ਆਪਣੇ ਸਿਆਸੀ ਫ਼ਰਜ਼ੰਦਾਂ ਦੀ ਫ਼ਿਕਰ 'ਚ ਬਾਦਲਾਂ ਦੀ ਮਦਦ ਕਰ ਰਹੇ ਹਨ ਟਕਸਾਲੀ ਅਕਾਲੀ : ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

Harpal Cheema

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਬਾਦਲ ਪਿਤਾ ਪੁੱਤਰ ਅਤੇ ਹੋਰਨਾਂ ਦੇ ਬਚਾਅ ਲਈ ਤਰਲੋਮੱਛੀ ਟਕਸਾਲੀ ਅਕਾਲੀਆਂ 'ਤੇ ਦੋਸ਼ ਲਗਾਇਆ ਹੈ ਕਿ ਉਹ ਸਿਆਸਤ 'ਚ ਉੱਤੇ ਆਪਣੇ ਸਿਆਸੀ ਪੁੱਤ ਧੀਆਂ ਦੇ ਫ਼ਿਕਰ 'ਚ ਪੰਜਾਬ ਅਤੇ ਪੰਥ ਤੋਂ ਬੇਮੁਖ ਹੋ ਕੇ ਬਾਦਲਾਂ ਨਾਲ ਜਾ ਖੜੇ ਹਨ।

'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਸਾਰੇ ਟਕਸਾਲੀ ਅਕਾਲੀ ਆਗੂਆਂ ਨੂੰ ਨਿਜ ਅਤੇ ਪਰਿਵਾਰਵਾਦ ਤੋਂ ਉੱਤੇ ਉੱਠ ਕੇ ਪੰਜਾਬ ਅਤੇ ਪੰਥ ਨਾਲ ਖੜਨ ਦਾ ਵਾਸਤਾ ਦਿੱਤਾ। ਚੀਮਾ ਨੇ ਕਿਹਾ ਕਿ ਪੰਜਾਬ ਸਮੇਤ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਪਏ ਹਨ। ਤਿੰਨ ਸਾਲ ਤੋਂ ਇਨਸਾਫ਼ ਅਤੇ ਦੋਸ਼ੀਆਂ  ਨੂੰ ਸਜਾ ਦੀ ਮੰਗ ਚੱਲੀ ਆ ਰਹੀ ਹੈ।

ਧਾਰਮਿਕ ਆਸਥਾ ਨੂੰ ਡੂੰਘੀ ਚੋਟ ਵੱਜੀ ਹੈ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਇਨਸਾਫ਼ ਦੀ ਫ਼ਰਿਆਦ ਕਰ ਰਹੇ ਨਿਹੱਥੇ ਅਤੇ ਬੇਕਸੂਰਾਂ ਦੀ ਜਾਨ ਲਈ ਗਈ ਅਤੇ ਸੰਗਤ 'ਤੇ ਅਬਦਾਲੀ ਵਾਂਗ ਜ਼ੁਲਮ ਢਾਹਿਆ ਗਿਆ। ਇਸ ਲਈ ਜੋ ਵੀ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਦੋਸ਼ੀਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰੇਗੀ, ਭਰੇ ਪੀਤੇ ਪੰਜਾਬ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।

ਹਰਪਾਲ ਚੀਮਾ ਨੇ ਕਿਹਾ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਪਰਮਿੰਦਰ ਸਿੰਘ ਢੀਂਡਸਾ ਅਤੇ ਜਵਾਈ ਕੈਪਟਨ ਟੀਪੀਐਸ ਸਿੱਧੂ, ਜਥੇਦਾਰ ਤੋਤਾ ਸਿੰਘ ਨੂੰ ਆਪਣੇ ਪੁੱਤਰ ਮੁੱਖ ਬਰਾੜ, ਰਣਜੀਤ ਸਿੰਘ ਬ੍ਰਹਮਪੁਰਾ ਨੂੰ ਆਪਣੇ ਪੁੱਤਰ ਰਵਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਨੂੰ ਆਪਣੇ ਜਵਾਈ, ਯੁਵਰਾਜ ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਭੂੰਦੜ ਨੂੰ ਆਪਣੇ ਪੁੱਤਰ ਦਿਲਰਾਜ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਆਪਣੇ ਪੁੱਤਰ ਹਰਿੰਦਰਪਾਲ ਸਿੰਘ,

ਚਰਨਜੀਤ ਸਿੰਘ ਅਟਵਾਲ ਨੂੰ ਆਪਣੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਡਾ. ਰਤਨ ਸਿੰਘ ਅਜਨਾਲਾ ਨੂੰ ਆਪਣੇ ਪੁੱਤਰ ਅਮਰਪਾਲ ਸਿੰਘ ਬੋਨੀ ਦੇ ਸਿਆਸੀ ਭਵਿੱਖ  ਦੀ ਚਿੰਤਾ ਸਤਾਉਣ ਲੱਗੀ ਹੈ, ਇਸੇ ਚਿੰਤਾ ਵਸ ਉਹ ਬਾਦਲ ਪਰਿਵਾਰ ਦੀ ਢਾਲ  ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਪਰੰਤੂ ਇਹ ਗ਼ਲਤੀ ਟਕਸਾਲੀ ਆਗੂਆਂ ਅਤੇ ਉਨ੍ਹਾਂ ਦੇ ਸਿਆਸੀ ਫਰਜੰਦਾ ਨੂੰ ਬੇਹੱਦ ਮਹਿੰਗੀ ਪਵੇਗੀ।

ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੁਚੇਤ ਕੀਤਾ ਕਿ ਜੇਕਰ ਉਨ੍ਹਾਂ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸਿੰਘ ਸੈਣੀ ਵਰਗੇ ਸਾਰੇ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਾ ਛੱਡੀਆਂ ਤਾਂ ਉਨ੍ਹਾਂ ਦਾ ਹਸ਼ਰ ਬਾਦਲਾਂ ਤੋਂ ਵੀ ਭੈੜਾ ਹੋਵੇਗਾ। ਚੀਮਾ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਸੰਬੰਧੀ ਕੀਤੇ ਖ਼ੁਲਾਸਿਆਂ ਅਤੇ ਜਾਰੀ ਵੀਡੀਓ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਚੁੱਪੀ ਤੋੜ ਕੇ ਤੁਰੰਤ ਐਕਸ਼ਨ ਲੈਣ ਦੀ ਮੰਗ ਕੀਤੀ।