ਜ਼ਹਿਰੀਲੀ ਸ਼ਰਾਬ ਕਾਂਡ: ਲੱਖਾਂ ਲਿਟਰ ਲਾਹਣ ਬਰਾਮਦਗੀ 'ਤੇ ਉਠੇ ਸਵਾਲ, ਪਹਿਲਾਂ ਕਿਉਂ ਨਹੀਂ ਹੋਈ ਕਾਰਵਾਈ?
ਨਸ਼ਿਆਂ ਖਿਲਾਫ਼ ਸਰਕਾਰ ਦੀ ਸਾਢੇ ਤਿੰਨ ਸਾਲ ਦੀ ਕਾਰਗੁਜ਼ਾਰੀ ਵੀ ਕਟਹਿਰੇ 'ਚ
ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਸ਼ਰਾਬ ਮਾਫ਼ੀਆ ਖਿਲਾਫ਼ ਸਿਕੰਜ਼ਾ ਕਸਦਿਆਂ ਪੰਜਾਬ ਸਰਕਾਰ ਨੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਹੈ। ਇਸ ਮਾਮਲੇ 'ਚ ਵੱਡੀ ਗਿਣਤੀ 'ਚ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਵੀ ਜਾਰੀ ਹੈ। ਇਸ ਦੇ ਬਾਵਜੂਦ ਇਹ ਮਾਮਲਾ ਹੁਣ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਜੇਕਰ ਸਰਕਾਰ ਇਸ ਮਾਮਲੇ 'ਚ ਕੋਈ ਢਿੱਲ ਵਰਤਦੀ ਹੈ ਤਾਂ ਉਸ ਲਈ ਅੰਦਰੋਂ-ਬਾਹਰੋਂ ਉਠ ਰਹੇ ਸਵਾਲਾਂ ਦਾ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ। ਪਰ ਜਿਸ ਹਿਸਾਬ ਨਾਲ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਹੋ ਰਹੀ ਹੈ, ਉਸ ਤੋਂ ਵੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆਂ ਨਿਸ਼ਾਨ ਲੱਗਣੇ ਲਾਜ਼ਮੀ ਹਨ।
ਵਿਰੋਧੀ ਪਾਰਟੀਆਂ ਨੇ ਵੀ ਇਸ ਸਬੰਧੀ ਸਵਾਲ ਉਠਾਉਣੇ ਸ਼ੁਰੂ ਕਰ ਦਿਤੇ ਹਨ। ਖ਼ਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਬੰਧੀ ਖ਼ਾਸ ਲਾਮਬੰਦੀ ਸ਼ੁਰੂ ਕਰ ਦਿਤੀ ਹੈ। ਪੰਜਾਬ ਸਰਕਾਰ ਨਸ਼ਿਆਂ ਦੇ ਕਾਰੋਬਾਰ ਦਾ ਠੀਕਰਾ ਪਿਛਲੀ ਅਕਾਲੀ-ਭਾਜਪਾ ਸਰਕਾਰ ਸਿਰ ਭੰਨਦੀ ਰਹੀ ਹੈ। ਸਰਕਾਰ ਵਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਣ ਦੇ ਦਾਅਵੇ ਵੀ ਕੀਤੇ ਜਾਂਦੇ ਰਹੇ ਹਨ। ਪਰ ਜ਼ਹਿਰੀਲੀ ਸ਼ਰਾਬ ਕਾਂਡ ਨੇ ਸਰਕਾਰ ਦੇ ਸਾਰੇ ਦਾਅਵਿਆਂ ਅਤੇ ਵਾਅਦਿਆਂ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ।
ਹੁਣ ਤਕ ਸਵਾ ਸੌ ਤੋਂ ਵਧੇਰੇ ਵਿਅਕਤੀ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਅਤੇ ਕਈ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਇਸੇ ਤਰ੍ਹਾਂ ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ ਅਤੇ ਲਾਹੁਣ ਫੜੀ ਜਾ ਰਹੀ ਹੈ ਅਤੇ ਇਸ ਧੰਦੇ ਨਾਲ ਜੁੜੇ ਵੱਡੀ ਗਿਣਤੀ ਲੋਕ ਸ਼ਲਾਖਾ ਪਿੱਛੇ ਪਹੁੰਚ ਚੁੱਕੇ ਹਨ। ਬਰਾਮਦ ਹੋਈ ਲਾਹਣ ਦੀ ਮਿਕਦਾਰ ਹੁਣ ਲੱਖਾਂ ਲੀਟਰ ਤਕ ਪਹੁੰਚਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਤੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੀ ਵਿਆਪਕਤਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਨਸ਼ਿਆਂ ਦੇ ਖ਼ਾਤਮੇ ਦਾ ਵਾਅਦਾ ਕਰ ਕੇ ਸੱਤਾ ਆਈ ਕੈਪਟਨ ਸਰਕਾਰ ਨੂੰ ਬਣਿਆ ਸਾਢੇ ਤਿੰਨ ਸਾਲ ਤੋਂ ਵਧੇਰੇ ਸਮਾਂ ਬੀਤ ਚੁੱਕਾ ਹੈ। ਇਸ ਦੇ ਬਾਵਜੂਦ ਲੱਖਾਂ ਲੀਟਰ ਲਾਹਣ ਦਾ ਬਰਾਮਦ ਹੋਣਾ ਸਰਕਾਰ ਦੀ ਸਾਢੇ 3 ਸਾਲ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਾ ਹੈ। ਜ਼ਹਿਰੀਲੀ ਸ਼ਰਾਬ ਕਾਂਡ ਨੇ ਵਿਰੋਧੀਆਂ ਲਈ ਦੋਵੇਂ ਹੱਥਾਂ 'ਚ ਲੱਡੂ ਵਾਲੀ ਸਥਿਤੀ ਬਣਾ ਦਿਤੀ ਹੈ। ਇਕ ਪਾਸੇ ਉਹ ਇਸ ਕਾਂਡ ਦੇ ਵਾਪਰਨ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨੇ ਸਾਧ ਰਹੇ ਹਨ ਅਤੇ ਦੂਜੇ ਪਾਸੇ ਸਖ਼ਤੀ ਤੋਂ ਬਾਅਦ ਬਰਾਮਦ ਹੋ ਰਹੀ ਨਾਜਾਇਜ਼ ਸ਼ਰਾਬ ਦੀ ਮਿਕਦਾਰ ਨੂੰ ਲੈ ਕੇ ਸਵਾਲ ਉਠਾ ਰਹੇ ਹਨ। ਵਿਰੋਧੀਆਂ ਮੁਤਾਬਕ ਜੇਕਰ ਸਰਕਾਰ ਨੇ ਸਾਢੇ ਤਿੰਨ ਸਾਲਾਂ ਦੌਰਾਨ ਨਸ਼ਿਆਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਵਾਕਈ ਕਦਮ ਚੁੱਕੇ ਸਨ ਤਾਂ ਇਹ ਲੱਖਾਂ ਲੀਟਰ ਲਾਹਣ ਇਕਦਮ ਕਿੱਥੋਂ ਆ ਗਈ ਹੈ?
ਇਹੀ ਹਾਲ ਬਾਕੀ ਨਸ਼ਿਆਂ ਦਾ ਹੈ। ਭਾਵੇਂ ਸਰਕਾਰ ਵਲੋਂ ਨਸ਼ਿਆਂ ਦੇ ਕਾਰੋਬਾਰ ਦਾ ਲੱਕ ਤੋੜਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਹਕੀਕਤ 'ਚ ਬਾਕੀ ਨਸ਼ਿਆਂ ਦੇ ਕਾਰੋਬਾਰ ਦੇ ਵੀ ਬਾਦਸਤੂਰ ਜਾਰੀ ਰਹਿਣ ਦੀਆਂ ਕਨਸੋਆਂ ਸਾਹਮਣੇ ਆ ਰਹੀਆਂ ਹਨ। ਲੌਕਡਾਊਨ ਦੌਰਾਨ ਵੀ ਪੰਜਾਬ ਅੰਦਰ ਨਾਜਾਇਜ਼ ਸ਼ਰਾਬ ਤੋਂ ਇਲਾਵਾ ਬਾਕੀ ਨਸ਼ਿਆਂ ਦੀ ਸਪਲਾਈ ਸਬੰਧੀ ਖ਼ਬਰਾਂ ਸਾਹਮਣੇ ਆਈਆਂ ਸਨ। ਪੰਜਾਬ ਦੀਆਂ ਅਸੰਬਲੀ ਚੋਣਾਂ ਅੱਗੇ ਹੁਣ ਡੇਢ ਸਾਲ ਤੋਂ ਘੱਟ ਵਕਤ ਰਹਿ ਗਿਆ ਹੈ। ਪਿਛਲੀਆਂ ਚੋਣਾਂ ਵੀ ਨਸ਼ਿਆਂ ਦੇ ਮੁੱਦੇ 'ਤੇ ਲੜੀਆਂ ਗਈਆਂ ਸਨ। ਹੁਣ ਆਉਂਦੀਆਂ ਚੋਣਾਂ ਦੌਰਾਨ ਵੀ ਨਸ਼ਿਆਂ ਦਾ ਮੁੱਦਾ ਸਭ ਤੋਂ ਉਪਰ ਰਹਿਣ ਦੇ ਅਸਾਰ ਬਣਦੇ ਜਾ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।