ਤਾਜ ਮਹਿਲ ਦਾ ਦੀਦਾਰ ਹੋਇਆ ਸੌਖਾ, ਜਲੰਧਰ ਤੋਂ ਆਗਰਾ ਲਈ ਜਾਵੇਗੀ ਸਿੱਧੀ ਵਾਲਵੋ 

ਏਜੰਸੀ

ਖ਼ਬਰਾਂ, ਪੰਜਾਬ

ਹੁਣ ਜਲੰਧਰ ਦੇ ਲੋਕਾਂ ਲਈ ਤਾਜ ਮਹਿਲ ਦਾ ਦੀਦਾਰ ਕਰਨਾ ਸੌਖਾ ਹੋਵੇਗਾ। ਪੰਜਾਬ ਰੋਡਵੇਜ਼ ਜਲੰਧਰ ਅਗਲੇ ਹਫ਼ਤੇ ਤੋਂ ਜਲੰਧਰ ਤੋਂ ਆਗਰਾ ਦੀ ਸਿੱਧੀ ਬਸ ਸੇਵਾ...

Jalandhar to Agara Volvo Bus

ਜਲੰਧਰ— ਹੁਣ ਜਲੰਧਰ ਦੇ ਲੋਕਾਂ ਲਈ ਤਾਜ ਮਹਿਲ ਦਾ ਦੀਦਾਰ ਕਰਨਾ ਸੌਖਾ ਹੋਵੇਗਾ। ਪੰਜਾਬ ਰੋਡਵੇਜ਼ ਜਲੰਧਰ ਅਗਲੇ ਹਫ਼ਤੇ ਤੋਂ ਜਲੰਧਰ ਤੋਂ ਆਗਰਾ ਦੀ ਸਿੱਧੀ ਬਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਡਿਪੂ ਵੱਲੋਂ ਇਸ ਰੂਟ 'ਤੇ ਸੁਪਰ ਡੀਲੈਕਸ ਵਾਲਵੋ ਬੱਸ ਚਲਾਈ ਜਾਵੇਗੀ।

ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਮਿਨਹਾਸ ਨੇ ਅਗਲੇ ਹਫਤੇ ਤੋਂ ਜਲੰਧਰ-ਆਗਰਾ ਵਾਲਵੋ ਬੱਸ ਸੇਵਾ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ। ਜੰਲਧਰ ਦੇ ਸ਼ਹੀਦ ਭਗਤ ਸਿੰਘ ਇੰਟਰ ਸਟੇਟ ਬਸ ਟਰਮੀਨਲ ਤੋਂ ਜਲੰਧਰ ਤੋਂ ਆਗਰਾ ਲਈ ਵਾਲਵੋ ਰਵਾਨਾ ਹੋਣ ਦਾ ਸਮਾਂ ਸਵੇਰੇ 6.10 ਵਜੇ ਨਿਰਧਾਰਿਤ ਕੀਤਾ ਗਿਆ ਹੈ।

ਜਲੰਧਰ ਤੋਂ ਆਗਰਾ ਜਾਣ ਵਾਲੀ ਵਾਲਵੋ ਰਾਤ ਨੂੰ ਆਗਰਾ 'ਚ ਹੀ ਰੋਕੀ ਜਾਵੇਗੀ ਅਤੇ ਅਗਲੇ ਦਿਨ ਸਵੇਰੇ ਵਾਪਸ ਜਲੰਧਰ ਲਈ ਰਵਾਨਾ ਹੋਵੇਗੀ। ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਮਥੁਰਾ ਵ੍ਰਿੰਦਾਵਨ ਜਾਣ ਵਾਲੇ ਸ਼ਰਧਾਲੂਆਂ ਲਈ ਵੀ ਜਲੰਧਰ ਤੋਂ ਮਥੁਰਾ ਤੱਕ ਦੀ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਬੱਸ ਸਾਧਾਰਨ ਹੋਵੇਗੀ ਅਤੇ ਸਵੇਰੇ 7.51 'ਤੇ ਮਥੁਰਾ ਲਈ ਰਵਾਨਾ ਹੋਵੇਗੀ।

ਰੋਡਵੇਜ਼ ਦੇ ਜੀ. ਐੱਮ. ਨੇ ਦੱਸਿਆ ਕਿ ਉਕਤ ਦੋਵੇਂ ਰੂਟ ਲਈ ਡਿਪੋ ਵੱਲੋਂ ਪਰਮਿਟ ਅਪਲਾਈ ਕੀਤੇ ਗਏ ਸਨ ਜੋ ਕਿ ਹੁਣ ਡਿਪੂ ਨੂੰ ਮਿਲ ਗਏ ਹਨ। ਨਿਰਧਾਰਿਤ ਪ੍ਰੋਗਰਾਮ ਦੇ ਤਹਿਤ ਦੋਵੇਂ ਰੂਟਸ 'ਤੇ ਅਗਲੇ ਹਫਤੇ ਦੀ ਸ਼ੁਰੂਆਤ 'ਚ ਹੀ ਬੱਸਾਂ ਦਾ ਸੰਚਾਲਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਗਰਾ ਅਤੇ ਮਥੁਰਾ ਤੱਕ ਦੀ ਸਿੱਧੀ ਬੱਸ ਸੇਵਾ ਲਈ ਯਾਤਰੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਜੋ ਹੁਣ ਪੂਰੀ ਹੋਣ ਜਾ ਰਹੀ ਹੈ।

ਆਗਰਾ ਅਤੇ ਮਥੁਰਾ ਤੱਕ ਦੀ ਯਾਤਰਾ ਲਈ ਉੱਤਰ ਪ੍ਰਦੇਸ਼ ਰਾਜ ਟਰਾਂਸਪੋਰਟ ਤੋਂ ਵੀ ਬਕਾਇਦਾ ਤੌਰ 'ਤੇ ਇਜਾਜ਼ਤ ਲਈ ਗਈ ਹੈ ਅਤੇ ਸੁਵਿਧਾ ਮੁਤਾਬਕ ਟਾਈਮ ਟੇਬਲ ਵੀ ਸੈੱਟ ਕੀਤਾ ਗਿਆ ਹੈ।