ਹਾਈ ਕੋਰਟ ਵਿਖੇ ਗੁੜਗਾਉਂ ਪਟੌਦੀ ’ਚ 47 ਸਿੱਖਾਂ ਦੇ ਕਤਲੇਆਮ ਮਾਮਲੇ ਦੀ ਹੋਈ ਸੁਣਵਾਈ, ਅਗਲੀ ਪੇਸ਼ੀ 17 ਅਕਤੂਬਰ ਨੂੰ
ਨਵੰਬਰ 84 ਦੇ ਦੁਖਾਂਤ ਨੇ ਪੀੜਤਾਂ ਦਾ ਸਭ ਕੁਝ ਮਲੀਆਮੇਟ ਕਰ ਦਿਤਾ : ਘੋਲੀਆ
ਕੋਟਕਪੂਰਾ (ਗੁਰਿੰਦਰ ਸਿੰਘ): 2 ਨਵੰਬਰ 1984 ਨੂੰ ਗੁੜਗਾਉਂ ਪਟੌਦੀ (ਹਰਿਆਣਾ) ਵਿਖੇ ਵਹਿਸ਼ੀਆਨਾ ਭੀੜ ਨੇ 297 ਘਰਾਂ ਨੂੰ ਅੱਗ ਲਾ ਕੇ ਸਾੜ ਫੂਕ ਕਰਨ ਦੇ ਕੇਸ ਦੀ ਅੱਜ ਹਾਈ ਕੋਰਟ ’ਚ ਸੁਣਵਾਈ ਹੋਈ। ਇਸ ਸਬੰਧੀ 2 ਸਰਕਾਰੀ ਧਿਰਾਂ ਨੇ ਨੋਟਿਸ ਦਾ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਅਤੇ ਜਸਟਿਸ ਨੇ ਅਗਲੀ ਪੇਸ਼ੀ 17 ਅਕਤੂਬਰ 2023 ’ਤੇ ਪਾ ਦਿਤੀ।
2 ਨਵੰਬਰ 1984 ਨੂੰ ਗੁੜਗਾਉਂ ਪਟੌਦੀ (ਹਰਿਆਣਾ) ’ਚ 47 ਸਿੱਖਾਂ ਨੂੰ ਤੜਪਾ-ਤੜਪਾ ਕੇ ਅਰਥਾਤ ਪੂਰੀ ਤਰ੍ਹਾਂ ਦੁਖੀ ਕਰ ਕੇ ਮਾਰ ਦਿਤਾ ਸੀ। ਇਸ ਸਬੰਧੀ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵਲੋਂ ਰਿੱਟ ਨੰਬਰ 10904 ਪੀੜਤ ਸੰਤੋਖ ਸਿੰਘ ਸਾਹਨੀ ਰਾਹੀਂ ਸੀਨੀਅਰ ਵਕੀਲ ਗਗਨਦੀਪ ਸਿੰਘ ਬੱਲ ਰਾਹੀਂ 133 ਪਟੀਸ਼ਨਾਂ ਲਾਈਆਂ ਗਈਆਂ ਸਨ, ਜਿਸ ਦੀ ਹਾਈ ਕੋਰਟ ਵਿਖੇ ਜਸਟਿਸ ਵਿਨੋਦ ਕੁਮਾਰ ਭਾਰਦਵਾਜ ਇਕਹਿਰੀ ਬੈਚ ਮੂਹਰੇ ਅੱਜ ਸੁਣਵਾਈ ਹੋਈ।
ਸਿੱਖ ਕਤਲੇਆਮ ਮਾਮਲੇ ਵਿਚ ਮਾਣਯੋਗ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਅਤੇ ਡੀ.ਸੀ. ਗੁੜਗਾਉਂ ਸਮੇਤ 9 ਧਿਰਾਂ ਨੂੰ ਪਿਛਲੀ ਤਰੀਕ ’ਤੇ ਨੋਟਿਸ ਜਾਰੀ ਕੀਤੇ ਸਨ।
ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 1984 ਸਿੱਖ ਕਤਲੇਆਮ ਮਾਮਲਾ ਦੁਨੀਆਂ ਦੇ ਇਤਿਹਾਸ ਵਿਚ ਇਕਤਰਫਾ ਕਤਲੇਆਮ ਹੈ, ਜੋ ਕਿ ਗਿਣੀ ਮਿੱਥੀ ਯੋਜਨਾ ਰਾਹੀਂ ਕੀਤਾ ਗਿਆ। ਉਹ ਪੀੜਤਾਂ ਨੂੰ ਇਨਸਾਫ਼ ਤੇ ਨਿਆਂ ਦਿਵਾਉਣ ਲਈ ਕਾਨੂੰਨੀ ਪ੍ਰਕਿਰਿਆ ਰਾਹੀਂ ਅਪਣਾ ਸੰਘਰਸ਼ ਨਿਰੰਤਰ ਜਾਰੀ ਰੱਖਣਗੇ, ਜਿੰਨਾ ਚਿਰ ਪੀੜਤਾਂ ਨੂੰ ਇਨਸਾਫ਼ ਨਹੀ ਮਿਲ ਜਾਂਦਾ।
ਉਨ੍ਹਾਂ ਦਾਅਵਾ ਕੀਤਾ ਕਿ ਅੱਜ ਵੀ ਪੀੜਤ ਪ੍ਰਵਾਰ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ, ਕਿਉਂਕਿ ਨਵੰਬਰ 1984 ਦੇ ਦੁਖਾਂਤ ਨੇ ਸਭ ਕੁਝ ਮਲੀਆਮੇਟ ਕਰ ਕੇ ਰੱਖ ਦਿਤਾ। ਇਸ ਮੌਕੇ ਉਨ੍ਹਾਂ ਨਾਲ ਪੀੜਤ ਗੁਰਜੀਤ ਸਿੰਘ ਪਟੌਦੀ, ਬਲਕਰਨ ਸਿੰਘ ਢਿੱਲੋਂ ਮੋਗਾ, ਗੁਰਦੀਪ ਸਿੰਘ ਕੁਰਕਸ਼ੇਤਰ, ਸਰੂਪ ਸਿੰਘ ਚੂਹੜਚੱਕ, ਸੁਰਜੀਤ ਸਿੰਘ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਆਦਿ ਵੀ ਹਾਜ਼ਰ ਸਨ।