'ਮੈਨੂੰ ਦੱਸੋ ਮੈਂ ਤੁਹਾਡੀ ਲੋੜ ਪੂਰੀ ਕਰਾਂਗਾ', ਕੈਪਟਨ ਅਮਰਿੰਦਰ ਸਿੰਘ ਦਾ ਸਨਅਤਕਾਰਾਂ ਨੂੰ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਕਿਹਾ, ''ਮੈਂ ਆਸ ਕਰਦਾ ਹਾਂ ਕਿ ਤੁਸੀ ਇੱਥੋ ਇਸ ਗੱਲ ਨਾਲ ਸਹਿਮਤ ਹੋ ਕੇ ਜਾਵੋਗੇ ਕਿ ਅਸੀਂ ਤੁਹਾਡੀ ਭਲਾਈ ਲਈ ਵਚਨਬੱਧ ਹਾਂ।

Capt Amarinder

ਐਸ.ਏ.ਐਸ. ਨਗਰ, (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਪਣੀ ਸਰਕਾਰ ਵਲੋਂ ਉਦਯੋਗਾਂ ਨੂੰ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪੰਜਾਬ ਉਨ੍ਹਾਂ ਦੇ ਭਵਿੱਖ ਦਾ ਅਜਿਹਾ ਸੂਬਾ ਹੈ ਜਿੱਥੇ ਨਿਵੇਸ਼ਕਾਂ ਨੂੰ ਹਰ ਹਾਲ ਵਿੱਚ ਸ਼ਾਂਤੀ ਤੇ ਸੁਰੱਖਿਅਤ ਦਾ ਮਾਹੌਲ ਮਿਲੇਗਾ।

ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ 2019 ਦੇ ਸਮਾਪਤੀ ਸੈਸ਼ਨ ਦੌਰਾਨ ਸਨਅਤ ਅਤੇ ਵਪਾਰਕ ਘਰਾਣਿਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਥੇ ਉਹ ਆਪਣੀ ਤੈਅਸ਼ੁਦਾ ਤਿਆਰ ਕੀਤੇ ਭਾਸ਼ਣ ਨੂੰ ਪੜ੍ਹਨ ਦੀ ਬਜਾਏ ਅਪਣੇ ਦਿਲ ਤੋਂ ਗੱਲਾਂ ਕਰਨ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਦੀ ਅਰਥ ਵਿਵਸਥਾ ਖੇਤੀਬਾੜੀ ਤੋਂ ਸਨਅਤਾਂ ਵਲ ਵਧਣ ਲਈ ਦਹਾਕਿਆਂ ਪੁਰਾਣੀਆਂ ਨੀਤੀਆਂ ਵਿਚ ਸੁਧਾਰ ਲਿਆਂਦਾ ਹੈ।

 

ਬੱਚਿਆਂ ਨੂੰ ਚੰਗੇ ਵਸੀਲਿਆਂ ਦੀ ਖੋਜ ਲਈ ਦੂਰ ਜਾਣ ਦੀ ਬਜਾਏ ਇਥੇ ਹੀ ਸਾਜਗਾਰ ਮਾਹੌਲ ਦੇਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ, ''ਅਸੀਂ 50 ਸਾਲ ਪੁਰਾਣੀਆਂ ਨੀਤੀਆਂ ਨਾਲ ਨਹੀਂ ਚੱਲ ਸਕਦੇ।'' ਪੰਜਾਬ ਵਿੱਚੋਂ ਨੌਜਵਾਨਾਂ ਦੇ ਬਾਹਰ ਜਾਣ ਦੇ ਰੁਝਾਨ 'ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਪੰਜਾਬ ਨੂੰ ਪ੍ਰਗਤੀਸ਼ੀਲ ਭਵਿੱਖ ਦੇ ਰਾਹ ਲਿਜਾਣਾ ਪਵੇਗਾ।

 

ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿਵੇਸ਼ਕਾਂ ਤੇ ਸਨਅਤਕਾਰਾਂ ਨਾਲ, ਪੰਜਾਬੀ ਵਜੋਂ ਪੰਜਾਬੀਆਂ ਨਾਲ ਅਤੇ ਨਿਵੇਸ਼ ਕਰਨ ਪਿੱਛੋਂ ਛੇਤੀ ਹੀ ਪੰਜਾਬੀ ਬਣਨ ਵਾਲੇ ਨਿਵੇਸ਼ਕਾਂ ਨਾਲ ਆਹਮੋ-ਸਾਹਮਣੇ ਗੱਲਾਂ ਕਰਨੀਆਂ ਚਾਹੁੰਦੇ ਹਨ। ਉਨ੍ਹਾਂ ਕਿਹਾ, ''ਮੈਂ ਤੁਹਾਡੀ ਹਰ ਲੋੜ ਪੂਰੀ ਕਰਾਂਗਾ, ਜੋ ਤੁਹਾਨੂੰ ਚਾਹੀਦਾ ਹੈ। ਮੈਂ ਤੁਹਾਡੀਆਂ ਲੋੜਾਂ (ਸਨਅਤਾਂ ਦੀ ਸਹੂਲਤ ਲਈ) ਪੂਰੀਆਂ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ।''

 

ਉਨ੍ਹਾਂ ਕਿਹਾ, ''ਮੈਂ ਆਸ ਕਰਦਾ ਹਾਂ ਕਿ ਤੁਸੀ ਇੱਥੋ ਇਸ ਗੱਲ ਨਾਲ ਸਹਿਮਤ ਹੋ ਕੇ ਜਾਵੋਗੇ ਕਿ ਅਸੀਂ ਤੁਹਾਡੀ ਭਲਾਈ ਲਈ ਵਚਨਬੱਧ ਹਾਂ। ਅਸੀਂ ਤੁਹਾਨੂੰ ਸੁਰੱਖਿਆ ਦੇਵਾਂਗੇ ਅਤੇ ਤੁਹਾਡੇ ਲਈ ਹਰ ਹੀਲੇ ਸ਼ਾਂਤੀ ਵਾਲਾ ਮਾਹੌਲ ਦੇਵਾਂਗੇ।'' ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਨਅਤੀ ਵਿਕਾਸ ਲਈ ਸੁਖਾਵਾਂ ਤੇ ਨਿਵੇਸ਼ ਪੱਖੀ ਮਾਹੌਲ ਦਿਤਾ ਜਾ ਰਿਹਾ ਹੈ ਜਿਥੋਂ ਦੇ ਕਾਮੇ ਬਹੁਤ ਕੁਸ਼ਲ ਤੇ ਹੁਨਰਮੰਦ ਹਨ।