ਪੰਜਾਬ ਪੁਲਿਸ 'ਚ ਨਿਜ਼ਾਮ ਬਦਲਦਿਆਂ ਹੀ ਚੋਟੀ ਦੇ 10 ਅਫ਼ਸਰਾਂ ਦੇ ਤਬਾਦਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀਜੀਪੀ ਆਹੁਦੇ ਦੇ ਵੱਡੇ ਦਾਅਵੇਦਾਰ ਮੁਸਤਫ਼ਾ ਐਸਟੀਐਫ ਚੀਫ ਤੋਂ ਵੀ ਲਾਂਭੇ, ਚਾਰਜ ਗੁਰਪ੍ਰੀਤ ਦਿਓ ਏ.ਡੀ.ਜੀ.ਪੀ ਨੂੰ ਦਿਤਾ...

Transfer of Punjab Police Officers

ਚੰਡੀਗੜ੍ਹ (ਨੀਲ ਭਲਿੰਦਰ ਸਿਂਘ) : ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਰਾਜ ਦੇ 10 ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ/ਤਾਇਨਾਤੀਆਂ ਕਰ ਦਿਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹੰਮਦ ਮੁਸਤਫ਼ਾ ਨੂੰ ਡੀ.ਜੀ.ਪੀ, ਪੀਐਸਐਚਆਰਸੀ ਦਾ ਚਾਰਜ ਦਿਤਾ ਗਿਆ ਹੈ ਅਤੇ ਐਸਟੀਐਫ ਦਾ ਚਾਰਜ ਗੁਰਪ੍ਰੀਤ ਦਿਓ ਏ.ਡੀ.ਜੀ.ਪੀ ਨੂੰ ਦਿਤਾ ਗਿਆ ਹੈ ਅਤੇ ਉਨ੍ਹਾਂ ਦੀ ਛੁੱਟੀ ਦੌਰਾਨ ਪੰਜਾਬ ਦੇ ਡੀ.ਜੀ.ਪੀ. ਕੰਮ ਵੇਖਣਗੇ।

ਇਸ ਤੋ ਇਲਾਵਾ ਹਰਦੀਪ ਸਿੰਘ ਢਿੱਲੋਂ ਨੂੰ ਚੇਅਰਮੈਨ, ਪੰਜਾਬ ਪੁਲਿਸ ਹਾਉਸਿੰਗ ਕਾਰਪੋਰੇਸ਼ਨ, ਜਸਮਿੰਦਰ ਸਿੰਘ ਨੂੰ ਡੀਜੀਪੀ ਰੇਲਵੇ ਵਜੋਂ ਆਜ਼ਾਦਾਨਾ ਤੌਰ ਤੇ ਚਾਰਜ ਦਿਤਾ ਗਿਆ ਹੈ ਜੋ ਸਿੱਧੇ ਤੌਰ 'ਤੇ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਰਿਪੋਰਟ ਕਰਨਗੇ। ਐਮ.ਕੇ. ਤਿਵਾੜੀ ਨੂੰ ਡੀ.ਜੀ.ਪੀ.-ਕਮ-ਐਮ.ਡੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਵੀ.ਕੇ. ਭਾਵਰਾ ਨੂੰ ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ, ਆਈ.ਪੀ.ਐਸ. ਸਹੋਤਾ ਨੂੰ ਏਡੀਜੀਪੀ, ਪੀਏਪੀ ਜਲੰਧਰ ਅਤੇ ਕੁਲਦੀਪ ਸਿੰਘ ਨੂੰ ਏਡੀਜੀਪੀ ਆਈ ਟੀ ਐਂਡ ਟੀ ਪੰਜਾਬ ਵਜੋ ਤਾਇਨਾਤ ਕੀਤਾ ਗਿਆ ਹੈ।

ਇਸ ਤੋ ਇਲਾਵਾ ਜਤਿੰਦਰ ਸਿੰਘ ਔਲਖ ਨੂੰ ਆਈਜੀ ਇੰਟੈਲੀਜੈਂਸ  ਦੇ ਨਾਲ ਆਈਜੀ ਮੁੱਖ ਦਫਤਰ ਦਾ ਵਾਧੂ ਚਾਰਜ ਦਿਤਾ ਗਿਆ ਹੈ ਅਤੇ ਹਰਦਿਆਲ ਸਿੰਘ ਮਾਨ ਨੂੰ ਡੀਆਈਜੀ ਇੰਟੈਲੀਜੈਂਸ ਵਜੋਂ ਤਾਇਨਾਤ ਕੀਤਾ ਗਿਆ ਹੈ।