ਜ਼ਹਿਰੀਲੀ ਸ਼ਰਾਬ : 'ਆਪ' ਨੇ 117 ਵਿਧਾਨ ਸਭਾ ਹਲਕਿਆਂ ਅੰਦਰ ਸਰਕਾਰ ਖਿਲਾਫ਼ ਕੀਤੇ ਰੋਸ ਮੁਜ਼ਾਹਰੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

11 ਤੋਂ 1 ਵਜੇ ਤਕ ਕਾਲੀਆਂ ਪੱਟੀਆਂ ਬੰਨ੍ਹ ਅਤੇ ਤਖ਼ਤੀਆਂ ਫੜ ਕੇ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ

Harpal Cheema

ਚੰਡੀਗੜ੍ਹ : ਮਾਝੇ ਦੇ ਤਿੰਨ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਲਈ ਸਿੱਧਾ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਸਵੇਰੇ 11 ਵਜੇ ਤੋਂ 1 ਵਜੇ ਤਕ ਰੋਸ ਪ੍ਰਦਰਸ਼ਨ ਕੀਤੇ।

ਪਾਰਟੀ ਹੈਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਸੂਬੇ ਵਿਚ ਸਿਆਸਤਦਾਨ ਅਤੇ ਪੁਲਿਸ ਪ੍ਰਸ਼ਾਸਨ ਮੌਤ ਦੇ ਸੌਦਾਗਰਾਂ ਨਾਲ ਮਿਲ ਕੇ ਸ਼ਰਾਬ ਅਤੇ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਸੰਗਠਨਾਤਮਕ ਤਰੀਕੇ ਨਾਲ ਚਲਾ ਰਹੇ ਹਨ। ਅਜਿਹੇ ਸਾਰੇ ਦੋ ਨੰਬਰੀ ਧੰਦੇ ਮੁੱਖ ਮੰਤਰੀ ਦਫ਼ਤਰ ਦੀ ਸਰਪ੍ਰਸਤੀ ਬਗੈਰ ਸੰਭਵ ਹੀ ਨਹੀਂ ਹਨ।

ਹਰਪਾਲ ਸਿੰਘ ਚੀਮਾਂ ਨੇ ਦਸਿਆ ਕਿ ਪਾਰਟੀ ਨੇ ਕੈਪਟਨ ਸਰਕਾਰ ਵਲੋਂ ਖੇਡੇ ਜਾ ਰਹੇ ਇਸ ਮੌਤ ਦੇ ਖੇਲ ਵਿਰੁਧ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਸ਼ਹਿਰਾਂ-ਕਸਬਿਆਂ ਦੀਆਂ ਪ੍ਰਮੁੱਖ ਥਾਵਾਂ 'ਤੇ 'ਸੋਸ਼ਲ ਡਿਸਟੈਂਸ' ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਹੱਥਾਂ ਵਿਚ ਸਰਕਾਰ ਵਿਰੋਧੀ ਨਾਹਰਿਆਂ ਵਾਲੀਆਂ ਤਖ਼ਤੀਆਂ ਫੜ ਕੇ ਰੋਸ ਮੁਜ਼ਾਹਰੇ ਕੀਤੇ ਅਤੇ ਲੋਕਾਂ ਨੂੰ ਕੈਪਟਨ ਸਰਕਾਰ ਦੇ 'ਜੰਗਲ ਰਾਜ' ਬਾਰੇ ਸੁਚੇਤ ਕੀਤਾ।

ਕਾਬਲੇਗੌਰ ਹੈ ਕਿ ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਅੰਕੜਾ ਸੌ ਤੋਂ ਟੱਪ ਗਿਆ ਹੈ। ਇਸ ਤੋਂ ਬਾਅਦ ਪੰਜਾਬ ਦੀ ਕੈਪਟਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਲਗਭਗ ਸਾਰੇ ਦਲਾਂ ਨੇ ਸਰਕਾਰ ਨੂੰ ਘੇਰਣ ਦੀ ਤਿਆਰੀ ਖਿੱਚ ਲਈ ਹੈ। ਅੱਜ ਜਿੱਥੇ ਆਮ ਆਦਮੀ ਪਾਰਟੀ ਵਲੋਂ ਸਰਕਾਰ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ ਹਨ, ਉਥੇ ਹੀ ਦੂਜੀਆਂ ਪਾਰਟੀਆਂ ਦੇ ਆਗੂਆਂ ਵਲੋਂ ਵੀ ਸਖ਼ਤ ਬਿਆਨ ਜਾਰੀ ਕੀਤੇ ਗਏ ਹਨ। ਇੰਨਾ ਹੀ ਨਹੀਂ, ਹੁਣ ਪਾਰਟੀ ਅੰਦਰੋਂ ਵੀ ਸ਼ਰਾਬ ਮਾਫ਼ੀਆ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਉਠਣੀ ਸ਼ੁਰੂ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।