ਸੁਖਦੇਵ ਢੀਂਡਸਾ ਨੇ ਕੀਤਾ ਨਵੀਂ ਪਾਰਟੀ ਦਾ ਐਲਾਨ, ਨਾਂ ਰੱਖਿਆ ਸ਼੍ਰੋਮਣੀ ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਜਿਸਟ੍ਰੇਸ਼ਨ ਵੇਲੇ ਤਕਨੀਕੀ ਪਰੇਸ਼ਾਨੀ ਆਉਂਦੀ ਹੈ ਤਾਂ ਪਾਰਟੀ ਦਾ ਨਾਂ 'ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ' ਰੱਖ ਦਿੱਤਾ ਜਾਵੇਗਾ।

Sukhdev Dhindsa

ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਅਕਾਲੀ ਟਕਸਾਲੀ ਆਗੂਆਂ ਨੇ ਮਿਲ ਕੇ ਇਕ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਹੈ ਜਿਸ ਦਾ ਨਾਂ 'ਸ਼੍ਰੋਮਣੀ ਅਕਾਲੀ ਦਲ' ਰੱਖਿਆ ਗਿਆ ਹੈ।  ਉਨ੍ਹਾਂ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਦਾ ਐਲਾਨ ਵੀ ਕੀਤਾ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਜਲਦ ਹੀ ਅਕਾਲ ਤਖ਼ਤ ਸਾਹਿਬ 'ਚ ਸਾਰੇ ਅਕਾਲੀਆਂ ਨੂੰ ਇਕੱਠਾ ਕਰ ਕੇ ਪਾਰਟੀ ਦਾ ਨਵਾਂ ਏਜੰਡਾ ਤੈਅ ਕੀਤਾ ਜਾਵੇਗਾ। ਲੁਧਿਆਣਾ 'ਚ ਹੋਈ ਬੈਠਕ 'ਚ ਸੁਖਦੇਵ ਢੀਂਡਸਾ ਤੇ ਆਗੂਆਂ ਨੇ ਕਿਹਾ ਕਿ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੀ ਰਹੇਗਾ। ਇਹੀ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ। ਸੁਖਬੀਰ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਇਆ ਜਾਂਦਾ ਹੈ।

ਇਸ ਦੇ ਨਾਲ ਹੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਬਾਅਦ 'ਚ ਰਜਿਸਟ੍ਰੇਸ਼ਨ ਵੇਲੇ ਤਕਨੀਕੀ ਪਰੇਸ਼ਾਨੀ ਆਉਂਦੀ ਹੈ ਤਾਂ ਪਾਰਟੀ ਦਾ ਨਾਂ 'ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ' ਰੱਖ ਦਿੱਤਾ ਜਾਵੇਗਾ। ਪਾਰਟੀ ਦਾ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਚੁਣਿਆ ਗਿਆ ਹੈ। ਸੁਖਦੇਵ ਢੀਂਡਸਾ ਨੇ ਕਿਹਾ ਕਿ ਅੱਜ ਦਾ ਦਿਨ ਅਤੇ ਸਥਾਨ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਫ਼ਤਿਹ ਕੀਤਾ ਸੀ ਅਤੇ ਲੁਧਿਆਣਾ ਇਸ ਲਈ ਚੁਣਿਆ ਗਿਆ ਕਿਉਂਕਿ ਮਾਸਟਰ ਤਾਰਾ ਸਿੰਘ ਲੰਬਾ ਸਮਾਂ ਅਕਾਲੀ ਦਲ ਦੇ ਪ੍ਰਧਾਨ ਰਹੇ ਅਤੇ ਉਨ੍ਹਾਂ ਦੇ ਅਕਸ 'ਤੇ ਕੋਈ ਉਂਗਲ ਨਹੀਂ ਚੁੱਕ ਸਕਿਆ।

ਲੁਧਿਆਣਾ ਪੰਥ ਦਾ ਸਿਰ ਅਤੇ ਪਟਿਆਲਾ ਪੰਥ ਦਾ ਧੜ ਹੈ। ਇਸ ਲਈ ਉਨ੍ਹਾਂ ਇਸ ਸਮਾਗਮ ਲਈ ਲੁਧਿਆਣਾ ਦੀ ਚੋਣ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਉਹ ਅੱਜ ਤੋਂ ਸਿਧਾਂਤਕ ਲੜਾਈ ਦੀ ਸ਼ੁਰੂਆਤ ਕਰ ਰਹੇ ਹਨ ਅਤੇ ਇਸ ਲੜਾਈ ਨੂੰ ਉਹ ਇਕੱਲੇ ਨਹੀਂ ਸਗੋਂ ਪੂਰੀ ਟੀਮ ਨਾਲ ਹੀ ਜਿੱਤ ਸਕਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਪੰਜਾਬ ਨੂੰ ਬਚਾਉਣ ਵਿਚ ਅਹਿਮ ਰੋਲ, ਲਿਹਾਜ਼ਾ ਨੌਜਵਾਨਾਂ ਨੂੰ ਸੱਚੇ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਪਾਰਟੀ ਦੇ ਨਾਂ ਤੇ ਪ੍ਰਧਾਨ ਬਾਰੇ ਫ਼ੈਸਲਾ ਆਗੂਆਂ ਤੇ ਵਰਕਰਾਂ ਨੇ ਲੈਣਾ ਹੈ। ਇਕ ਸਵਾਲ ਦੇ ਜਵਾਬ 'ਚ ਢੀਂਡਸਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕਈ ਅਕਾਲੀ ਆਗੂ ਤੇ ਕਾਂਗਰਸੀ ਆਗੂ ਇਸ ਵਿਚ ਸ਼ਾਮਲ ਹੋਣਗੇ।