'ਮੈਂ ਅਪਣੇ ਰਾਜ ਵਿਚ ਕਦੇ ਕਿਸੇ ਨਾਲ ਜ਼ਿਆਦਤੀ ਨਹੀਂ ਸੀ ਕੀਤੀ'
ਅਜਿਹਾ ਕਹਿਣ ਤੋਂ ਪਹਿਲਾਂ ਉਹ ਸਪੋਕਸਮੈਨ ਨਾਲ ਕੀਤੀਆਂ ਜ਼ਿਆਦਤੀਆਂ ਹੀ ਯਾਦ ਕਰ ਲੈਂਦੇ!
ਮੇਰੇ ਕੋਲੋਂ ਸਿੱਖ ਕੇ ਹੁਣ ਦੀ ਸਰਕਾਰ ਵੀ ਸਬਕ ਸਿਖੇ : ਪ੍ਰਕਾਸ਼ ਸਿੰਘ ਬਾਦਲ
ਚੰਡੀਗੜ੍ਹ(ਨੀਲ ਭਲਿੰਦਰ ਸਿੰਘ): ਅਸੈਂਬਲੀ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਭਾਸ਼ਨ ਦੇ ਕੇ ਅਪਣੀ ਸਰਕਾਰ ਦੀਆਂ 'ਪ੍ਰਾਪਤੀਆਂ' ਦੇ ਝੂਠੇ ਸੁੱਚੇ ਕਈ ਕਿੱਸੇ ਸੁਣਾਏ। ਸੱਭ ਤੋਂ ਦਿਲਚਸਪ ਉਨ੍ਹਾਂ ਦਾ ਇਹ ਦਾਅਵਾ ਸੀ ਕਿ ਉਨ੍ਹਾਂ ਨੇ ਅਪਣੇ ਰਾਜ ਵਿਚ ਕਿਸੇ ਨਾਲ ਧੱਕਾ ਨਹੀਂ ਸੀ ਕੀਤਾ ਤੇ ਹੁਣ ਦੀ ਸਰਕਾਰ ਨੂੰ ਉਨ੍ਹਾਂ ਤੋਂ ਸਿੱਖ ਕੇ, ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ।
ਜਾਣਕਾਰ ਹਲਕੇ ਯਾਦ ਦਿਵਾਉਂਦੇ ਹਨ ਕੇ ਬਜ਼ੁਰਗ ਨੇਤਾ ਦਾ ਹਾਫ਼ਜ਼ਾ ਬਿਲਕੁਲ ਹੀ ਕਮਜ਼ੋਰ ਨਹੀਂ ਹੋ ਗਿਆ ਤਾਂ ਉਹ ਸਪੋਕਸਮੈਨ ਤੇ ਇਸ ਦੇ ਸੰਪਾਦਕ ਨਾਲ ਕੀਤੀਆਂ ਵਧੀਕੀਆਂ ਨੂੰ ਹੀ ਯਾਦ ਕਰਦੇ। ਪਹਿਲਾਂ ਅਕਾਲ ਤਖ਼ਤ ਦੀ ਦੁਰਵਰਤੋਂ ਕਰ ਕੇ ਸਪੋਕਸਮੈਨ ਦੇ ਸੰਪਾਦਕ ਨੂੰ ਛੇਕਵਾਇਆ। ਫਿਰ ਅਖ਼ਬਾਰ ਦਾ ਪਹਿਲਾ ਪਰਚਾ ਛਪਣ 'ਤੇ ਹੀ ਸ਼੍ਰੋਮਣੀ ਕਮੇਟੀ ਕੋਲੋਂ 'ਹੁਕਮ' ਜਾਰੀ ਕਰਵਾ ਦਿਤਾ ਕਿ ਇਸ ਅਖ਼ਬਾਰ ਨੂੰ ਕੋਈ ਨਾ ਪੜ੍ਹੇ, ਕੋਈ ਇਸ਼ਤਿਹਾਰ ਨਾ ਦੇਵੇ ਤੇ ਕੋਈ ਇਸ ਵਿਚ ਨੌਕਰੀ ਨਾ ਕਰੇ।
ਫਿਰ ਅਖ਼ਬਾਰ ਦੇ 7 ਦਫ਼ਤਰਾਂ ਉਤੇ ਨੂਰਮਹਿਲੀਆਂ ਕੋਲੋਂ ਹਮਲੇ ਕਰਵਾ ਕੇ ਸੱਭ ਸਮਾਨ ਤਬਾਹ ਕਰਵਾ ਦਿਤਾ ਤੇ ਕਿਸੇ ਇਕ ਵੀ ਨੂਰਮਹਿਲੀਏ ਨੂੰ ਨਾ ਫੜਿਆ। ਉਸ ਮਗਰੋਂ, ਸਰਕਾਰ ਬਣਨ ਤੇ ਅਖ਼ਬਾਰ ਨੂੰ ਸਰਕਾਰੀ ਇਸ਼ਤਿਹਾਰ ਦੇਣ ਤੇ ਮੁਕੰਮਲ ਪਾਬੰਦੀ ਲਗਵਾ ਦਿਤੀ ਜੋ ਲਗਾਤਾਰ 10 ਸਾਲ ਤਕ ਲੱਗੀ ਰਹੀ ਤੇ 150 ਕਰੋੜ ਦਾ ਨੁਕਸਾਨ ਅਖ਼ਬਾਰ ਨੂੰ ਪਹੁੰਚਾਇਆ।
ਉਸ ਮਗਰੋਂ ਵੀ ਅਖ਼ਬਾਰ ਨਾ ਝੁਕਿਆ ਤਾਂ ਐਡੀਟਰ ਅਤੇ ਇਸ ਦੇ ਲਿਖਾਰੀਆਂ ਵਿਰੁਧ ਸਾਰੇ ਪੰਜਾਬ ਵਿਚ ਇਕ ਦਰਜਨ ਕੇਸ ਪਾ ਦਿਤੇ ਤਾਕਿ ਉਹ ਥੱਕ ਟੁਟ ਕੇ ਹੀ ਹਾਰ ਮੰਨ ਲੈਣ। ਇਕ ਦੋ ਕੇਸ ਅਜੇ ਵੀ ਚਲ ਰਹੇ ਹਨ। ਇਸ ਤਰ੍ਹਾਂ ਸਪੋਕਸਮੈਨ ਨਾਲ ਕੀਤੀਆਂ ਜ਼ਿਆਦਤੀਆਂ ਹੀ ਯਾਦ ਕਰ ਲੈਂਦੇ ਤਾਂ ਬਾਦਲ ਸਾਹਿਬ ਅਜਿਹਾ ਦਾਅਵਾ ਕਦੇ ਨਾ ਕਰਦੇ।