ਆਪ ਵਲੋਂ ਸ਼ੁਰੂ ‘ਬਿਜਲੀ ਅੰਦੋਲਨ’ ਕੈਪਟਨ ਸਰਕਾਰ ਨੂੰ ਦੇਵੇਗਾ ‘ਝਟਕਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਮਹਿੰਗੀ ਬਿਜਲੀ ਨੂੰ ਲੈ ਕੇ ‘ਆਪ’ ਪੰਜਾਬ ਨੇ ਸੰਗਰੂਰ ‘ਚ ਘਰਾਂਚੋ ਵਿਖੇ ‘ਬਿਜਲੀ ਅੰਦੋਲਨ’ ਸ਼ੁਰੂ ਕੀਤਾ। ਅੱਜ ਦੇ ਸਮੇਂ ਵਿਚ ਪੰਜਾਬ...

Bijli Andolan

ਚੰਡੀਗੜ੍ਹ : ਬੇਹੱਦ ਮਹਿੰਗੇ ਬਿਜਲੀ ਬਿੱਲਾਂ ਤੋਂ ਬੇਹਾਲ ਪੰਜਾਬ ਦੇ ਲੋਕਾਂ ਦੇ ਹੱਕ 'ਚ ਡਟਦਿਆਂ ਆਮ ਆਦਮੀ ਪਾਰਟੀ (ਆਪ) ਨੇ ਅੱਜ ਸੰਗਰੂਰ ਜ਼ਿਲ੍ਹੇ ਤੋਂ 'ਬਿਜਲੀ ਅੰਦੋਲਨ' ਸ਼ੁਰੂ ਕਰ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡ ਘਰਾਚੋਂ ਅਤੇ ਸੁਨਾਮ ਦੇ ਪਿੰਡ ਸ਼ੇਰੋਂ 'ਚ 'ਬਿਜਲੀ ਅੰਦੋਲਨ' ਹੇਠ ਸੈਂਕੜਿਆਂ ਦੀ ਗਿਣਤੀ 'ਚ ਲੋਕ ਹੱਦ ਤੋਂ ਮਹਿੰਗੇ 60-60 ਹਜ਼ਾਰ ਰੁਪਏ ਤੱਕ ਦੇ ਬਿਜਲੀ ਦੇ ਬਿਲ ਲੈ ਕੇ ਪਹੁੰਚੇ।

ਇਸ ਮੌਕੇ ਭਗਵੰਤ ਮਾਨ ਨੇ ਦਰਜਨਾਂ ਲੋਕਾਂ ਨੂੰ ਮੀਡੀਆ ਅੱਗੇ ਪੇਸ਼ ਕੀਤਾ ਜੋ ਇੱਕ-ਇੱਕ, ਦੋ-ਦੋ ਬਲਬ ਪੱਖਿਆਂ ਦੇ ਹਜ਼ਾਰਾਂ ਰੁਪਏ ਦੇ ਬਿਲ ਹੱਥਾਂ 'ਚ ਲੈ ਕੇ ਪਹੁੰਚੇ ਹੋਏ ਸਨ। ਘਰਾਚੋਂ ਪਿੰਡ 'ਚ ਬਿਜਲੀ ਕਮੇਟੀ ਗਠਿਤ ਕਰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਪਿੰਡਾਂ 'ਚ ਬਿਜਲੀ ਕਮੇਟੀਆਂ ਦਾ ਗਠਨ ਕਰੇਗੀ, ਜੋ ਲੋਕਾਂ ਦੇ ਨਜਾਇਜ਼ ਮਹਿੰਗੇ ਅਤੇ ਗ਼ਲਤ ਬਿਲ ਸਹੀ ਕਰਾਉਣ ਲਈ ਬਿਜਲੀ ਅਧਿਕਾਰੀਆਂ ਨਾਲ ਗੱਲ ਕਰੇਗੀ ਅਤੇ ਲੋੜ ਪੈਣ 'ਤੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ।

ਇਸ ਮੌਕੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਅਤੇ ਜਗਰਾਓ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਮੌਜੂਦਗੀ 'ਚ ਭਗਵੰਤ ਮਾਨ ਨੇ ਦੱਸਿਆ ਕਿ ਜਿੱਥੇ ਚੀਮਾ ਦੀ ਅਗਵਾਈ ਹੇਠ ਬਿਜਲੀ ਦੇ ਮਹਿੰਗੇ ਬਿੱਲਾਂ ਦਾ ਮੁੱਦਾ ਵਿਧਾਨ ਸਭਾ 'ਚ ਉਠਾਇਆ ਜਾਵੇਗਾ ਉੱਥੇ ਉਹ ਖ਼ੁਦ ਪਾਰਲੀਮੈਂਟ 'ਚ ਉਠਾਉਣਗੇ। ਬਿਜਲੀ ਦੇ ਬਿੱਲਾਂ ਦੇ ਸਤਾਏ ਹੋਏ ਲੋਕਾਂ ਨੇ ਹੱਥ ਖੜੇ ਕਰ ਕੇ ਬਿਜਲੀ ਬਿੱਲਾਂ ਖ਼ਿਲਾਫ਼ ਆਰ ਪਾਰ ਦੀ ਲੜਾਈ ਲੜਨ ਦਾ ਅਹਿਦ ਲਿਆ।

ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਦੀ ਮਹਿੰਗਾਈ ਦੀ ਅੱਗ ਅਮੀਰਾਂ ਅਤੇ ਗ਼ਰੀਬਾਂ ਸਮੇਤ ਕਿਸੇ ਨੂੰ ਨਹੀਂ ਬਖ਼ਸ਼ ਰਹੀ। ਇਸ ਲਈ ਜੇਕਰ ਹੁਣ ਇੱਕਜੁੱਟ ਹੋ ਕੇ ਇਸ ਅੰਦੋਲਨ ਦਾ ਹਿੱਸਾ ਬਣੋਗੇ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਮਹਿੰਗਾਈ ਦੀ ਮਾਰ ਤੋਂ ਨਿਜਾਤ ਦਿਵਾ ਕੇ ਰਹੇਗੀ। ਭਗਵੰਤ ਮਾਨ ਨੇ ਮਹਿੰਗੀ ਬਿਜਲੀ ਲਈ ਪ੍ਰਾਈਵੇਟ ਬਿਜਲੀ ਕੰਪਨੀਆਂ (ਥਰਮਲ ਪਲਾਂਟਾਂ) ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੱਸਿਆ ਕਿ ਪਿਛਲੀ ਬਾਦਲ ਸਰਕਾਰ ਮੌਕੇ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਨੇ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਰੇਟਾਂ 'ਤੇ ਲੰਮੇ ਸਮੇਂ ਲਈ ਸਮਝੌਤੇ ਕੀਤੇ ਸਨ ਅਤੇ ਵਿਚ ਆਪਣੀ ਮੋਟੀ ਹਿੱਸੇਦਾਰੀ ਰੱਖੀ।

ਸਰਕਾਰੀ ਥਰਮਲ ਪਲਾਟਾਂ ਨੂੰ ਬੰਦ ਕਰ ਕੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਇੰਨੇ ਘਾਤਕ ਸਮਝੌਤੇ ਕੀਤੇ ਗਏ ਕਿ ਪੰਜਾਬ ਸਰਕਾਰ ਬੇਸ਼ੱਕ ਬਿਜਲੀ ਖ਼ਰੀਦੇ ਜਾਂ ਨਾ ਖ਼ਰੀਦੇ ਉਨ੍ਹਾਂ ਨੂੰ ਬੰਨਵੀਂ ਰਾਸ਼ੀ ਜਾਂਦੀ ਰਹੇਗੀ। ਇਸ ਮੌਕੇ ਬੋਲਦਿਆਂ ਮਾਨ ਨੇ ਕਿਹਾ ਕਿ ਦਿੱਲੀ ਵਿਚ ਬਿਜਲੀ ਦੇ ਰੇਟ ਪੂਰੇ ਦੇਸ਼ ਨਾਲੋਂ ਸਸਤੇ ਹਨ। ਦਿੱਲੀ ਵਿਚ 200 ਯੂਨਿਟ ਤੱਕ ਬਿਜਲੀ ਖਪਤ ਕਰਨ ਤੇ 1 ਰੁਪਏ ਪ੍ਰਤੀ ਯੂਨਿਟ ਦਾ ਖਰਚਾ ਆਉਂਦਾ ਹੈ ਇਸੇ ਤਰ੍ਹਾਂ 200 ਯੂਨਿਟ ਤੋਂ 400 ਯੂਨਿਟ ਤੱਕ ਪ੍ਰਤੀ ਯੂਨਿਟ 2.50 ਰੁਪਏ ਵਸੂਲੇ ਜਾਂਦੇ ਹਨ।

ਜਦੋਂ ਕਿ ਪੰਜਾਬ ਵਿੱਚ 100 ਯੂਨਿਟ ਤੱਕ ਬਿਜਲੀ ਖਪਤ ਕਰਨ ਤੇ 6 ਰੁਪਏ ਪ੍ਰਤੀ ਯੂਨਿਟ ਅਤੇ 300 ਯੂਨਿਟ ਖਪਤ ਤੇ 8.50 ਰੁਪਏ ਪ੍ਰਤੀ ਯੂਨਿਟ ਵਸੂਲੇ ਜਾਂਦੇ ਹਨ। ਮਾਨ ਨੇ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਆਪਣੇ ਸੂਬੇ ਵਿੱਚ ਬਿਜਲੀ ਦਾ ਉਤਪਾਦਨ ਨਹੀਂ ਕਰਦੀ ਅਤੇ ਹੋਰ ਰਾਜਾਂ ਤੋਂ ਬਿਜਲੀ ਖ਼ਰੀਦ ਕੇ ਦਿੱਲੀ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾ ਰਹੀ ਹੈ ਜਦੋਂ ਕਿ ਪੰਜਾਬ ਵਿੱਚ ਬਿਜਲੀ ਪੈਦਾ ਕਰਨ ਦੇ ਅਨੇਕਾਂ ਸਰੋਤ ਹਨ ਅਤੇ ਪੰਜਾਬ ਬਿਜਲੀ ਸਰਪਲੱਸ ਸੂਬਾ ਹੋਣ ਦੀ ਗੱਲ ਵੀ ਕਰਦਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਪੰਜਾਬ ਦੇ ਲੋਕਾਂ ਦੇ ਮੁੱਦਈ ਹੁੰਦੇ ਤਾਂ ਉਹ ਬਾਦਲਾਂ ਦੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਘਪਲੇਬਾਜ਼ੀ ਸਮਝੌਤਿਆਂ ਦੀ ਜਾਂਚ ਕਾਰਵਾਈ ਜਾਂਦੀ। ਸੂਬੇ ਦੇ ਲੋਕਾਂ ਦੀ ਲੁੱਟ ਰੋਕਣ ਲਈ ਸਮਝੌਤੇ ਰੱਦ ਕੀਤੇ ਜਾਂਦੇ, ਮਤਾ ਵਿਧਾਨ ਸਭਾ 'ਚ ਲਿਆ ਕੇ ਬਾਦਲਾਂ ਸਮੇਤ ਸਭ ਲੁਟੇਰਿਆਂ 'ਤੇ ਕਾਰਵਾਈ ਕੀਤੀ ਜਾਂਦੀ ਤਾਂ ਆਮ ਆਦਮੀ ਪਾਰਟੀ ਵੀ ਕੈਪਟਨ ਸਰਕਾਰ ਦਾ ਸਵਾਗਤ ਕਰਦੀ ਕਿਉਂਕਿ ਇਹ ਲੋਕ ਹਿਤ ਦਾ ਫ਼ੈਸਲਾ ਹੁੰਦਾ।

ਪਰੰਤੂ ਕੈਪਟਨ ਨੇ ਬਾਦਲਾਂ ਵਾਂਗ ਆਪਣੀ ਹਿੱਸੇਦਾਰੀ ਫਿਕਸ ਕਰ ਲਈ ਅਤੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਰਾਹੀ ਲੁੱਟਣ ਲਈ ਛੱਡ ਦਿੱਤਾ। ਭਗਵੰਤ ਮਾਨ ਨੇ ਬਾਦਲਾਂ ਵੱਲੋਂ ਬੰਦ ਕੀਤੇ ਬਠਿੰਡਾ ਥਰਮਲ ਪਲਾਂਟ ਨੂੰ ਨਾ ਸ਼ੁਰੂ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਰੱਜ ਕੇ ਕੋਸਿਆ। ਇਸ ਮੌਕੇ ਹਰਪਾਲ ਸਿੰਘ ਚੀਮਾ, ਬੀਬੀ ਸਰਬਜੀਤ ਕੌਰ ਮਾਣੂੰਕੇ, ਨਰਿੰਦਰ ਸਿੰਘ ਸ਼ੇਰਗਿੱਲ, ਦਲਬੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ, ਨਰਿੰਦਰ ਕੌਰ ਭਰਾਜ, ਭੁਪਿੰਦਰ ਕੌਰ ਫ਼ਿਰੋਜ਼ਪੁਰ, ਸੁਖਰਾਜ ਸਿੰਘ ਗੋਰਾ ਫ਼ਿਰੋਜ਼ਸ਼ਾਹ, ਰਾਜਵੀਰ ਸਿੰਘ ਘਰਾਚੋਂ, ਗੁਰਵਿੰਦਰ ਸਿੰਘ ਘਰਾਚੋਂ, ਗੁਰਦੀਪ ਸਿੰਘ ਫੱਗੂਵਾਲਾ, ਇੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ।

ਭੋਲਾ ਸਿੰਘ ਅਤੇ ਦਲੇਲ ਸਿੰਘ- ਘਰਾਚੋਂ ਪਿੰਡ ਦੇ ਦਿਹਾੜੀਦਾਰ ਭੋਲਾ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਕਮਰਿਆਂ ਦੇ ਘਰ 'ਚ 4 ਬਲਬ ਅਤੇ ਤਿੰਨ ਪੱਖੇ ਹਨ। ਦਲਿਤ ਹੋਣ ਕਾਰਨ ਬਿਜਲੀ ਦੇ ਬਿਲ ਮੁਆਫ਼ ਸਨ। 8 ਦਸੰਬਰ 2018 ਦਾ 16,218 ਰੁਪਏ ਦਾ ਬਿਲ ਦਿਖਾਉਂਦੇ ਹੋਏ ਭੋਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਸਮਝ ਨਹੀਂ ਆ ਰਹੀ। ਇਨ੍ਹਾਂ ਬਿਲ ਕਿਉਂ ਆਉਂਦਾ ਹੈ। ਬਿਜਲੀ ਮਹਿਕਮੇ ਵਾਲੇ ਕੋਈ ਸੁਣਵਾਈ ਨਹੀਂ ਕਰ ਰਹੇ। ਬਿਜਲੀ ਕੱਟਣ ਦੀ ਧਮਕੀ ਤੋਂ ਡਰਦਿਆਂ ਕਿਸ਼ਤਾਂ 'ਤੇ ਬਿੱਲ ਭਰਨ ਲੱਗੇ ਹਾਂ। ਅਜੇ ਵੀ 2 ਹਜ਼ਾਰ ਰੁਪਏ ਬਕਾਇਆ ਹਨ।

ਇਸੇ ਪਿੰਡ ਦੇ ਦਲੇਲ ਸਿੰਘ ਨੇ 11 ਦਸੰਬਰ 2018 ਨੂੰ 2 ਮਹੀਨਿਆਂ ਦਾ ਜਾਰੀ ਹੋਇਆ 4,430 ਰੁਪਏ ਦਾ ਬਿਲ ਦਿਖਾਉਂਦਿਆਂ ਕਿਹਾ ਕਿ ਜਨਰਲ ਵਰਗ ਨਾਲ ਸੰਬੰਧਿਤ ਬੇ-ਜ਼ਮੀਨ ਪਰਿਵਾਰ ਹੈ। ਦਿਹਾੜੀ ਨਾਲ ਰੋਟੀ ਚੱਲਦੀ ਹੈ। 5 ਬਲਬ ਅਤੇ ਤਿੰਨ ਪੱਖੇ ਹਨ। ਬੜੀ ਮੁਸ਼ਕਿਲ ਨਾਲ ਇੰਨੇ ਮਹਿੰਗੇ ਬਿਜਲੀ ਦੇ ਬਿਲ ਭਰ ਰਹੇ ਹਾਂ। ਨਹੀਂ ਭਰਦੇ ਤਾਂ ਬਿਜਲੀ ਕੱਟ ਜਾਵੇਗੀ। ਅਮਰ ਸਿੰਘ ਅਤੇ ਗੁਲਜ਼ਾਰ ਸਿੰਘ- ਜਾਗੋਵਾਲ ਪਿੰਡ ਦੇ ਸੰਦੀਪ ਸਿੰਘ ਦੇ ਪਿਤਾ ਅਮਰ ਸਿੰਘ ਨੇ 20 ਦਸੰਬਰ 2018 ਨੂੰ ਜਾਰੀ ਹੋਇਆ 59,532 ਰੁਪਏ ਦਾ ਬਿਲ ਦਿਖਾਉਂਦੇ ਹੋਏ ਦੱਸਿਆ ਕਿ ਦਲਿਤ ਵਰਗ ਨਾਲ ਸੰਬੰਧਿਤ ਹੈ ਅਤੇ ਇੱਕ ਬਲਬ ਅਤੇ ਇੱਕ ਪੱਖੇ ਦਾ ਇਹ ਬਿਲ ਹੈ।

ਅਮਰਗੜ੍ਹ ਬਿਜਲੀ ਦਫ਼ਤਰ 'ਚ ਨਾ ਜੇ.ਈ ਨੇ ਸੁਣੀ ਨਾ ਐਸਡੀਓ ਨੇ ਬੱਸ ਕਹਿੰਦੇ ਬਿਲ ਭਰਨਾ ਹੀ ਪਵੇਗਾ। 5 ਮਹੀਨੇ ਹੋ ਗਏ ਸਨ ਕੋਈ ਸੁਣਵਾਈ ਨਹੀਂ। ਜਾਗੋਵਾਲ (ਅਮਰਗੜ੍ਹ) ਦੇ ਹੀ ਗੁਲਜ਼ਾਰ ਸਿੰਘ ਨੇ 20,675 ਰੁਪਏ ਦਾ 20 ਦਸੰਬਰ 2018 ਨੂੰ ਆਇਆ ਬਿਲ ਦਿਖਾਉਂਦੇ ਹੋਏ ਦੱਸਿਆ ਕਿ ਘਰ 'ਚ 2 ਬਲਬ ਅਤੇ 2 ਪੱਖੇ ਹਨ। ਦਲਿਤ ਹੋਣ ਦੇ ਨਾਤੇ ਬਿਲ ਮੁਆਫ਼ ਹੋਣਾ ਚਾਹੀਦਾ ਸੀ, ਪਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ। ਨਸੀਬ ਸਿੰਘ- ਆਲੋਅਰਖ ਪਿੰਡ ਦੇ ਲਖਵਿੰਦਰ ਸਿੰਘ ਦੇ ਬਜ਼ੁਰਗ ਪਿਤਾ ਨਸੀਬ ਸਿੰਘ ਨੇ 175 ਯੂਨਿਟ ਲਈ 2 ਮਹੀਨੇ ਦਾ 4830 ਰੁਪਏ ਦਾ 9 ਦਸੰਬਰ 2018 ਨੂੰ ਆਇਆ ਬਿਲ ਦਿਖਾਉਂਦੇ ਹੋਏ ਕਿਹਾ

ਕਿ ਦਿਹਾੜੀਦਾਰ ਪਰਿਵਾਰ ਹਰ ਦੋ ਮਹੀਨੇ ਪਿੱਛੋਂ ਆਉਂਦਾ ਇੰਨਾ ਭਾਰੀ ਬਿਜਲੀ ਦਾ ਬਿੱਲ ਭਰ ਕੇ ਘਰ ਦਾ ਚੁੱਲ੍ਹਾ ਨਹੀਂ ਚਲਾ ਸਕਦਾ। ਘਰ 'ਚ ਤਿੰਨ ਕਮਰਿਆਂ 'ਚ 4 ਬਲਬ ਅਤੇ 2 ਕੂਲਰ ਹਨ। ਠੰਢ 'ਚ ਤਾਂ ਕੂਲਰ ਅਤੇ ਪੱਖਾ ਵੀ ਨਹੀਂ ਚੱਲਦਾ। ਕੁਲਵੰਤ ਫੱਗੂਵਾਲਾ- ਫੱਗੂਵਾਲਾ ਪਿੰਡ ਦੇ ਕੁਲਵੰਤ ਸਿੰਘ ਨੇ ਆਪਣੇ ਪਿਤਾ ਬਲਦੇਵ ਸਿੰਘ ਦੇ ਨਾਂ 'ਤੇ 19 ਜਨਵਰੀ 2019 ਨੂੰ ਆਇਆ 32,300 ਰੁਪਏ ਦਾ ਬਿਲ ਦਿਖਾਉਂਦੇ ਹੋਏ ਦੱਸਿਆ ਕਿ ਜੁਲਾਈ 2018 ਨੂੰ 613 ਯੂਨਿਟ ਖਪਤ ਲਈ 1620 ਰੁਪਏ ਦਾ ਬਿਲ ਆਇਆ ਸੀ।

ਸਤੰਬਰ 2018 ਨੂੰ 38,520 (419 ਯੂਨਿਟ) ਬਿਲ ਆਇਆ। 27 ਨਵੰਬਰ 2018 ਨੂੰ 8600 ਰੁਪਏ ਦੀ ਇੱਕ ਕਿਸ਼ਤ ਭਰੀ ਅਤੇ ਜਨਵਰੀ 2019 'ਚ 32,300 (169 ਯੂਨਿਟ) ਬਿਲ ਆ ਗਿਆ। ਜੇ.ਈ ਸਮੇਤ ਸਾਰੇ ਅਫ਼ਸਰਾਂ ਕੋਲ ਫ਼ਰਿਆਦ ਕਰ ਲਈ ਪਰ ਕੋਈ ਸੁਣਵਾਈ ਨਹੀਂ। ਆਮ ਜਿਹਾ ਘਰ ਹੈ, ਮੀਟਰ ਚੈਲੰਜ ਕੀਤਾ ਪਰੰਤੂ ਕੋਈ ਰਿਪੋਰਟ ਨਹੀਂ ਦਿੱਤੀ। ਬੱਸ ਕਹਿੰਦੇ ਭਰਨਾ ਹੀ ਪਉਂ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਘਰਾਚੋਂ ਦੀ ਅਗਵਾਈ 'ਚ ਵਫ਼ਦ ਨੇ ਭਗਵੰਤ ਮਾਨ ਨੂੰ ਮੰਗ ਪੱਤਰ ਦੇ ਕੇ ਬਿਜਲੀ ਦੇ ਮੁੱਦੇ ਉਠਾਏ।

ਉਨ੍ਹਾਂ ਬਿਜਲੀ ਦੇ ਮਹਿੰਗੇ ਬਿੱਲਾਂ ਦਾ ਮੁੱਦਾ ਵਿਧਾਨ ਸਭਾ ਅਤੇ ਸੰਸਦ 'ਚ ਉਠਾਉਣ ਦੀ ਮੰਗ ਕੀਤੀ। ਬਿਜਲੀ ਦੇ ਬਿਲ 2 ਮਹੀਨਿਆਂ ਦੀ ਥਾਂ ਮਹੀਨਾਵਾਰ ਕਰਨ ਦਾ ਮੁੱਦਾ ਉਠਾਇਆ ਕਿਉਂਕਿ 2 ਮਹੀਨੇ ਦੌਰਾਨ ਯੂਨਿਟਾਂ ਦਾ ਸਲੈਬ ਪਾਰ ਹੋਣ ਕਾਰਨ ਬਿਜਲੀ ਹੋਰ ਮਹਿੰਗੀ ਹੋ ਜਾਂਦੀ ਹੈ। ਇਸ ਮੌਕੇ ਪ੍ਰੇਮ ਸਿੰਘ ਕਲੋਦੀ ਨੇ 256 ਯੂਨਿਟ ਦਾ 15239 ਰੁਪਏ ਦਾ ਬਿਲ ਦਿਖਾਇਆ ਜੋ 60 ਰੁਪਏ ਪ੍ਰਤੀ ਯੂਨਿਟ ਪੈ ਰਿਹਾ ਹੈ। ਇਸੇ ਤਰ੍ਹਾਂ ਬੁੱਧ ਸਿੰਘ ਦੀ ਵਿਧਵਾ ਸੰਤੀ ਨੇ 8000 ਰੁਪਏ ਅਤੇ ਸਬਜ਼ੀ ਦੀ ਰੇਹੜੀ ਲਗਾਉਂਦੇ ਨਾਹਰ ਸਿੰਘ ਨੇ 2 ਕਮਰਿਆਂ ਦੇ ਘਰ ਦਾ 41,200 ਰੁਪਏ ਦੇ ਬਿਲ ਦਾ ਦੁਖੜਾ ਰੋਇਆ।

Related Stories