ਪਾਰਟੀ ਹਿਤਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਲਈ ਤਿਆਰ ਹਾਂ : ਸੁਖਬੀਰ ਸਿੰਘ ਬਾਦਲ
ਪਾਰਟੀ ਤੋਂ ਰੁੱਸੇ ਭਾਈ ਮਨਜੀਤ ਸਿੰਘ ਨੂੰ ਸੁਖਬੀਰ ਨੇ ਘਰ ਜਾ ਕੇ ਮਨਾਇਆ.........
ਅੰਮ੍ਰਿਤਸਰ : ਸ਼੍ਰੋਮਣੀ ਅਕਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪਾਰਟੀ ਹਿਤਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਲਈ ਤਿਆਰ ਹਾਂ। ਪਾਰਟੀ ਕਿਸੇ ਇਕ ਦੀ ਜਾਇਦਾਦ ਨਹੀਂ। ਇਹ ਪਾਰਟੀ ਦੀ ਅਮਾਨਤ ਹੈ। ਪਾਰਟੀ ਨੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨ ਦਾ ਮੌਕਾ ਦਿਤਾ ਹੈ। ਪਾਰਟੀ ਜਦ ਵੀ ਹੁਕਮ ਕਰੇਗੀ, ਤੁਰਤ ਪ੍ਰਧਾਨਗੀ ਛੱਡ ਦੇਵਾਂਗਾ। ਮੇਰੇ ਲਈ ਪਾਰਟੀ ਪ੍ਰਮੁੱਖ ਹੈ। ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ।
ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਅਤੇ ਇਸ ਦਾ ਪਰਵਾਰ ਇਕ ਪੰਥਕ ਪਰਿਵਾਰ ਹੈ ਜਿਨ੍ਹਾਂ ਦੀ ਪੰਥ 'ਚ ਬਹੁਤ ਵੱਡੀ ਦੇਣ ਸਦਕਾ ਬਹੁਤ ਵੱਡਾ ਸਤਿਕਾਰ ਹੈ। ਭਾਈ ਮਨਜੀਤ ਸਿੰਘ ਨੇ ਅੱਜ ਅਪਣੀ ਰਿਹਾਇਸ਼ 'ਤੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਦੀ ਆਮਦ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਭਾਈ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕੁੱਝ ਪੰਥਕ ਮੁੱਦਿਆਂ ਪ੍ਰਤੀ ਮਤਭੇਦ ਸਨ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨਾਲ ਅੰਦਰ ਮਿਲ ਬੈਠ ਕੇ ਵਿਚਾਰ ਵਟਾਂਦਰੇ ਰਾਹੀਂ ਵਖਰੇਵਿਆਂ ਨੂੰ ਦੂਰ ਕਰ ਲਿਆ ਹੈ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਪਾਰਟੀ ਦੇ ਸਨ ਅਤੇ ਹੁਣ ਵੀ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਕਾਰਜ ਕਰਦੇ ਰਹਿਣਗੇ।
ਸ. ਬਾਦਲ ਨੇ ਕਿਹਾ ਕਿ ਸ. ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਉਨ੍ਹਾਂ ਲਈ ਮੇਰੇ ਮਨ 'ਚ ਬਹੁਤ ਸਤਿਕਾਰ ਹੈ। ਇਨਾਂ ਆਗੂਆਂ ਦੀ ਪਾਰਟੀ ਪ੍ਰਤੀ ਵੱਡਾ ਯੋਗਦਾਨ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਸਭ ਦੀ ਪਾਰਟੀ ਹੈ ਇਕ ਪਰਵਾਰ ਹੈ, ਕਿਸੇ ਨੂੰ ਅਖੋਂ ਪਰੋਖੇ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਬ੍ਰਹਮਪੁਰਾ ਦੇ ਹਮੇਸ਼ਾ ਪੈਂਰੀਂ ਹੱਥ ਲਾÀੁਂਦੇ ਆ ਰਹੇ ਹਨ। ਅਸੀਂ ਇਕ ਪਰਵਾਰ ਹਾਂ।
ਵਧੀਆ ਹੁੰਦਾ ਜੇ ਸੁਖਬੀਰ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਦਿੰਦਾ ਅਸਤੀਫ਼ਾ, ਹੁਣ ਤਾਂ ਨਿਰਾ ਡਰਾਮਾ: ਬ੍ਰਹਮਪੁਰਾ
ਚੰਡੀਗੜ੍ਹ : ਸੁਖਬੀਰ ਦੇ ਅਸਤੀਫ਼ੇ ਦੀ ਪੇਸ਼ਕਸ਼ 'ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼ੰਕਾ ਜ਼ਾਹਰ ਕੀਤੀ ਹੈ ਕਿ ਜੇ ਸੁਖਬੀਰ ਨੂੰ ਵਿਧਾਨ ਸਭਾ ਚੋਣਾਂ ਵਿਚ ਦਲ ਦੀ ਹਾਰ ਦੀ ਭੋਰਾ ਵੀ ਸ਼ਰਮਿੰਦਗੀ ਹੁੰਦੀ ਤਾਂ ਉਹ ਉਦੋਂ ਹੀ ਅਹੁਦੇ ਤੋਂ ਲਾਂਭੇ ਹੋ ਜਾਂਦਾ। ਉਨ੍ਹਾਂ ਨੇ ਇਕ ਭੇਤ ਦੀ ਗੱਲ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਕੋਰ ਕਮੇਟੀ ਦੀ ਮੀਟਿੰਗ ਵਿਚ ਕਈ ਸੀਨੀਅਰ ਨੇਤਾਵਾਂ ਨੇ ਅਸਤੀਫ਼ਾ ਦੇਣ ਦੀ ਮੰਗ ਵੀ ਕੀਤੀ ਸੀ। ਮਾਝੇ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਂ ਨੇ ਸੁਖਬੀਰ ਵਲੋਂ ਅਸਤੀਫ਼ਾ ਦੇਣ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਸੁਖਬੀਰ ਖ਼ਾਲਸਾ ਪੰਥ ਦੇ ਸਿਧਾਂਤਾਂ 'ਤੇ ਪੂਰੇ ਨਹੀਂ ਉਤਰੇ।
ਇਕ ਹੋਰ ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਨਾਰਾਜ਼ ਆਗੂਆਂ ਵਿਚੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੂੰ ਮਨਾਉਣ ਵਿਚ ਕਾਮਯਾਬ ਹੋ ਗਏ ਹਨ। ਚੇਤੇ ਕਰਵਾਇਆ ਜਾਂਦਾ ਹੈ ਕਿ ਦਿੱਲੀ ਅਕਾਲੀ ਦਲ ਵਿਚ ਸ਼ੁਰੂ ਹੋਈ ਬਗ਼ਾਵਤ ਵਿਚ ਸੱਭ ਤੋਂ ਪਹਿਲਾਂ ਰੁੱਸ ਕੇ ਪਾਰਟੀ ਤੋਂ ਦੂਰ ਗਏ ਮਨਜੀਤ ਸਿੰਘ ਜੀ.ਕੇ. ਮੰਨ ਗਏ ਹਨ ਪਰ ਮਨਜਿੰਦਰ ਸਿੰਘ ਸਿਰਸਾ ਦੂਰ ਚਲੇ ਗਏ ਹਨ।
1920 'ਚੋਂ ਸ਼ੁਰੂ ਹੋਏ ਅਕਾਲੀ ਦਲ ਦਾ 2019 ਵਿਚ ਸੁਖਬੀਰ ਬਾਦਲ ਭੋਗ ਪਾ ਦੇਣਗੇ, ਹੁਣ ਅਸਤੀਫ਼ਾ ਕਾਹਦਾ?: ਬੁਲਾਰੀਆ
ਅੰਮ੍ਰਿਤਸਰ : ਸੁਖਬੀਰ ਦੇ ਬਿਆਨ 'ਤੇ ਕਾਂਗਰਸ ਨੇ ਚੁਟਕੀ ਲਈ ਹੈ। ਅੰਮ੍ਰਿਤਸਰ ਦੇ ਦੱਖਣੀ ਹਲਕੇ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਹੈ ਕਿ ਅਕਾਲੀਆਂ ਦਾ ਸੱਚ ਹੁਣ ਲੋਕਾਂ ਦੇ ਸਾਹਮਣੇ ਆ ਰਿਹਾ ਹੈ। ਅੰਮ੍ਰਿਤਸਰ ਰੇਲ ਹਾਦਸੇ 'ਤੇ ਅਕਾਲੀ ਦਲ ਵਲੋਂ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਪਤਨ ਨੇੜੇ ਹੈ। ਅੰਮ੍ਰਿਤਸਰ ਤੋਂ ਵਿਧਾਇਕ ਵੇਰਕਾ ਨੇ ਕਿਹਾ ਕਿ ਹੁਣ ਤਾਂ ਪਾਰਟੀ ਖ਼ਤਮ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ 1920 'ਚ ਹੋਂਦ 'ਚ ਆਏ ਅਕਾਲੀ ਦਲ ਦਾ 2019 'ਚ ਭੋਗ ਪਵੇਗਾ। ਹੁਣ ਸੁਖਬੀਰ ਦੇ ਅਸਤੀਫ਼ਾ ਦੇਣ ਦਾ ਕੀ ਫ਼ਾਇਦਾ। ਅਕਾਲੀ ਦਲ ਨੇ ਕਿਸੇ ਵੀ ਮਸਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ।