ਕਾਂਗਰਸ ਰਾਜ ਵਿਚ ਲੋਕ ਅਪਣੇ ਹੱਕ ਲੈਣ ਲਈ ਧਰਨੇ ਦੇਣ ਲਈ ਮਜਬੂਰ ਹੋਏ : ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਦੀਆਂ ਨੀਤੀਆਂ ਵਿਰੁਧ ਜ਼ੀਰਕਪੁਰ 'ਚ ਦਿਤਾ ਧਰਨਾ

Sukhbir Badal

ਜ਼ੀਰਕਪੁਰ : ਕਾਂਗਰਸ ਪਾਰਟੀ ਜੋ ਵਾਅਦੇ ਸੂਬੇ ਦੇ ਲੋਕਾਂ ਨਾਲ ਕਰ ਕੇ ਸਰਕਾਰ ਬਣਾਉਣ ਵਿਚ ਸਫ਼ਲ ਹੋਈ ਸੀ ਉਨ੍ਹਾਂ ਵਿਚੋਂ ਇਕ ਵੀ ਵਾਅਦਾ ਹੁਣ ਤਕ ਵਫ਼ਾ ਨਹੀਂ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਅਪਣੇ ਹੱਕਾਂ ਲਈ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੂਬੇ ਦਾ ਮੁੱਖ ਮੰਤਰੀ ਅਪਣੇ ਫ਼ਾਰਮ ਹਾਊਸਾਂ ਵਿਚ ਬੈਠ ਕੇ ਤਾਲਾਬੰਦੀ ਹੋ ਕੇ ਬੈਟਾ ਹੈ ਅਤੇ ਸਰਕਾਰ ਨੂੰ ਮਾਫ਼ੀਆ ਵਲੋਂ ਚਲਾਇਆ ਜਾ ਰਿਹਾ ਹੈ। ਲੋਕ ਮੌਜੂਦਾ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਣ ਲਈ ਕਾਹਲੇ ਪੈ ਰਹੇ ਹਨ। ਇ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ੀਰਕਪੁਰ ਵਿਖੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੇ ਧੱਕੇਸ਼ਾਹੀਆਂ ਵਿਰੁਧ ਸ਼੍ਰੋਮਣੀ ਅਕਾਲੀ ਦਲ ਵਲੋਂ ਦਿਤੇ ਜਾ ਰਹੇ ਧਰਨੇ ਵਿਚ ਸ਼ਿਰਕਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਅੱਜ ਲੋਕਾਂ ਨੂੰ ਅਪਣੇ ਹੱਕਾਂ ਲਈ ਸੜਕਾਂ 'ਤੇ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ।

ਉਨ੍ਹਾਂ ਕਿਹਾ ਸੂਬਾ ਸਰਕਾਰ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਰਹੀ ਹੈ ਸਰਕਾਰਾਂ ਦੇ ਖ਼ਜ਼ਾਨੇ ਕਦੇ ਖਾਲੀ ਨਹੀਂ ਹੁੰਦੇ ਬਲਕਿ ਨੀਅਤ ਖਾਲੀ ਹੁੰਦੀ ਹੈ। ਮੌਜੂਦਾ ਸਰਕਾਰ ਨੇ 5600 ਕਰੋੜ ਦਾ ਘਪਲਾ ਸ਼ਰਾਬ ਵਿਚ ਕੀਤਾ। ਇਹ ਪੈਸਾ ਜਿਹੜਾ ਸਰਕਾਰੀ ਖ਼ਜ਼ਾਨੇ ਵਿਚ ਆਉਣਾ ਸੀ ਇਸ ਦੇ ਮੰਤਰੀਆਂ ਤੇ ਵਿਧਾÎਇਕਾਂ ਨੇ ਅਪਣੀਆਂ ਪ੍ਰਾਈਵੇਟ ਡਿਸਟਿਲਰੀਆਂ ਤੇ ਦੁਕਾਨਾ ਲਾ ਕੇ ਅਪਣੀਆਂ ਜੇਬਾਂ ਭਰੀਆਂ ਹਨ।

ਉਨ੍ਹਾਂ ਪਟਰੌਲ ਤੇ ਡੀਜ਼ਲ ਦੇ ਵਧੇ ਹੋਏ ਰੇਟਾਂ 'ਤੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਰਬ ਪਾਰਟੀ ਮੀਟਿੰਗ ਵਿਚ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਜੇਕਰ ਸੂਬਾ ਸਰਕਾਰ ਤੇਲ ਦੀ ਕੀਮਤ ਵਿਚ ਦਸ ਰੁਪਏ ਲੀਟਰ ਘੱਟ ਕਰਦੀ ਹੈ ਤਾਂ ਉਹ ਖੁਦ ਦਿੱਲੀ ਜਾ ਕੇ ਕੇਂਦਰ ਸਰਕਾਰ ਤੋਂ ਦਸ ਰੁਪਏ ਲੀਟਰ ਦੀ ਛੋਟ ਦੀ ਮੰਗ ਕਰਨਗੇ।

ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਦੌਰਾਨ ਪੂਰਨ ਬੰਦ ਹੋਣ ਕਰ ਕੇ ਜਦੋਂ ਕੇਂਦਰ ਸਰਕਾਰ ਨੇ ਗ਼ਰੀਬ ਲੋਕਾਂ ਲਈ ਕਣਕ ਅਤੇ ਦਾਲ ਸਮੇਤ ਰਾਸ਼ਨ ਭੇਜਿਆ ਸੀ ਸਰਕਾਰ ਉਸ ਨੂੰ ਵੀ ਵੰਡਣ ਵਿਚ ਨਾਕਾਮਯਾਬ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਸਰਪੰਚਾਂ ਅਤੇ ਕੌਸਲਰਾਂ ਰਾਹੀਂ ਇਸ ਸਾਰੇ ਰਾਸ਼ਨ ਨੂੰ ਦੁਕਾਨਾਂ ਵਿਚ ਵੇਚ ਕੇ ਪੈਸਾ ਕਮਾਇਆ ਹੈ।

ਉਨ੍ਹਾਂ ਜ਼ੀਰਕਪੁਰ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਇਸ ਸ਼ਹਿਰ ਦਾ ਵਿਕਾਸ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਹੀ ਹੋਇਆ ਹੈ ਕਿਉਂ ਕਿ ਇਥੇ ਇਕਨੋਮਿਕ ਐਕਟੀਵਿਟੀ ਵਧਾ ਦਿਤੀ ਗਈ ਸੀ ਤਾਂ ਜੋ ਮੁਹਾਲੀ ਵਿਖੇ ਬਣੇ ਇੰਟਰਨੈਸ਼ਨਲ ਏਅਰਪੋਰਟ ਦਾ ਸੱਭ ਤੋਂ ਵੱਧ ਲਾਭ ਇਸ ਇਲਾਕੇ ਨੂੰ ਹੋ ਸਕੇ।  ਉਨ੍ਹਾਂ ਸੂਬੇ ਨੂੰ ਮੁੜ ਤਰੱਕੀ ਦੀਆਂ ਲੀਹਾਂ 'ਤੇ ਲਿਆਉਣ ਲਈ ਆਗਾਮੀ ਚੋਣਾਂ ਦੌਰਾਨ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।