦਾਤਰ ਸਿੱਖ ਆਗੂਆਂ ਤੋਂ ਇਸੇ ਸਵਾਲ ਬਾਬਤ ਪੁਛਿਆ ਜਾਂਦਾ ਹੈ। ਬੀਤੇ ਦਿਨੀਂ ਇਸ ਮੁੱਦੇ 'ਤੇ ਪੁਛੇ ਸਵਾਲ ਦੇ ਜਵਾਬ 'ਚ ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਾਨੂੰ ਖ਼ਾਲਿਸਤਾਨ ਨਹੀਂ ਸਗੋਂ ਪੂਰੇ ਅਧਿਕਾਰਾਂ ਵਾਲੇ ਸੂਬੇ ਦੀ ਲੋੜ ਹੈ। ਅਸੀਂ ਇਸ ਦੇਸ਼ ਰਹਿ ਕੇ ਹੀ ਪੂਰੇ ਹੱਕ ਚਾਹੁੰਦੇ ਹਾਂ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਉਨ੍ਹਾਂ ਦੇ ਸੰਪਰਕ ਵਿਚ ਹਨ ਜੋ ਛੇਤੀ ਹੀ ਉਨ੍ਹਾਂ ਨਾਲ ਆਉਣ ਦਾ ਐਲਾਨ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਇਸੇ ਮਹੀਨੇ ਹੀ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕਰ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਵਲੋਂ ਗਠਿਤ ਕੀਤੀ ਜਾਣ ਵਾਲੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨਾਲ ਕਦੇ ਗੱਠਜੋੜ ਨਹੀਂ ਕਰੇਗੀ।
ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਸਬੰਧੀ ਕੇਂਦਰ ਦੇ ਮੰਤਰੀਆਂ ਦੇ ਵੱਖੋ ਵੱਖ ਬਿਆਨ ਆ ਰਹੇ ਹਨ। ਪਰ ਉਨ੍ਹਾਂ ਦੀ ਰਾਏ 'ਚ ਘੱਟੋ ਘੱਟ ਸਮਰਥਨ ਮੁੱਲ ਨਾਲ ਕਿਸੇ ਵੀ ਕਿਸਮ ਦੀ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਐਮਐਸਪੀ ਨੂੰ ਹਟਾ ਕੇ ਸਾਰੀ ਮੰਡੀ ਨੂੰ ਇਕ ਕਰਨ ਜਿਹਾ ਫ਼ੈਸਲਾ ਲਿਆ ਜਾਂਦਾ ਹੈ ਤਾਂ ਇਹ ਫ਼ੈਸਲਾ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਅਜਿਹੇ ਕਿਸੇ ਵੀ ਫ਼ੈਸਲੇ ਦਾ ਵਿਰੋਧ ਕਰਨਗੇ, ਜਿਸ ਨਾਲ ਕਿਸਾਨੀ ਦੇ ਹਿਤਾਂ ਦਾ ਨੁਕਸਾਨ ਹੁੰਦਾ ਹੋਵੇ। ਭਾਜਪਾ ਨਾਲ ਸਮਝੌਤੇ ਸਬੰਧੀ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਗੇ ਕੰਮਾਂ ਨੂੰ ਚੰਗਾ ਅਤੇ ਮਾੜੇ ਨੂੰ ਮਾੜਾ ਹੀ ਕਿਹਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਸੇ ਹੋਰ ਪਾਰਟੀ ਨਾਲ ਸਮਝੌਤੇ ਬਾਰੇ ਫਿਲਹਾਲ ਉਹ ਕੁੱਝ ਨਹੀਂ ਕਹਿ ਸਕਦੇ, ਕਿਉਂਕਿ ਮੌਜੂਦਾ ਸਮੇਂ ਉਨ੍ਹਾਂ ਦਾ ਸਾਰਾ ਧਿਆਨ ਪਾਰਟੀ ਦੀ ਮਜ਼ਬੂਤੀ ਤੇ ਇਕਮੁੱਠਤਾ 'ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੀ ਵੀ ਜਥੇਬੰਦੀ ਸਥਾਪਤ ਕੀਤੀ ਜਾਵੇਗੀ, ਉਸ ਲਈ ਪੰਜਾਬ ਦੇ ਹਿਤ ਸਭ ਤੋਂ ਪਹਿਲਾਂ ਹੋਣਗੇ।
ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲਹਿਦਾ ਹੋਣ ਤੋਂ ਬਾਅਦ ਸ੍ਰੀ ਮੁਕਤਸਰ ਵਿਖੇ ਇਹ ਉਨ੍ਹਾਂ ਦੀ ਪਲੇਠੀ ਮੀਟਿੰਗ ਸੀ। ਇਸ ਮੌਕੇ ਅਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸਥਾਪਤ ਕੀਤੀ ਜਾਣ ਵਾਲੀ ਜਥੇਬੰਦੀ ਦਾ ਮੁੱਖ ਟੀਚਾ ਪੰਜਾਬ ਦੇ ਹਿਤਾਂ ਨੂੰ ਪਹਿਲ ਦੇਣਾ ਹੋਵੇਗਾ। ਜਥੇਬੰਦੀ ਦਾ ਸਾਰਾ ਢਾਚਾ ਡੈਲੀਗੇਟਸ ਵਲੋਂ ਹੀ ਚੁਣਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।