ਤਰਨਤਾਰਨ ਦੀਆਂ ਸੜਕਾਂ ਹੋਈਆਂ ਸੁੰਨੀਆਂ, ਜਾਣੋ ਅੱਜ ਕਿਸ ਸ਼ਹਿਰ ਦੀ ਕੀ ਹੈ ਸਥਿਤੀ
ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਸ਼ਹਿਰੋਂ ਬਾਹਰ ਜਾਣਾ ਹੈ ਤਾਂ ਪਹਿਲਾਂ ਇਹ ਖ਼ਬਰ ਪੜ੍ਹ ਲਵੋ। ...
ਜਲੰਧਰ : ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਸ਼ਹਿਰੋਂ ਬਾਹਰ ਜਾਣਾ ਹੈ ਤਾਂ ਪਹਿਲਾਂ ਇਹ ਖ਼ਬਰ ਪੜ੍ਹ ਲਵੋ। ਬੁੱਧਵਾਰ ਨੂੰ ਪੰਜਾਬ ਸਮੇਤ ਪੂਰੇ ਦੇਸ਼ ਵਿਚ ਟਰੇਡ ਯੂਨੀਅਨਾਂ, ਮਜ਼ਦੂਰਾਂ, ਕਿਸਾਨਾਂ ਤੇ ਮੁਲਾਜ਼ਮਾਂ ਦੀ ਸਾਂਝੀ ਦੇਸ਼ ਪੱਧਰੀ ਹੜਤਾਲ ਕਾਰਨ ਤੁਹਾਨੂੰ ਜਾਮ 'ਚ ਫਸਣਾ ਪੈ ਸਕਦਾ ਹੈ। ਵੱਖ-ਵੱਖ ਸੰਗਠਨਾਂ ਨੇ ਹਾਈਵੇ ਤੇ ਰੇਲਾਂ ਰੋਕਣ ਦਾ ਐਲਾਨ ਕੀਤਾ ਹੋਇਆ ਹੈ।
ਪਨਬਸ ਮੁਲਾਜ਼ਮਾਂ ਦਾ ਬੱਸਾਂ ਨਾ ਚਲਾਉਣ ਦਾ ਐਲਾਨ - ਜਲੰਧਰ 'ਚ ਪਨਬੱਸ ਮੁਲਾਜ਼ਮਾਂ ਨੇ ਵੀ ਹੜਤਾਲ ਨੂੰ ਸਮਰਥਨ ਦਿੰਦੇ ਹੋਏ ਬੱਸਾਂ ਨਾ ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਲਈ ਮੁਲਾਜ਼ਮਾਂ ਨੇ ਬਾਕਾਇਦਾ ਰੋਡਵੇਜ਼ ਦੇ ਜੀਐੱਮ ਨੂੰ ਲਿਖਤੀ ਜਾਣਕਾਰੀ ਦੇ ਦਿੱਤੀ ਹੈ। ਮੁਲਾਜ਼ਮਾਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਰੋਡਵੇਜ਼ ਨੇ ਬੱਸਾਂ ਦਾ ਸੰਚਾਲਨ ਕੀਤਾ ਤਾਂ ਇਸ ਕਾਰਨ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਵੀ ਵਿਭਾਗ ਦੀ ਹੋਵੇਗੀ।
ਇਸ ਦੀ ਪੁਸ਼ਟੀ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਚਾਨਣ ਸਿੰਘ ਤੇ ਚੇਅਰਮੈਨ ਵਿਕਰਮਜੀਤ ਸਿੰਘ ਨੇ ਕੀਤੀ ਹੈ। ਹੜਤਾਲ ਦਾ ਸਮਰਥਨ ਕਰਦੇ ਹੋਏ ਭਗਤ ਸਿੰਘ ਆਟੋ ਯੂਨੀਅਨ ਨੇ ਵੀ ਹੜਤਾਲ 'ਤੇ ਰਹਿਣ ਦਾ ਐਲਾਨ ਕੀਤਾ ਹੈ। ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦਾ ਸਿਟੀ ਰੇਲਵੇ ਸਟੇਸ਼ਨ 'ਤੇ ਪ੍ਰਦਰਸ਼ਨ- ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਸਮੇਤ ਸਾਰੀਆਂ ਯੂਨੀਅਨਾਂ ਦੇ ਮੁਲਾਜ਼ਮ ਕਾਲੇ ਝੰਡੇ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਮੁਜ਼ਾਹਰਾਕਾਰੀ ਹਰੇਕ ਪਲੇਟਫਾਰਮ 'ਤੇ ਜਾ ਕੇ ਯਾਤਰੀਆਂ ਨੂੰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਸਮਰਥਨ ਦੀ ਮੰਗ ਕਰਦੇ ਦਿਸੇ। ਕੁਲੀਆਂ ਨੇ ਵੀ ਦਿੱਤਾ ਸਮਰਥਨ- ਆਲ ਇੰਡੀਆ ਰੇਲਵੇ ਲਾਲ ਵਰਦੀ ਕੁਲੀ ਯੂਨੀਅਨ ਨੇ ਵੀ ਭਾਰਤ ਬੰਦ ਨੂੰ ਸਮਰਥਨ ਦਿੱਤਾ ਹੈ। ਕੁਲੀਆਂ ਨੇ ਯਾਤਰੀਆਂ ਦਾ ਸਾਮਾਨ ਨਹੀਂ ਚੁੱਕਿਆ ਤੇ ਆਪਣੀ ਸ਼ੈੱਡ ਅੱਗੇ ਸ਼ਾਂਤੀਪੂਰਵਕ ਬੈਠੇ ਰਹੇ। ਯੂਨੀਅਨ ਦੇ ਕਸ਼ਮੀਰ ਸਿੰਘ ਤੇ ਸਰਵਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਟ੍ਰਾਈਕ ਸ਼ਾਮ ਚਾਰ ਵਜੇ ਤਕ ਜਾਰੀ ਰਹੇਗੀ।
ਅੰਮ੍ਰਿਤਸਰ 'ਚ ਮੁਜ਼ਾਹਰਾਕਾਰੀਆਂ ਨੇ ਰੋਕੀ ਟ੍ਰੇਨ- ਅੰਮ੍ਰਿਤਸਰ 'ਚ ਵੀ ਟਰੇਡ ਯੂਨੀਅਨਾਂ ਨੇ ਦੇਸ਼ ਵਿਆਪੀ ਹੜਤਾਲ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ, ਬੈਂਕ ਤੇ ਰੋਡਵੇਜ਼ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ 'ਚ ਹਿੱਸਾ ਲਿਆ। ਉਨ੍ਹਾਂ ਕੇਂਦਰ ਸਰਕਾਰ ਦੀ ਮੁਲਾਜ਼ਮ ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਗੁਰੂ ਨਾਨਕ ਦੇਵ ਹਸਪਤਾਲ ਤੇ ਆਮਦਨ ਕਰ ਵਿਭਾਗ ਦੇ ਮੁਲਾਜ਼ਮਾਂ ਨੇ ਵੀ ਪ੍ਰਦਰਸ਼ਨਾਂ ਨੂੰ ਸਮਰਥਨ ਦਿੱਤਾ ਹੈ। ਇੱਥੇ ਮੁਜ਼ਾਹਰਾਕਾਰੀਆਂ ਨੇ ਟ੍ਰੇਨ ਰੋਕੀ ਹੈ।
ਲੁਧਿਆਣਾ 'ਚ ਮੁਜ਼ਾਹਰਾਕਾਰੀਆਂ ਨੇ ਰੋਕੀ ਮਾਲਵਾ ਐਕਸਪ੍ਰੈੱਸ- ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਖੱਬੇ ਪੱਖੀ ਪਾਰਟੀਆਂ ਦੇ ਵਰਕਰਾਂ ਵੱਲੋਂ ਲੁਧਿਆਣਾ ਦੇ ਗਿਆਸਪੁਰਾ ਸਥਿਤ ਰੇਲਵੇ ਲਾਈਨ 'ਤੇ ਮਾਲ ਗੱਡੀ ਤੋਂ ਇਲਾਵਾ ਦਿੱਲੀ ਤੋਂ ਕਟੜਾ ਜਾ ਰਹੀ ਮਾਲਵਾ ਐਕਸਪ੍ਰੈੱਸ ਨੂੰ ਰੋਕ ਦਿੱਤਾ ਗਿਆ ਹੈ।
ਤਰਨਤਾਰਨ 'ਚ ਸੁੰਨੀਆਂ ਪਈਆਂ ਸੜਕਾਂ- ਤਰਨਤਾਰਨ 'ਚ ਹੜਤਾਲ ਦਾ ਖਾਸਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੰਗਾਂ ਸਬੰਧੀ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਸ਼ੁਰੂ ਕਰਦੇ ਹੋਏ ਪੁਤਲੇ ਫੂਕਣੇ ਸ਼ੁਰੂ ਕਰ ਦਿੱਦੇ ਹਨ। ਸਵੇਰੇ ਵੇਲੇ ਸ਼ਹਿਰ 'ਚ ਆਵਾਜਾਈ ਕਾਫ਼ੀ ਘੱਟ ਰਹੀ। ਸਿਵਲ ਹਸਪਤਾਲ 'ਚ ਵੀ ਪਹਿਲਾਂ ਵਾਂਗ ਮਰੀਜ਼ਾਂ ਦੀ ਆਮਦ ਨਹੀਂ ਹੋਈ। ਬੱਸ ਅੱਡੇ ਤੇ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਭੀੜ ਦੇਖਣ ਨੂੰ ਨਹੀਂ ਮਿਲੀ।
ਭੀੜ ਵਾਲੇ ਬਾਜ਼ਾਰ ਬੇਰੌਣਕ ਨਜ਼ਰ ਆਏ। ਹਾਲਾਂਕਿ ਸ਼ਹਿਰ ਦੇ ਬਾਜ਼ਾਰ ਪਹਿਲਾਂ ਵਾਂਗ ਖੁੱਲ੍ਹੇ ਤੇ ਕਿਸੇ ਨੇ ਵੀ ਦੁਕਾਨਾਂ ਦੇ ਕਾਰੋਬਾਰ ਬੰਦ ਕਰਵਾਉਣ ਦਾ ਯਤਨ ਨਹੀਂ ਕੀਤਾ।ਮੋਗਾ 'ਚ ਜ਼ਿਲ੍ਹਾ ਪੱਧਰੀ ਰੋਸ ਰੈਲੀ ਤੇ ਰੋਸ ਮਾਰਚ- ਬੀਕੇਯੂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਵੱਲੋਂ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਪੱਧਰੀ ਰੋਸ ਰੈਲੀ ਅਤੇ ਰੋਸ ਮਾਰਚ ਕੀਤਾ ਗਿਆ।
ਕਿਰਤ ਕਾਨੂੰਨ ਸੋਧਾਂ ਵਾਪਸ ਲੈਣ ਤੇ ਨਿੱਜੀਕਰਨ ਖਿਲਾਫ਼ ਡਟਵਾਂ ਹੋਕਾ ਦਿੱਤਾ ਗਿਆ। ਗੁਰਦਾਸਪੁਰ 'ਚ ਮਿਲਿਆ-ਜੁਲਿਆ ਅਸਰ- ਗੁਰਦਾਸਪੁਰ ਜ਼ਿਲ੍ਹੇ 'ਚ ਬੰਦ ਦਾ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ 'ਛ ਦੁਕਾਨਾਂ ਖੁੱਲ੍ਹੀਆਂ ਹਨ ਪਰ ਕਲਾਨੌਰ ਸਮੇਤ ਕੁਝ ਕਸਬਿਆਂ 'ਚ ਪੂਰਨ ਬੰਦ ਦੇਖਣ ਨੂੰ ਮਿਲ ਰਿਹਾ ਹੈ।
ਰੋਪੜ 'ਚ ਬੰਦ ਦਾ ਮਿਲਿਆ-ਜੁਲਿਆ ਅਸਰ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ- ਟਰੇਡ ਯੂਨੀਅਨਾਂ ਵਲੋਂ ਦਿੱਤੇ ਪੇਂਡੂ ਭਾਰਤ ਬੰਦ ਦੇ ਸੱਦੇ 'ਤੇ ਰੂਪਨਗਰ ਜ਼ਿਲ੍ਹੇ 'ਚ ਬੁੱਧਵਾਰ ਸਵੇਰੇ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਹੜਤਾਲ ਨੂੰ ਲੈ ਕੇ ਮਾਹੌਲ ਖਰਾਬ ਹੋਣ ਦੇ ਡਰੋਂ ਵੱਖ-ਵੱਖ ਸਥਾਨਾਂ 'ਤੇ ਨਾਕੇ ਲਾ ਕੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਪੁਲਿਸ ਅਧਿਕਾਰੀਆਂ ਵਲੋਂ ਪੂਰੀ ਦੇਖ-ਰੇਖ ਕੀਤੀ ਗਈ ਹੈ।
ਰੋਡਵੇਜ਼, ਪਨਬੱਸਾਂ ਬੰਦ ਰਹੀਆਂ, ਜਦਕਿ ਪ੍ਰਾਈਵੇਟ ਬੱਸਾਂ ਆਮ ਦੀ ਤਰ੍ਹਾਂ ਚੱਲਦੀਆਂ ਰਹੀਆਂ, ਸ਼ਹਿਰ 'ਚ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਦੁਕਾਨਦਾਰ ਦੁਚਿੱਤੀ 'ਚ ਰਹੇ ਅਤੇ ਜ਼ਿਆਦਾਤਰ ਦੁਕਾਨਾਂ ਸਵੇਰੇ ਆਮ ਦੀ ਤਰ੍ਹਾਂ ਖੁੱਲੀਆਂ ਰਹੀਆਂ। ਰੋਡਵੇਜ਼ ਦੇ ਡੇਲੀਵੇਜ ਮੁਲਾਜ਼ਮ ਰੂਪਨਗਰ ਵਿਖੇ ਹੜਤਾਲ ਦੌਰਾਨ ਨਾਅਰੇਬਾਜ਼ੀ ਕੀਤੀ।ਮੁਕੇਰੀਆਂ 'ਚ ਕਿਸਾਨਾਂ ਦਾ ਪੁਤਲਾ ਫੂਕ ਮੁਜ਼ਾਹਰਾ- ਮੁਕੇਰੀਆਂ ਸ਼ਹਿਰ ਅਤੇ ਆਸ-ਪਾਸ ਦੇ ਕਸਬਿਆਂ / ਪਿੰਡਾਂ ਅੰਦਰ ਬੰਦ ਦਾ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ।
ਸਾਰੇ ਕਾਰੋਬਾਰੀ ਅਦਾਰੇ ਆਮ ਵਾਂਗ ਖੁੱਲ੍ਹੇ ਹਨ। ਕਸਬਾ ਭੰਗਾਲਾ ਵਿਖੇ ਕਿਸਾਨ ਆਗੂ ਹਰਦੀਪ ਸਿੰਘ ਮੰਝਪੁਰ ਤੇ ਬਲਜੀਤ ਸਿੰਘ ਛੰਨੀ ਨੰਦ ਸਿੰਘ ਦੀ ਅਗਵਾਈ 'ਚ ਕਿਸਾਨ ਜਥੇਬੰਦੀ ਨੇ ਗੰਨੇ ਦਾ ਬਕਾਇਆ ਅਦਾਇਗੀ ਅਤੇ ਗੰਨੇ ਦੀ ਕੀਮਤ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਪੁਤਲਾ ਫੂਕਿਆ।ਅੰਮ੍ਰਿਤਸਰ ਦੇ ਮਜੀਠਾ 'ਚ ਮੁਕੰਮਲ ਅਸਰ- ਭਾਰਤ ਬੰਦ ਦੀ ਕਾਲ ਦੌਰਾਨ ਅੰਮ੍ਰਿਤਸਰ ਦਾ ਹਾਲ ਗੇਟ ਤੇ ਹੋਰ ਬਾਜ਼ਾਰ ਖੁੱਲ੍ਹੇ ਰਹੇ।
ਰੋਜ਼ਾਨਾ ਦੀ ਤਰ੍ਹਾਂ ਕਾਰੋਬਾਰ ਹੋ ਰਿਹਾ ਹੈ। ਇਸ ਤਰ੍ਹਾਂ ਇੱਥੇ ਬੰਦ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਖ਼ਾਸ ਇਹ ਹੈ ਕਿ ਬੁੱਧਵਾਰ ਨੂੰ ਹੜਤਾਲ 'ਤੇ ਰਹਿਣ ਵਾਲੇ ਮੁਲਾਜ਼ਮ ਇਕ ਦਿਨ ਦੀ ਤਨਖ਼ਾਹ ਤੋਂ ਵਾਂਝੇ ਹੋ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਅਜਿਹੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਹੜਤਾਲ ਕਰਨ ਵਾਲੇ ਮੁਲਾਜ਼ਮ ਨੂੰ ਹੜਤਾਲੀ ਸਮੇਂ ਦੀ ਤਨਖ਼ਾਹ ਨਹੀਂ ਦਿੱਤੀ ਜਾਵੇਗੀ।
ਦੁੱਧ-ਸਬਜ਼ੀਆਂ ਤੇ ਜ਼ਰੂਰੀ ਸਾਮਾਨ ਦੀ ਸਪਲਾਈ 'ਤੇ ਵੀ ਪਵੇਗਾ ਅਸਰ- ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪ੍ਰਦੇਸ਼ ਪ੍ਰਧਾਨ ਸਤਨਾਮ ਸਿੰਘ ਪੰਨੂ ਦਾ ਕਹਿਣਾ ਹੈ ਕਿ ਸੜਕ ਤੇ ਰੇਲ ਆਵਾਜਾਈ ਰੋਕ ਕੇ ਕੇਂਦਰ ਤਕ ਮੰਗਾਂ ਦੀ ਆਵਾਜ਼ ਪਹੁੰਚਾਈ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਸੜਕਾਂ 'ਤੇ ਉੱਤਰ ਕੇ ਰੋਸ ਮੁਜ਼ਾਹਰੇ ਕਰਨਗੇ। ਕਿਸਾਨਾਂ ਨੂੰ ਪਹਿਲਾਂ ਹੀ ਦੁੱਧ, ਸਬਜ਼ੀਆਂ ਤੇ ਹੋਰ ਖ਼ੁਰਾਕੀ ਪਦਾਰਥਾਂ ਦੀ ਸਪਲਾਈ ਰੋਕਣ ਬਾਰੇ ਦੱਸਿਆ ਜਾ ਚੁੱਕਾ ਹੈ।