ਕੋਟਕਪੂਰਾ ਗੋਲੀਕਾਂਡ ਮਾਮਲਾ : ਅਦਾਲਤ ਵਿਚ ਪੇਸ਼ ਹੋਏ ਸੁਖਬੀਰ ਸਿੰਘ ਬਾਦਲ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਵਿਚ ਲਗਵਾਈ ਹਾਜ਼ਰੀ 

punjab News

ਫ਼ਰੀਦਕੋਟ : ਸਾਲ 2015 ਵਿਚ ਵਾਪਰੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਵਲੋਂ ਨਾਮਜ਼ਦ ਕੀਤੇ ਗਏ ਪੰਜਾਬ ਦੇ ਤੱਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਫ਼ਰੀਦਕੋਟ ਅਦਾਲਤ ਵਿਚ ਪੇਸ਼ ਹੋਏ ਅਤੇ ਅਪਣੀ ਹਾਜ਼ਰੀ ਲਗਵਾਈ। ਉਨ੍ਹਾਂ ਦੇ ਨਾਲ ਅੱਜ ਫ਼ਿਰੋਜ਼ਪੁਰ ਰੇਂਜ ਦੇ ਤਤਕਾਲੀ ਡੀ.ਆਈ.ਜੀ. ਅਮਰ ਸਿੰਘ ਚਾਹਲ ਵੀ ਪੇਸ਼ ਹੋਏ ਹਨ। ਫਿਲਹਾਲ ਅਦਾਲਤ ਵਲੋਂ ਅਗਲੀ ਤਰੀਕ ਨਹੀਂ ਦਿਤੀ ਗਈ ਹੈ।  

ਦਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਇਸ ਮਾਮਲੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ, ਮੁਅੱਤਲ ਆਈ.ਜੀ.ਪਰਮਰਾਜ ਸਿੰਘ ਉਮਰਾਨੰਗਲ ਸਮੇਤ ਕਰੀਬ 8 ਲੋਕਾਂ ਨੂੰ ਵਿਸ਼ੇਸ਼ ਜਾਂਚ ਟੀਮ ਨੇ ਨਾਮਜ਼ਦ ਕੀਤਾ ਸੀ ਜਿਨ੍ਹਾਂ ਵਿਚੋਂ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਮੁੱਖ ਮੰਤਰੀ ਦੀ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਹੁਣ ਕੋਟਕਪੂਰਾ ਗੋਲੀਕਾਂਡ ਮਾਮਲੇ ਨਾਲ ਸਬੰਧਿਤ 2 ਵੱਖ-ਵੱਖ ਮੁਕੱਦਮਿਆਂ ਵਿਚ ਕੁੱਲ 7 ਲੋਕ ਨਾਮਜ਼ਦ ਹਨ ਨੇ ਜਿਨ੍ਹਾਂ ਵਿਚੋਂ  ਸੁਖਬੀਰ ਸਿੰਘ ਬਾਦਲ ਮਾਨਯੋਗ ਅਦਾਲਤ ਵਿਚ ਪੇਸ਼ ਹੋਏ।

ਇਹ ਵੀ ਪੜ੍ਹੋ: ਮੌਸਮ ਵਿਭਾਗ ਨੇ ਪੰਜਾਬ ਵਿਚ ਜਾਰੀ ਕੀਤਾ ਯੈਲੋ ਅਲਰਟ: 14 ਜ਼ਿਲ੍ਹਿਆਂ ਵਿਚ ਮੀਂਹ ਤੇ 30 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ ਹਵਾ 

ਜ਼ਿਕਰਯੋਗ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਮਾਮਲੇ ਵਿਚ ਸਪਲੀਮੈਂਟਰੀ ਚਲਾਣ ਵੀ ਪੇਸ਼ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਕਰ ਰਹੀ ਏ.ਡੀਜੀਪੀ. ਐਲ ਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ 2400 ਪੰਨਿਆਂ ਦਾ ਹੋਰ ਸਪਲੀਮੈਂਟਰੀ ਚਲਾਨ ਵੀ ਪੇਸ਼ ਕੀਤਾ ਸੀ।

ਇਥੇ ਅਪਣੀ ਹਾਜ਼ਰੀ ਲਗਵਾਉਣ ਉਪਰੰਤ ਮੀਡੀਆ ਨਾਲ ਗੱਲਬਾਤ ਕੀਤੀ। ਸੁਖਬੀਰ ਸਿੰਘ ਬਾਦਲ ਨੇ ਇਸ ਦੌਰਾਨ ਟੋਲ ਪਲਾਜ਼ੇ ਬੰਦ ਕਰਨ ਨੂੰ ਲੈ ਕੇ ਪੰਜਾਬ 'ਤੇ ਨਿਸ਼ਾਨੇ ਸਾਧੇ। ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਟੋਲ ਪਲਾਜ਼ੇ ਬੰਦ ਕਰਨ ਨੂੰ ਲੈ ਕੇ ਡਰਾਮੇਬਾਜ਼ੀ ਕਰ ਰਹੀ ਹੈ। ਜਿਸ ਟੋਲ ਦਾ ਸਮਾਂ ਪੂਰਾ ਹੋ ਜਾਵੇ ਉਹ ਇਕ ਪੈਸਾ ਵੀ ਕਿਸੇ ਤੋਂ ਵਸੂਲ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਉਹੀ ਟੋਲ ਪਲਾਜ਼ੇ ਬੰਦ ਕਰਨ ਦੇ ਐਲਾਨ ਕਰ ਰਹੀ ਹੈ ਜੋ ਅਸਲ ਵਿਚ ਅਪਣੇ ਆਪ ਬੰਦ ਹੋਣ ਵਾਲੇ ਹਨ। ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਸੱਚ ਮੁੱਚ ਹੀ ਟੋਲ ਬੰਦ ਕਰਨਾ ਚਾਹੁੰਦੀ ਹੈ ਤਾਂ ਉਹ ਟੋਲ ਬੰਦ ਕਰੇ ਜਿਨ੍ਹਾਂ ਦਾ ਸਮਾਂ ਜ਼ਿਆਦਾ ਪਿਆ ਹੈ।