ਬਹਾਦਰ ਜੰਗੀ ਸੈਨਿਕਾਂ ਅਤੇ ਯੋਧਿਆਂ ਨੇ ਆਪਣੇ ਬਹਾਦਰੀ ਕਿੱਸੇ ਕਹਾਣੀਆਂ ਨਾਲ ਨੌਜਵਾਨਾਂ ਨੂੰ ਮੋਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਲਟਰੀ ਲਿਟਰੇਚਰ ਫੈਸਟੀਵਲ 2018, ਦੇ ਸ਼ੁਰੂਆਤੀ ਦਿਨ ਦੂਰ-ਦਰਾਡੇ ਦੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ...

ਬਹਾਦਰ ਜੰਗੀ ਸੈਨਿਕਾਂ ਅਤੇ ਯੋਧਿਆਂ ਨੇ ਆਪਣੇ ਬਹਾਦਰੀ ਕਿੱਸੇ ਕਹਾਣੀਆਂ ਨਾਲ ਨੌਜਵਾਨਾਂ ਨੂੰ ਮੋਹਿਆ

ਚੰਡੀਗੜ (ਸ.ਸ.ਸ) : ਮਿਲਟਰੀ ਲਿਟਰੇਚਰ ਫੈਸਟੀਵਲ 2018, ਦੇ ਸ਼ੁਰੂਆਤੀ ਦਿਨ ਦੂਰ-ਦਰਾਡੇ ਦੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨਾਲ ਫੌਜ ਦੇ ਸੀਨੀਅਰ ਅਤੇ ਅਨੁਭਵੀ ਅਧਿਕਾਰੀਆਂ ਨੇ ਆਪਣੇ ਯੁੱਧ ਦੇ ਬਹਾਦਰੀ ਅਤੇ ਨਿਡਰਤਾ ਦੇ ਕਿੱਸੇ ਸਾਂਝੇ ਕੀਤੇ ਜਿਸਨੇ ਉਨਾਂ ਦਾ ਮਨ ਮੋਹ ਲਿਆ। ਇੱਥੇ ਕਲੈਰੀਅਨ ਥੀਏਟਰ ਵਿਖੇ ਲੋਕਾਂ ਦੇ ਵੱਡੇ ਇਕੱਠ ਮੁੱਖ ਤੌਰ 'ਤੇ ਨੌਜਵਾਨਾਂ ਨਾਲ ਫੌਜੀ ਅਧਿਕਾਰੀਆਂ ਵੱਲੋਂ ਆਡੀਓ-ਵੀਜ਼ੂਅਲ ਜ਼ਰੀਏ ਆਪਣੇ ਫੌਜੀ ਜੀਵਨ ਦੇ ਤਜਰਬੇ ਵੀ ਸਾਂਝੇ ਕੀਤੇ ਗਏ। 

ਅੱਜ ਇੱਥੇ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਸਾਰਾਗੜੀ ਸੰਵਾਦ ਦੌਰਾਨ ਸੂਬੇਦਾਰ ਮੇਜਰ, ਜੋਗਿੰਦਰ ਸਿੰਘ ਯਾਦਵ, ਪਰਮ ਵੀਰ ਚੱਕਰ, ਕਰਨਲ ਐਚ.ਐਸ. ਕਾਹਲੋਂ, ਵੀਰ ਚੱਕਰ,ਕਰਨਲ ਬਲਵਾਨ ਸਿੰਘ , ਐਮ.ਵੀ.ਸੀ., ਕਰਨਲ ਜੀ.ਐਸ. ਬਾਜਵਾ ਅਤੇ ਹਥਿਆਰਬੰਦ ਫੌਜਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਕ ਸਥਾਨਕ ਸਕੂਲ ਦੇ ਵਿਦਿਆਰਥੀ ਅਮਰਪਾਲ ਸਿੰਘ ਨੇ ਕਿਹਾ ਕਿ ਉਹ ਜਵਾਨਾਂ ਦੇ ਅਸਲ ਜੀਵਨ ਬਾਰੇ ਜਾਣ ਕੇ ਹੈਰਾਨ ਰਹਿ ਗਿਆ।

ਉਸ ਨੇ ਕਿਹਾ ਕਿ ਪਰਮ ਵੀਰ ਚੱਕਰ ਪੁਰਸਕਾਰ ਜੇਤੂ ਸੂਬੇਦਾਰ ਮੇਜਰ ਯੋਗਿੰਦਰ ਸਿੰਘ ਯਾਦਵ ਨਾਲ ਗੱਲਬਾਤ ਦੌਰਾਨ ਉਸ ਨੂੰ ਭਾਰਤੀ ਫ਼ੌਜ ਖਾਸ ਤੌਰ 'ਤੇ ਕਾਰਗਿਲ ਜੰਗ ਬਾਰੇ ਬਹੁਤ ਸਾਰੀਆਂ ਰੌਚਿਕ ਗੱਲਾਂ ਬਾਰੇ ਪਤਾ ਲੱਗਾ। ਉਹ ਇਸ ਗੱਲ ਤੋਂ ਬੇਹੱਦ ਪ੍ਰਭਾਵਿਤ ਸੀ ਕਿ ਕਾਰਗਿਲ ਜੰਗ ਦੌਰਾਨ 17 ਗੋਲੀਆਂ ਲੱਗਣ ਦੇ ਬਾਅਦ ਵੀ ਸੂਬੇਦਾਰ ਮੇਜਰ ਯੋਗਿੰਦਰ ਸਿੰਘ ਯਾਦਵ ਹਾਲੇ ਵੀ ਐਨੇ ਸਰਗਰਮ ਤੇ ਚੁਸਤ-ਦਰੁਸਤ ਹਨ।
ਕਰਨਲ ਬਲਵਾਨ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸਐਸਬੀ) ਰਾਹੀਂ ਭਾਰਤੀ ਫ਼ੌਜ ਵਿੱਚ ਸ਼ਾਮਲ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਫ਼ੌਜੀ ਜਵਾਨਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਬਾਰੇ ਦਿਖਾਈਆਂ ਗਈਆਂ ਫਿਲਮਾਂ, ਦਸਤਾਵੇਜ਼ੀ ਫਿਲਮਾਂ, ਆਡੀਓ-ਵੀਜ਼ਿਊਲਜ਼ ਪੇਸ਼ਕਾਰੀਆਂ ਨਾਲ ਕਲੈਰੀਅਨ ਆਡੀਟੋਰੀਅਮ ਨੌਜਵਾਨ ਪੀੜੀ ਲਈ ਆਕਰਸ਼ਨ ਦਾ ਕੇਂਦਰ ਬਣ ਗਿਆ। ਅੱਜ ਹਥਿਆਰਬੰਦ ਬਲਾਂ ਬਾਰੇ ਪ੍ਰੇਰਣਾਦਾਇਕ ਫਿਲਮ 'ਰਖਸ਼ਕ-ਏ-ਹਿੰਦ' ਅਤੇ ਇਕ ਹੋਰ ਫਿਲਮ ਵਿੱਚ 1965 ਦੀ ਜੰਗ ਦੌਰਾਨ ਖੇਮਕਰਨ ਸੈਕਟਰ ਵਿੱਚ ਪਾਕਿਸਤਾਨ ਦੇ ਟੈਂਕਾਂ ਨੂੰ ਤੀਜੀ ਪਲਟਨ ਵੱਲੋਂ ਤਬਾਹ ਕੀਤੇ ਜਾਣ ਨੂੰ ਦਿਖਾਇਆ ਗਿਆ ਅਤੇ ਇਕ ਹੋਰ ਫਿਲਮ 'ਹੀਰੋਜ਼ ਆਫ ਡੋਗਰਾਈ-3 ਜਾਟ' ਲਾਹੌਰ ਦੀਆਂ ਬਰੂਹਾਂ 'ਤੇ ਹੋਈ 1965 ਦੀ ਜੰਗ ਬਾਰੇ ਸੀ ਅਤੇ ਇਕ ਫਿਲਮ 1971 ਦੀ ਜੰਗ ਦੌਰਾਨ ਜਲ ਸੈਨਾ ਦੀ ਭੂਮਿਕਾ ਬਾਰੇ ਸੀ।

ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਪਹਿਲੇ ਦਿਨ ਅੱਜ ਦਿਖਾਈਆਂ ਗਈਆਂ ਹੋਰ ਫਿਲਮਾਂ ਤੇ ਦਸਤਾਵੇਜ਼ੀ ਫਿਲਮਾਂ ਵਿੱਚ 'ਆਰਮੀ ਮਾਊਂਟ ਐਵਰੈਸਟ ਐਕਸਪੀਡੀਸ਼ਨ' ਅਤੇ 'ਆਰਮੀ-ਐਨ ਇੰਸਟ੍ਰਿਊਮੈਂਟ ਆਫ ਨੈਸ਼ਨਲ ਪਾਵਰ ਐਂਡ ਪ੍ਰਾਈਡ', ਜੋ ਜਲ ਸੈਨਾ ਬਾਰੇ ਸੀ, ਵੀ ਸ਼ਾਮਲ ਸਨ।
ਸਕੂਲੀ ਵਿਦਿਆਰਥੀਆਂ ਨੇ ਕਿਹਾ ਕਿ ਉਨਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ ਅਤੇ ਇਹ ਫਿਲਮਾਂ ਦੇਖਣ ਬਾਅਦ ਹਥਿਆਰਬੰਦ ਬਲਾਂ ਦੇ ਕਈ ਪੱਖਾਂ ਤੋਂ ਇਲਾਵਾ ਜਵਾਨਾਂ ਵੱਲੋਂ ਕੀਤੀਆਂ ਜਾਂਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਮਿਲੀ।
ਕੈਪਸ਼ਨ- ਸਾਰਾਗੜੀ ਸੰਵਾਦ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਪਰਮ ਵੀਰ ਚੱਕਰ ਐਵਾਰਡੀ ਸੂਬੇਦਾਰ ਮੇਜਰ ਯੋਗਿੰਦਰ ਸਿੰਘ ਯਾਦਵ।