ਘਰੇਲੂ ਕਲੇਸ਼ ਕਾਰਨ ਸੱਸ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ
ਸੁਸਾਈਡ ਨੋਟ ਲਿਖ ਕੇ ਨੂੰਹਾਂ 'ਤੇ ਲਗਾਇਆ ਜ਼ਲੀਲ ਕਰਨ ਦਾ ਇਲਜ਼ਾਮ
ਤਰਨਤਾਰਨ : ਇਥੇ ਇਕ ਔਰਤ ਵਲੋਂ ਘਰੇਲੂ ਕਲੇਸ਼ ਦੇ ਚਲਦਿਆਂ ਅਪਣੀਆਂ ਨੂੰਹਾਂ ਤੋਂ ਦੁਖੀ ਹੋ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਦਲਜੀਤ ਕੌਰ ਵਜੋਂ ਦੱਸੀ ਜਾ ਰਹੀ ਹੈ ਜਿਸ ਨੇ ਮਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਹੈ। ਦਲਜੀਤ ਕੌਰ ਨੇ ਮਰਨ ਤੋਂ ਪਹਿਲਾਂ ਲਿਖੇ ਸੁਸਾਈਡ ਨੋਟ ਵਿਚ ਦਸਿਆ ਕਿ ਉਸ ਦੀਆਂ ਦੋਵੇਂ ਨੂੰਹਾਂ ਉਸ ਨੂੰ ਤੰਗ ਪ੍ਰੇਸ਼ਾਨ ਕਰਦਿਆਂ ਸਨ। ਨੂੰਹਾਂ ਵਲੋਂ ਉਸ ਨਾਲ ਗਲੀ-ਗਲੋਚ ਅਤੇ ਬੁਰੀ ਤਰ੍ਹਾਂ ਜ਼ਲੀਲ ਕੀਤਾ ਜਾਂਦਾ ਸੀ ਜਿਸ ਦੇ ਚਲਦੇ ਉਸ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਦਲਜੀਤ ਕੌਰ ਦੀ ਲੜਕੀ ਮਨਪ੍ਰੀਤ ਕੌਰ ਨੇ ਰੋਂਦੇ ਹੋਏ ਦਸਿਆ ਕਿ ਉਸ ਦੀਆਂ ਭਾਬੀਆਂ ਘਰ ਵਿਚ ਅਕਸਰ ਹੀ ਕਲੇਸ਼ ਕਰਦਿਆਂ ਰਹਿੰਦੀਆਂ ਸਨ ਅਤੇ ਸਾਡੀ ਮਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਦੁਰਵਿਵਹਾਰ ਕਰਦੀਆਂ ਸਨ ਜਿਸ ਕਾਰਨ ਮੇਰੀ ਮਾਂ ਨੇ ਇਨ੍ਹਾਂ ਤੋਂ ਤੰਗ ਆ ਕੇ ਆਤਮ ਹਤਿਆ ਕਰ ਲਈ ਹੈ। ਉਨ੍ਹਾਂ ਪੁਲਿਸ ਕੋਲੋ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਆਮ ਆਦਮੀ ਪਾਰਟੀ ਦੇ ਆਗੂ ਵਿਰੁਧ ਮਾਮਲਾ ਦਰਜ
ਉਧਰ ਚੌਕੀ ਇੰਚਾਰਜ ਬਲਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਕੋਲ ਦਲਜੀਤ ਕੌਰ ਪਤਨੀ ਦਿਲਬਾਗ ਸਿੰਘ ਦੀ ਮੌਤ ਦਾ ਸਮਾਚਾਰ ਮਿਲਿਆ ਹੈ ਅਤੇ ਪ੍ਰਵਾਰ ਵਲੋਂ ਸੁਸਾਈਡ ਨੋਟ ਵੀ ਦਿਤਾ ਗਿਆ ਹੈ। ਜਿਸ ਵਿਚ ਮ੍ਰਿਤਕ ਨੇ ਅਪਣੀ ਮੌਤ ਦਾ ਕਾਰਨ ਅਪਣੀਆਂ ਨੂੰਹਾਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਅਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਕੀਤੀ ਹੈ।
ਉਨ੍ਹਾਂ ਦਸਿਆ ਕਿ ਫਿਲਹਾਲ ਪ੍ਰਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਮੌਕੇ ਤੋਂ ਜੋ ਸੁਸਾਈਡ ਨੋਟ ਮਿਲਿਆ ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਜਿਹੜਾ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ।