ਸੁਖਬੀਰ ਨੇ ਸੁਖਦੇਵ ਢੀਂਡਸਾ ਨੂੰ ਦੋ ਵਾਰ ਗਵਰਨਰ ਨਹੀਂ ਬਣਨ ਦਿਤਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਦੇਵ ਸਿੰਘ ਢੀਂਡਸਾ ਇਕ ਦਿਨ ਵਿਚ ਹੀ ਨਹੀਂ, ਇਸ ਮੁਕਾਮ 'ਤੇ ਪੁੱਜੇ, ਪਰਦੇ ਪਿਛੇ ਉਹ ਕਾਫ਼ੀ ਸਮੇਂ ਤੋਂ ਬਾਦਲਾਂ ਤੋਂ ਵਖਰਾ ਰਾਹ ਅਖ਼ਤਿਆਰ ਕਰ ਚੁਕੇ ਸਨ

Photo

ਅੰਮ੍ਰਿਤਸਰ : ਭਾਜਪਾ ਹਾਈ ਕਮਾਂਡ ਵਲੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੋਂ ਪਿਛੇ ਹਟ ਜਾਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਦੇਸ਼ ਦੇ ਸਿਆਸੀ ਮੰਚ 'ਤੇ ਤਾਕਤ ਦੇਣ ਨਾਲ ਬਾਦਲ ਪਰਵਾਰ ਦੇ ਬੁਖਲਾਹਟ 'ਚ ਚਲੇ ਜਾਣ ਦੀ ਚਰਚਾ ਰਾਜਨੀਤਕ ਤੇ ਸਿੱਖ ਸਿਆਸਤ ਵਿਚ ਛਿੜ ਗਈ ਹੈ।

ਸਿਆਸੀ ਹਲਕਿਆਂ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਦੇ ਗਵਰਨਰ ਬਣਨ ਦੀ ਫ਼ਾਈਲ ਦੋ ਵਾਰੀ ਸੁਖਬੀਰ ਸਿੰਘ ਬਾਦਲ ਨੇ ਅਪਣਾ ਅਸਰ ਰਸੂਖ ਵਰਤ ਕੇ ਰੁਕਵਾ ਦਿਤੀ ਸੀ ਜਿਸ ਦਾ ਉਚ ਭਾਜਪਾ ਲੀਡਰਸ਼ਿਪ ਨੇ ਵੀ ਬੁਰਾ ਮਨਾਇਆ ਸੀ ਪਰ ਇਸ ਦਾ ਰਾਜਨੀਤਕ ਲਾਭ ਅੱਜ ਢੀਂਡਸਾ ਨੂੰ ਮਿਲ ਰਿਹਾ ਹੈ ਕਿ ਦਬਾਉਣ ਨਾਲ ਇਨਸਾਨ ਹੀ ਨਹੀਂ, ਕੁਦਰਤ ਵੀ ਬਹੁਤ ਬੁਰਾ ਮਨਾਉਂਦੀ ਹੈ।

ਇਹ ਚਰਚਾ ਦਾ ਬਾਜ਼ਾਰ ਗਰਮ ਹੈ ਕਿ ਸੁਖਦੇਵ ਸਿੰਘ ਢੀਂਡਸਾ ਇਕ ਦਿਨ ਵਿਚ ਹੀ ਨਹੀਂ, ਇਸ ਮੁਕਾਮ 'ਤੇ ਪੁੱਜੇ, ਪਰਦੇ ਪਿਛੇ ਉਹ ਕਾਫ਼ੀ ਸਮੇਂ ਤੋਂ ਬਾਦਲਾਂ ਤੋਂ ਵਖਰਾ ਰਾਹ ਅਖ਼ਤਿਆਰ ਕਰ ਚੁਕੇ ਸਨ ਜਿਸ ਦੀ ਭਿਣਕ ਬਾਦਲ ਪਰਵਾਰ ਨੂੰ ਸੀ ਪਰ ਉਹ ਉਸ ਵੇਲੇ ਸੱਤਾ ਦੇ ਨਸ਼ੇ ਵਿਚ ਸਨ ਕਿ ਸਾਡਾ ਭਾਜਪਾ ਨਾਲ ਨਹੁੰ ਮਾਸ ਤੇ ਪਤੀ ਪਤਨੀ ਵਾਲਾ ਰਿਸ਼ਤਾ ਹੈ ਜੋ ਸਿਆਸਤ ਵਿਚ ਨਹੀਂ ਚਲਦਾ।

ਦਿੱਲੀ ਦੀ ਸਰਗਰਮ ਪੰਜਾਬੀ ਲਾਬੀ ਵੀ ਬਾਦਲਾਂ ਦੀ ਥਾਂ ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿਚ ਸਰਗਰਮ ਹੋ ਗਈ ਹੈ ਕਿ ਪੰਜਾਬ ਨੂੰ ਅੱਜ ਚੰਗੇ ਕਿਰਦਾਰ ਦੀ ਜ਼ਰੂਰਤ ਹੈ। ਬਾਦਲਾਂ ਵਲੋਂ ਸੌਦਾ ਸਾਧ ਅੱਗੇ ਗੋਡੇ ਟੇਕਣ, ਡਰੱਗਜ਼, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਬਚਾਉਣ ਅਤੇ ਡਿਕਟੇਟਰ ਬਣ ਜਾਣ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪਣੇ ਰਾਜਸੀ ਹਿਤਾਂ ਲਈ ਵਰਤਣ ਕਾਰਨ ਅੱਜ ਬਾਦਲ ਪਰਵਾਰ ਦੀ ਨਾ ਦਿੱਲੀ ਚੋਣਾਂ 'ਚ ਕੋਈ ਕਦਰ ਹੈ ਅਤੇ ਨਾ ਹੀ ਲੋਕਾਂ ਵਿਚ ਪਹਿਲਾਂ ਵਰਗਾ ਮਾਣ-ਸਨਮਾਨ ਨਹੀਂ  ਰਹਿ ਗਿਆ।

ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੇ ਘਾਗ ਆਗੂ ਇਸ ਵੇਲੇ ਸੁਖਦੇਵ ਸਿੰਘ ਢੀਂਡਸਾ ਨਾਲ ਸੰਪਰਕ ਵਿਚ ਹਨ ਤੇ ਦਿੱਲੀ ਚੋਣਾਂ ਖ਼ਤਮ ਹੁੰਦਿਆਂ ਹੀ ਪੰਜਾਬ ਦੀ ਪੰਥਕ ਸਿਆਸਤ 'ਚ ਨਵਾਂ ਮੋੜ ਆਉਣ ਦੀ ਸੰਭਾਵਨਾ ਹੈ ਜਿਸ ਤੋਂ ਬਾਦਲ ਚਿੰਤਤ ਦੱਸੇ ਜਾ ਰਹੇ ਹਨ।