ਦੂਸਰੇ ਦਿਨ ਵੀ ਸਕਤਰੇਤ ਦਫ਼ਤਰਾਂ ਅਤੇ ਡੀ. ਸੀ. ਦਫ਼ਤਰਾਂ 'ਚ ਮੁਕੰਮਲ ਹੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਪੰਜਾਬ ਸਕਤਰੇਤ ਦੇ ਸਾਰੇ ਦਫ਼ਤਰਾਂ ਅਤੇ ਜ਼ਿਲ੍ਹਿਆਂ, ਮਨਿਸਟਰੀਅਲ ਮੁਲਾਜ਼ਮਾਂ ਦੀ ਅੱਜ ਦੂਸਰੇ ਦਿਨ ਵੀ ਸੌ ਫ਼ੀ ਸਦੀ ਇਤਿਹਾਸਕ ਕਲਮ ਛੋੜ ਹੜਤਾਲ ਜਾਰੀ ਰਹੀ...

Punjab Secretariat

ਚੰਡੀਗੜ੍ਹ : ਪੰਜਾਬ ਸਕਤਰੇਤ ਦੇ ਸਾਰੇ ਦਫ਼ਤਰਾਂ ਅਤੇ ਜ਼ਿਲ੍ਹਿਆਂ, ਮਨਿਸਟਰੀਅਲ ਮੁਲਾਜ਼ਮਾਂ ਦੀ ਅੱਜ ਦੂਸਰੇ ਦਿਨ ਵੀ ਸੌ ਫ਼ੀ ਸਦੀ ਇਤਿਹਾਸਕ ਕਲਮ ਛੋੜ ਹੜਤਾਲ ਜਾਰੀ ਰਹੀ। ਸਕਤਰੇਤ ਦੇ ਸਾਰੇ ਦਫ਼ਤਰਾਂ ਸਮੇਤ ਡਾਇਰੈਕਟੋਰੇਟ 'ਚ ਸਰਕਾਰੀ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਇਥੋਂ ਤਕ ਕਿ ਸੀਨੀਅਰ ਸਕੱਤਰਾਂ ਦਾ ਅਮਲਾ ਵੀ ਪੂਰੀ ਤਰ੍ਹਾਂ ਹੜਤਾਲ 'ਤੇ ਰਿਹਾ। 1980 ਤੋਂ ਬਾਅਦ ਸ਼ਾਇਦ ਇਸ ਤਰ੍ਹਾਂ ਦੀ ਸੌ ਫ਼ੀ ਸਦੀ ਕਲਮ ਛੋੜ ਹੜਤਾਲ ਪਹਿਲੀ ਵਾਰ ਵੇਖੀ ਗਈ ਹੈ। 1980 ਤਕ ਖੱਬੇ ਪੱਖੀ ਪਾਰਟੀਆਂ ਨਾਲ ਸੰਯੁਕਤ ਯੂਨੀਅਨਾਂ ਵਲੋਂ ਇਸੀ ਤਰ੍ਹਾਂ ਹੜਤਾਲ ਕਰਵਾਈ ਗਈ ਸੀ ਅਤੇ ਸੌ ਫ਼ੀ ਸਦੀ ਹੜਤਾਲ ਮੰਨੀ ਜਾਂਦੀ ਸੀ। ਪ੍ਰੰਤੂ ਜੋ ਹੁਣ ਕਲਮ ਛੋੜ ਹੜਤਾਲ ਹੋਣੀ ਹੈ, ਇਹ ਨਿਰੋਲ ਮੁਲਾਜ਼ਮਾਂ ਦੀ ਹੈ ਅਤੇ ਇਸ ਪਿਛੇ ਕਿਸੇ ਪਾਰਟੀ ਦਾ ਹੱਥ ਨਹੀਂ ਹੈ।

ਦਫ਼ਤਰਾਂ 'ਚ ਕੰਮ ਹੋਣਾਂ ਤਾਂ ਇਕ ਪਾਸੇ, ਸੀਨੀਅਰ ਆਈ. ਏ. ਐਸ. ਅਫ਼ਸਰਾਂ ਦਾ ਸਮੁੱਚਾ ਸਟਾਫ਼ ਵੀ ਹੜਤਾਲ 'ਤੇ ਰਿਹਾ। ਸਰਕਾਰੀ ਕੰਟੀਨ ਨੂੰ ਤਾਲੇ ਲੱਗੇ ਹੋਏ ਸਨ। ਕਿਸੀ ਅਧਿਕਾਰੀ ਜਾਂ ਕਰਮਚਾਰੀ ਨੂੰ ਦਫ਼ਤਰਾਂ 'ਚ ਨਾ ਚਾਹ ਮਿਲੀ ਨਾ ਪਾਣੀ ਉਪਲਬਧ ਹੋ ਸਕਿਆ। ਸਵੇਰੇ ਜਦ ਦਫ਼ਤਰਾਂ 'ਚ ਮੁਲਾਜ਼ਮ ਆਏ ਤਾਂ ਉਹ ਅਪਣੀ ਹਾਜ਼ਰੀ ਲਗਾ ਕੇ, ਸਕਤਰੇਤ ਤੋਂ ਬਾਹਰ ਆ ਗਏ ਅਤੇ ਸਾਰਾ ਦਿਨ ਧਰਨੇ ਤੇ ਬੈਠੇ ਰਹੇ, ਪੂਰਾ ਦਿਨ ਨਾਅਰੇਬਾਜ਼ੀ ਚਲਦੀ ਰਹੀ। ਜਿਥੋਂ ਤਕ ਸਰਕਾਰ ਦੇ ਪੱਖ ਦਾ ਸਬੰਧ ਹੈ, ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਪਿਛਲੇ ਦਿਨ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੇ ਗਲਬਾਤ ਕੀਤੀ ਸੀ ਅਤੇ ਯੂਨੀਅਨ ਨੇ ਉਹਨਾਂ ਨੂੰ ਸਪੱਸ਼ਟ ਕਰ ਦਿਤਾ ਸੀ ਕਿ ਉਹਨਾਂ ਨੂੰ ਤਾਂ ਮੰਗਾਂ ਮੰਨਣ ਸਬੰਧੀ ਸਰਕਾਰੀ ਪੱਤਰ ਚਾਹੀਦਾ ਹੈ। ਇਸ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ।

ਸ਼ਾਮੀ ਸਾਢੇ 7 ਵਜੇ ਤਕ ਸਰਕਾਰ ਵਲੋਂ ਕਿਸੀ ਨੇ ਵੀ ਯੂਨੀਅਨ ਆਗੂਆਂ ਨਾਲ ਅੱਜ ਗਲ ਨਹੀਂ ਕੀਤੀ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਬਣੀ ਮੰਤਰੀਆਂ ਦੀ ਸਬ ਕਮੇਟੀ ਵੀ ਆਪਸ ਵਿਚ ਸਲਾਹ-ਮਸ਼ਵਰਾ ਕਰਦੀ ਰਹੀ, ਪ੍ਰੰਤੂ ਲਿਖੇ ਜਾਣ ਤਕ ਮੰਗਾਂ ਮੰਨਣ ਸਬੰਧੀ ਕੋਈ ਪੱਤਰ ਆਦਿ ਜਾਰੀ ਨਹੀਂ ਹੋਇਆ।