ਕੇਂਦਰ ਵੱਲੋਂ ਸੱਦੀ ਬੈਠਕ ਵਿਚ ਨਹੀਂ ਸ਼ਾਮਲ ਹੋਵੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਿੱਤੀ ਜਾਣਕਾਰੀ

Sarvan Singh Pandher

ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ 8 ਅਕਤੂਬਰ ਨੂੰ ਹੋਣ ਵਾਲੀ ਬੈਠਕ ਲਈ ਦਿੱਤੇ ਗਏ ਸੱਦੇ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅਸਵਿਕਾਰ ਕਰ ਦਿੱਤਾ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵੱਲੋਂ ਨਵੀ ਦਿੱਲੀ ਵਿਖੇ ਸੱਦੀ ਮੀਟਿੰਗ 'ਚ ਨਹੀ ਜਾਣਗੇ।

ਉਹਨਾਂ ਕਿਹਾ ਕਿ ਇਸ ਮੀਟਿੰਗ 'ਚ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸੱਦਾ ਦੇ ਕੇ ਕਿਸਾਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਲਾਈਨ 'ਤੇ ਪਿੰਡ ਦੇਵੀਦਾਸਪੁਰਾ ਵਿਖੇ ਸਾਂਝਾ ਧਰਨਾ ਲਾਇਆ ਗਿਆ ਹੈ। ਇਹ ਧਰਨਾ ਅੱਜ 14ਵੇਂ ਦਿਨ ਵੀ ਜਾਰੀ ਹੈ। 

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 8 ਅਕਤੂਬਰ ਨੂੰ ਇਕ ਬੈਠਕ ਵਿਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਸੱਦਾ ਭੇਜਿਆ ਸੀ। ਕਮੇਟੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਨੂੰ ਇਹ ਸੱਦਾ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਮਿਲਿਆ ਹੈ। 

ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਸੀ ਕਿ ਉਹਨਾਂ ਨੂੰ 8 ਅਕਤੂਬਰ ਨੂੰ ਦਿੱਲੀ ਵਿਚ ਇਕ ਮੀਟਿੰਗ ਲਈ ਕੇਂਦਰੀ ਖੇਤੀਬਾੜੀ ਸਕੱਤਰ ਦਾ ਈ-ਮੇਲ ਮਿਲਿਆ ਸੀ।  ਪਰ ਉਹਨਾਂ ਨੇ ਬੈਠਕ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ।