ਪ੍ਰਕਾਸ਼ ਪੁਰਬ ਸਮਾਗਮ ਦੇ ਪ੍ਰਬੰਧਾਂ ਤੋਂ ਸ਼ਰਧਾਲੂ ਬਾਗੋ-ਬਾਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਤ ਨੂੰ ਟਿਕਾਣੇ 'ਤੇ ਪਹੁੰਚਾ ਰਹੇ ਹਨ ਮੁਫ਼ਤ ਈ-ਰਿਕਸ਼ੇ

Pilgrims feel ecstatic over arrangements of 550th Parkash Purb celebrations

ਸੁਲਤਾਨਪੁਰ ਲੋਧੀ : "ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਸਾਰੀ ਦੁਨੀਆਂ ਮਨਾ ਰਹੀ ਹੈ। ਅਸੀਂ ਬੜੇ ਭਾਗਾਂ ਵਾਲੇ ਆਂ ਕਿ ਕਪੂਰਥਲਾ ਜ਼ਿਲੇ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਐਨੇ ਵੱਡੇ ਸਮਾਗਮ ਹੋ ਰਹੇ ਹਨ। ਇਹੋ ਜਿਹੇ ਸਮਾਗਮ ਤੇ ਇੰਨੇ ਪ੍ਰਬੰਧ ਦੇਖ ਕੇ ਤਾਂ ਪਿੰਡ ਜਾਣ ਨੂੰ ਜੀਅ ਨੀਂ ਕਰਦਾ।" ਇਹ ਗੱਲ ਜ਼ਿਲਾ ਕਪੂਰਥਲਾ ਦੇ ਪਿੰਡ ਸੰਗਚਨਾ ਤੋਂ ਆਪਣੇ ਸਾਥੀ ਅਮਰ ਸਿੰਘ ਨਾਲ ਆਏ ਸੁਖਜਿੰਦਰ ਸਿੰਘ ਨੇ ਆਖੀ।

ਸੁਖਜਿੰਦਰ ਸਿੰਘ ਤੇ ਅਮਰ ਸਿੰਘ ਵਰਗੇ ਲੱਖਾਂ ਸ਼ਰਧਾਲੂ ਪੰਜਾਬ ਸਰਕਾਰ ਵੱਲੋਂ ਪਵਿੱਤਰ ਨਗਰੀ 'ਚ ਕਰਾਏ ਜਾ ਰਹੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਹਾਜ਼ਰੀ ਲਵਾਉਣ ਹੋਣ ਪੁੱਜ ਰਹੇ ਹਨ। ਇਸ ਧਰਤੀ 'ਤੇ ਜਿੱਥੇ ਸੰਗਤਾਂ ਦਾ ਸੈਲਾਬ ਆ ਗਿਆ ਹੈ, ਉਥੇ ਪ੍ਰਬੰਧਾਂ ਪੱਖੋਂ ਵੀ ਕਈ ਕਮੀ ਨਹੀਂ ਹੈ। ਸੁਲਤਾਨਪੁਰ ਲੋਧੀ ਦੀ ਜੂਹ ਵਿਚ ਦਾਖਲ ਹੁੰਦਿਆਂ ਮਖਮਲੀ ਸੜਕਾਂ ਸ਼ਰਧਾਲੂਆਂ ਨੂੰ ਜੀ ਆਇਆਂ ਆਖਦੀਆਂ ਹਨ। ਲੰਗਰ, ਪਾਣੀ, ਸਾਫ਼ ਸਫ਼ਾਈ, ਟਰਾਂਸਪੋਰਟ, ਪਾਰਕਿੰਗੇ ਦੇ ਬਾਖੂਬੀ ਪ੍ਰਬੰਧ ਹਨ।

ਸੁਲਤਾਨਪੁਰ ਪਹੁੰਚਦਿਆਂ ਹੀ ਰੇਲਵੇ ਸਟੇਸ਼ਨ ਅਤੇ ਨੇੜਲੇ ਬੱਸ ਅੱਡਿਆ 'ਤੇ ਹਜ਼ਾਰਾਂ ਪੁਲਿਸ ਮੁਲਾਜ਼ਮਾਂ ਤੇ ਹੋਰ ਫੋਰਸ ਦੇ ਨਾਲ ਨੌਜਵਾਨ ਵਲੰਟੀਅਰ ਸ਼ਰਧਾਲੂਆਂ ਨੂੰ ਟਿਕਾਣੇ ਪਹੁੰਚਾਉਣ ਲਈ ਡਟੇ ਹੋਏ ਹਨ। ਇੱਥੇ ਬਣੇ 19 ਪਾਰਕਿੰਗ ਸਥਾਨਾਂ (4 ਆਊਟਰ ਪਾਰਕਿੰਗਜ਼ )'ਤੇ ਜਿੱਥੇ ਪਾਰਕਿੰਗ ਤੋਂ ਇਲਾਵਾ ਹੈਲਪ ਡੈਸਕ, ਲੰਗਰ, ਪਾਣੀ ਦਾ ਪ੍ਰਬੰਧ ਹੈ, ਉਥੇ ਪਾਰਕਿੰਗ 'ਚੋਂ ਬਾਹਰ ਨਿਕਲਦਿਆਂ ਹੀ ਈ-ਰਿਕਸ਼ੇ ਸ਼ਰਧਾਲੂਆਂ ਦੀ ਸੇਵਾ ਲਈ ਨਜ਼ਰੀ ਪੈਂਦੇ ਹਨ। ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ ਨੇ ਦਸਿਆ ਕਿ ਊਧਮ ਸਿੰਘ ਚੌਕ ਵਾਲੇ ਪਾਰਕਿੰਗ ਸਥਾਨ 'ਤੇ 71, ਜਸਬੀਰ ਸਿਨੇਮਾ ਕੋਲ 96, ਟੈਂਟ ਸਿਟੀ 1 ਕੋਲ 24, ਪਾਰਕਿੰਗ ਨੰਬਰ 10 ਕੋਲ 28 ਤੇ ਪਾਰਕਿੰਗ ਨੰਬਰ 11 ਕੋਲ 24 ਈ ਰਿਕਸ਼ਾ ਲਾਏ ਗਏ ਹਨ, ਜਿਨ੍ਹਾਂ ਦਾ ਮੁੱਖ ਮਕਸਦ ਬਜ਼ੁਰਗਾਂ ਤੇ ਹੋਰ ਵਿਅਕਤੀਆਂ ਜਿਨਾਂ ਨੂੰ ਚੱਲਣ ਵਿਚ ਦਿੱਕਤ ਆਉਂਦੀ ਹੈ, ਨੂੰ ਟਿਕਾਣੇ 'ਤੇ ਪਹੁੰਚਾਉਣਾ ਹੈ।  ਦਿਨ ਤੋਂ ਇਲਾਵਾ ਰਾਤ ਦੀਆਂ ਸ਼ਿਫਟਾਂ ਵਿਚ ਵੀ ਰਿਕਸ਼ੇ ਚੱਲ ਰਹੇ ਹਨ। ਪਾਰਕਿੰਗ ਨੰਬਰ 11 ਤੋਂ 17 (ਮੁੱਖ ਪੰਡਾਲ) ਵਿਚਕਾਰ ਦੋ ਮਿਨੀ ਬੱਸਾਂ ਦਾ ਵੀ ਪ੍ਰਬੰਧ ਹੈ। ਈ ਰਿਕਸ਼ਿਆਂ ਦੀ ਨਿਗਰਾਨੀ ਲਈ ਤਿੰਨ ਤਿੰਨ ਮੈਂਬਰੀ ਚੈਕਿੰਗ ਟੀਮਾਂ ਲਾਈਆਂ ਗਈਆਂ ਹਨ।

ਬੁਲਾਰੇ ਨੇ ਦਸਿਆ ਕਿ ਈ ਰਿਕਸ਼ਾ ਸੇਵਾ ਤੋਂ ਇਲਾਵਾ ਸੰਗਤ ਲਈ ਚੱਲ ਰਹੇ ਕਰੀਬ 71 ਲੰਗਰ ਸਥਾਨਾਂ 'ਤੇ ਬਿਜਲੀ, ਪਾÝਣੀ, ਪਲਾਸਟਿਕ ਤੇ ਕੂੜੇ ਨੂੰ ਨਾਲੋਂ ਨਾਲੋਂ ਢੁਕਵੀਂ ਜਗਾ 'ਤੇ ਡੰਪ ਕਰਨ ਲਈ ਖਾਸ ਪ੍ਰਬੰਧ ਜ਼ਿਲਾ ਪ੍ਰਸ਼ਾਸਨ ਤੇ ਨਗਰ ਕੌਂਸਲ ਵੱਲੋਂ ਕੀਤੇ ਗਏ ਹਨ। ਪਾਵਰਕੌਮ ਵਲੋਂ ਸਾਰੇ ਲੰਗਰ ਸਥਾਨਾਂ 'ਤੇ ਬਿਜਲੀ ਕੁਨੈਕਸ਼ਨ ਦਿੱਤੇ ਗਏ ਹਨ। ਇਸ ਦੇ ਲਈ ਆਪਣੇ ਆਪ 'ਚ ਨਿਵੇਕਲਾ ਜ਼ਮੀਨਦੋਜ਼ ਕੇਬਲਜ਼ ਵਾਲਾ 66 ਕੇਵੀ ਸਬ ਸਟੇਸ਼ਨ ਆਰੀਆ ਸਮਾਜ ਚੌਕ ਕੋਲ ਸਥਾਪਿਤ ਕਰਨ ਤੋਂ ਇਲਾਵਾ ਹੋਰ ਸਬ ਸਟੇਸ਼ਨਾਂ ਤੋਂ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਲੰਗਰ ਸਥਾਨਾਂ ਲਈ ਕੁੱਲ 52 ਬਿਜਲੀ ਕੁਨੈਕਸ਼ਨ ਦਿੱਤੇ ਗਏ ਹਨ। ਲੰਗਰ ਸਥਾਨਾਂ ਤੇ ਹੋਰ ਥਾਵਾਂ 'ਤੇ ਸੰਗਤ ਭਾਰੀ ਗਿਣਤੀ ਕਾਰਨ ਸੁੱਕੇ ਤੇ ਗਿੱਲੇ ਕੂੜੇ ਨੂੰ ਢੁਕਵੀਂ ਥਾਂ 'ਤੇ ਤਬਦੀਲ ਕਰਨ ਤੇ ਕੂੜੇ ਦੇ ਨਿਬੇੜੇ ਲਈ ਵੀ ਪੂਰੇ ਪ੍ਰਬੰਧ ਹਨ।

ਸਥਾਨਕ ਸਰਕਾਰਾਂ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਕੂੜੇ ਕਰਕਟ ਤੋਂ ਮੁਕਤੀ ਅਤੇ ਲੰਗਰ ਦੇ ਬਚੇ-ਖੁਚੇ ਖਾਣੇ ਦੇ ਸੁਚੱਜੇ ਨਿਬੇੜੇ ਲਈ 200 ਕੰਪੋਸਿਟ ਪਿਟ ਬਣਾਏ ਗਏ ਹਨ। ਸ਼ਹਿਰ ਦੇ ਵੱਖੋ ਵੱਖ ਸਥਾਨਾਂ 'ਤੇ ਜਨਤਕ ਪਖਾਨੇ ਬਣਾਏ ਗਏ ਹਨ। ਪਵਿੱਤਰ ਨਗਰੀ ਨੂੰ ਸਾਫ ਸੁੱਥਰਾ ਰੱਖਣ ਲਈ 4500 ਤੋਂ ਵੱਧ ਅਮਲਾ ਤਾਇਨਾਤ ਹੈ ਤੇ ਕੂੜੇ ਨੂੰ ਸਹੀ ਜਗਾ ਡੰਪ ਕਰਨ ਲਈ 45 ਈ ਰੇਹੜੀਆਂ ਦਾ ਪ੍ਰਬੰਧ ਹੈ। ਇਸ ਦੇ ਨਾਲ ਹੀ 3000 ਕੂੜੇਦਾਨ ਗਿੱਲੇ-ਸੁੱਕੇ ਕੂੜੇ ਲਈ ਵੱਖੋ ਵੱਖਰੇ ਰੱਖੇ ਗਏੇ ਹਨ। ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੇ ਨਵੇਂ ਬੱਸ ਅੱਡੇ 'ਤੇ ਪਲਾਟਿਕ ਬੋਤਲ ਸ਼ਰੈਡਿੰਗ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ। ਇਕ ਬੋਤਲ ਇਕੋ ਸਮੇਂ 2000 ਬੋਤਲ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ। ਪੀਣ ਵਾਲੇ ਪਾਣੀ ਲਈ 8 ਟਿਊਬਵੈਲ, 131 ਸਟੋਰੇਜ ਟੈਂਕ, 107 ਸਟੀਲ ਦੇ ਪਿਆਊ ਤੇ 10 ਵਾਰਟ ਏਟੀਐਮਜ਼ ਦਾ ਪ੍ਰਬੰਧ ਹੈ।