Punjab News: ਭਾਰਤੀ ਸਰਹੱਦ 'ਚ ਪਾਕਿਸਤਾਨੀ ਡਰੋਨ ਦੀ ਦਸਤਕ; ਅੰਮ੍ਰਿਤਸਰ ਦੇ ਪਿੰਡ ਨੇੜਿਉਂ 3 ਕਰੋੜ ਦੀ ਹੈਰੋਇਨ ਬਰਾਮਦ
ਪਿੰਡ ਰਾਣੀਆਂ ਨੇੜੇ ਤਲਾਸ਼ੀ ਦੌਰਾਨ ਮਿਲੀ 400 ਗ੍ਰਾਮ ਹੈਰੋਇਨ
Punjab News: ਪਾਕਿਸਤਾਨੀ ਤਸਕਰਾਂ ਦੇ ਡਰੋਨ ਨੇ ਇਕ ਵਾਰ ਫਿਰ ਭਾਰਤੀ ਸਰਹੱਦ ਵਿਚ ਦਾਖ਼ਲ ਹੋਣ ਦੀ ਨਾਪਾਕ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਡਰੋਨ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਵਿਚ ਸੁੱਟ ਕੇ ਵਾਪਸ ਪਰਤ ਗਿਆ। ਤਲਾਸ਼ੀ ਦੌਰਾਨ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ 'ਤੇ ਸਰਚ ਅਭਿਆਨ ਚਲਾ ਕੇ 3 ਕਰੋੜ ਰੁਪਏ ਦੀ ਖੇਪ ਨੂੰ ਜ਼ਬਤ ਕਰਨ 'ਚ ਸਫਲਤਾ ਹਾਸਲ ਕੀਤੀ।
ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਖੇਪ ਅੰਮ੍ਰਿਤਸਰ ਦੇ ਅਟਾਰੀ ਨੇੜੇ ਪੈਂਦੇ ਸਰਹੱਦੀ ਪਿੰਡ ਰਾਣੀਆ ਵਿਚੋਂ ਮਿਲੀ। ਬੀਐਸਐਫ ਦੇ ਜਵਾਨਾਂ ਨੇ ਦਸਿਆ ਕਿ ਉਹ ਰਾਤ ਨੂੰ ਸਰਹੱਦ 'ਤੇ ਤਾਇਨਾਤ ਸਨ। ਸਰਹੱਦੀ ਗਸ਼ਤ ਦੌਰਾਨ ਪਿੰਡ ਰਾਣੀਆਂ ਨੇੜੇ ਡਰੋਨ ਦੀ ਆਵਾਜਾਈ ਦਾ ਪਤਾ ਲੱਗਿਆ ਸੀ।
ਜਦੋਂ ਬੀਐਸਐਫ ਦੇ ਜਵਾਨਾਂ ਨੇ ਆਵਾਜ਼ ਦੀ ਹਰਕਤ ਵੱਲ ਧਿਆਨ ਦਿਤਾ ਤਾਂ ਕੁੱਝ ਮਿੰਟਾਂ ਵਿਚ ਹੀ ਡਰੋਨ ਪਾਕਿਸਤਾਨੀ ਸਰਹੱਦ ਵੱਲ ਮੁੜ ਗਿਆ। ਜਿਸ ਤੋਂ ਬਾਅਦ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਬੀਐਸਐਫ ਨੇ ਦਸਿਆ ਕਿ ਤਲਾਸ਼ੀ ਦੌਰਾਨ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਖੇਪ ਮਿਲੀ।
ਪੀਲੀ ਟੇਪ ਨਾਲ ਬੰਨ੍ਹੀ ਇਸ ਖੇਪ 'ਤੇ ਪਾਈਪ ਦੇ ਆਕਾਰ ਦੀ ਲਾਈਟ ਲਗਾਈ ਗਈ ਸੀ, ਤਾਂ ਜੋ ਭਾਰਤੀ ਸਮੱਗਲਰ ਨੂੰ ਖੇਪ ਨੂੰ ਲੱਭਣ 'ਚ ਕੋਈ ਦਿੱਕਤ ਨਾ ਆਵੇ ਪਰ ਇਸ ਤੋਂ ਪਹਿਲਾਂ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿਚ ਇਸ ਨੂੰ ਬਰਾਮਦ ਕਰ ਲਿਆ। ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਖੇਪ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿਤਾ ਗਿਆ ਹੈ।