ਮੁਹਾਲੀ ਏਅਰਪੋਰਟ ਰੋਡ 'ਤੇ ਟਰੱਕ ਨੇ ਮੋਟਰਸਾਈਕਲ ਸਵਾਰ ਬਜ਼ੁਰਗ ਨੂੰ ਮਾਰੀ ਟੱਕਰ, ਮੌਤ
ਦੂਰ ਤੱਕ ਘਸੀਟੇ ਜਾਣ ਕਾਰਨ ਬਜ਼ੁਰਗ ਨੇ ਤੋੜਿਆ ਦਮ
ਮੋਹਾਲੀ: ਏਅਰਪੋਰਟ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਬਾਈਕ ਸਵਾਰ ਬਜ਼ੁਰਗ ਦੀ ਮੌਤ ਹੋ ਗਈ ਹੈ। ਥਾਣਾ ਸੋਹਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਵਜੋਂ ਹੋਈ ਹੈ। ਸ਼ਿਕਾਇਤਕਰਤਾ ਸੁਖਜਿੰਦਰ ਸਿੰਘ ਵਾਸੀ ਕੁਰੜੀ ਨੇ ਦੱਸਿਆ ਕਿ ਟਰੱਕ ਚਾਲਕ ਉਸ ਦੇ ਪਿਤਾ ਨੂੰ ਮੋਟਰਸਾਈਕਲ ਸਮੇਤ ਕਰੀਬ 100 ਮੀਟਰ ਤੱਕ ਘਸੀਟਦਾ ਲੈ ਗਿਆ। ਹਾਦਸੇ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਅਤੇ ਉਸਦੇ ਪਿਤਾ ਵੱਖ-ਵੱਖ ਮੋਟਰਸਾਈਕਲਾਂ 'ਤੇ ਸਿਵਲ ਹਸਪਤਾਲ ਫੇਜ਼-6 ਜਾ ਰਹੇ ਸਨ।
ਇਹ ਵੀ ਪੜ੍ਹੋ: ਗੰਜੇਪਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਕਰਨ ਕਪੂਰ ਦੀ ਵਰਤੋਂ
ਇਸ ਦੌਰਾਨ ਜਦੋਂ ਉਹ ਏਅਰਪੋਰਟ ਤੋਂ ਥੋੜ੍ਹਾ ਪਿੱਛੇ ਸੀ ਤਾਂ ਜ਼ੀਰਕਪੁਰ ਵਾਲੇ ਪਾਸਿਓਂ ਇਕ ਟਰੱਕ ਆਇਆ ਅਤੇ ਓਵਰਟੇਕ ਕਰਦੇ ਸਮੇਂ ਉਸ ਦੇ ਪਿਤਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਉਸ ਦਾ ਪਿਤਾ ਮੋਟਰਸਾਈਕਲ ਸਮੇਤ ਟਰੱਕ ਦੇ ਅਗਲੇ ਟਾਇਰ ਵਿਚ ਫਸ ਗਿਆ।
ਇਹ ਵੀ ਪੜ੍ਹੋ: ਤਰਨਤਾਰਨ 'ਚ ਸਕੂਲ ਵੈਨ 'ਚੋਂ ਉੱਤਰ ਕੇ ਸੜਕ ਪਾਰ ਕਰਦੇ 5 ਸਾਲਾ ਬੱਚੇ ਨੂੰ ਟਰੱਕ ਨੇ ਦਰੜਿਆ, ਮੌਤ
ਇਸ ਦੇ ਬਾਵਜੂਦ ਟਰੱਕ ਡਰਾਈਵਰ ਨਾ ਰੁਕਿਆ ਅਤੇ ਮੋਟਰਸਾਈਕਲ ਅਤੇ ਪਿਤਾ ਨੂੰ ਕਰੀਬ 100 ਮੀਟਰ ਤੱਕ ਪਿੰਡ ਵੱਲ ਘਸੀਟਦਾ ਲੈ ਗਿਆ। ਇਸ ਤੋਂ ਬਾਅਦ ਉਹ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੁਖਜਿੰਦਰ ਨੇ ਦੱਸਿਆ ਕਿ ਮੌਕੇ 'ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਪਿਤਾ ਨੂੰ ਸਿਵਲ ਹਸਪਤਾਲ ਫੇਜ਼-6 ਵਿਖੇ ਪਹੁੰਚਾਇਆ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ 'ਤੇ ਥਾਣਾ ਸੋਹਾਣਾ ਦੀ ਪੁਲਿਸ ਨੇ ਨੁਕਸਾਨੇ ਗਏ ਟਰੱਕ ਅਤੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।