ਜਥੇਦਾਰ ਅਕਾਲ ਤਖ਼ਤ ਵੱਲੋਂ ਲੋਕਾਂ ਨੂੰ ਭੀੜ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਦਾ ਕੈਪਟਨ ਨੇ ਕੀਤਾ ਸਮਰਥਨ

ਏਜੰਸੀ

ਖ਼ਬਰਾਂ, ਪੰਜਾਬ

ਰੋਜ਼ਾਨਾ ਆਧਾਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਤਰੀ ਸਮੂਹ ਦਾ ਗਠਨ

file photo

ਚੰਡੀਗੜ- ਕੋਰੋਨਾਵਾਇਰਸ ਵਿਰੁੱਧ ਸਖ਼ਤ ਚੌਕਸੀ ਵਰਤਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੋਕਾਂ ਨੂੰ ਭੀੜ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਉਨਾਂ ਨੇ ਇਸ ਵਾਇਰਸ ਨਾਲ ਪੈਦਾ ਹੋਣ ਵਾਲੀ ਸਥਿਤੀ ਦਾ ਰੋਜ਼ਾਨਾ ਆਧਾਰ ’ਤੇ ਜਾਇਜ਼ਾ ਲੈਣ ਲਈ ਮੰਤਰੀ ਸਮੂਹ ਦਾ ਵੀ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਸਾਵਧਾਨੀ ਵਰਤਣੀ ਅਤੇ ਵੱਡੇ ਇਕੱਠ ਤੋਂ ਦੂਰ ਰਹਿਣਾ ਲੋਕਾਂ ਦੇ ਹਿੱਤ ਵਿੱਚ ਹੈ। ਉਨਾਂ ਨੇ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਨਾ ਜਾਣ ਦੀ ਅਪੀਲ ਕੀਤੀ।ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲੋਕਾਂ ਨੂੰ ਆਪਣੀ ਸਿਹਤ ਨੂੰ ਰਿਸਕ ਵਿੱਚ ਨਾ ਪਾਉਣ ਅਤੇ ਕੋਰੋਨਾਵਾਇਰਸ ਦੇ ਖ਼ਤਰੇ ਵਿਰੁੱਧ ਚੌਕਸ ਰਹਿਣ ਦੀ ਅਪੀਲ ਲਈ ਸ਼ਲਾਘਾ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ ਹੋਲੇ-ਮਹੱਲੇ ਦਾ ਪਵਿੱਤਰ ਤਿਉਹਾਰ ਇਕ ਥਾਂ ਵੱਡੀ ਗਿਣਤੀ ਵਿੱਚ ਇਕੱਤਰ ਹੋਣ ਦੀ ਬਜਾਏ ਥੋੜੀ ਗਿਣਤੀ ਵਿੱਚ ਵੱਖ-ਵੱਖ ਗੁਰਦੁਆਰਿਆਂ ਅਤੇ ਹੋਰ ਥਾਵਾਂ ’ਤੇ ਨਤਮਸਤਕ ਹੋ ਕੇ ਮਨਾਇਆ ਜਾਵੇ। ਉਨਾਂ ਕਿਹਾ ਕਿ ਹੋਲੇ ਮਹੱਲੇ ਦੇ ਰਵਾਇਤੀ ਜਜ਼ਬੇ  ਨੂੰ ਕਾਇਮ ਰੱਖਦਿਆਂ ਬੇਲੋੜਾ ਰਿਸਕ ਨਾ ਲੈਣ ਦੀ ਸਲਾਹ ਦਿੱਤੀ ਅਤੇ ਸੂਬਾ ਸਰਕਾਰ ਵੱਲੋਂ ਮੈਡੀਕਲ ਅਤੇ ਸਿਹਤ ਪੱਖੋਂ ਪਹਿਲਾਂ ਹੀ ਠੋਸ ਪ੍ਰਬੰਧਾਂ ਕੀਤੇ ਜਾ ਚੁੱਕੇ ਹਨ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ’ਤੇ ਸਥਿਤੀ ਦੀ ਰੋਜ਼ਾਨਾ ਆਧਾਰ ਉੱਤੇ ਨਿਗਰਾਨੀ ਕਰ ਰਹੇ ਹਨ। ਉਨਾਂ ਨੇ ਸਿਹਤ ਵਿਭਾਗ ਵੱਲੋਂ ਇਸ ਦੀ ਰੋਕਥਾਮ ਲਈ ਚੁੱਕੇ ਗਏ ਕਦਮਾਂ ਦੀ ਨਿਗਰਾਨੀ ਲਈ ਸੱਤ ਮੈਂਬਰੀ ਮੰਤਰੀ ਸਮੂਹ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਨੇ ਹਰੇਕ ਸਮੋਵਾਰ ਖੁਦ ਮੀਟਿੰਗ ਕਰਕੇ ਮੰਤਰੀ ਸਮੂਹ ਦੀਆਂ ਸਿਫਾਰਸ਼ਾਂ ਦੀ ਸਮੀਖਿਆ ਅਤੇ ਵਿਚਾਰ-ਵਟਾਂਦਰਾ ਕਰਨਗੇ।

ਇਸ ਮੰਤਰੀ ਸਮੂਹ ਦੇ ਮੁਖੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਹੋਣਗੇ। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਮੰਤਰੀ ਇਸ ਦੇ ਮੈਂਬਰ ਹਨ।

ਇਹ ਗਰੁੱਪ ਰੋਜ਼ਾਨਾ ਆਧਾਰ ’ਤੇ ਸਮੁੱਚੀ ਸਥਿਤੀ ਦੀ ਨਿਗਰਾਨੀ ਕਰਨ ਤੋਂ ਬਾਅਦ ਮੁੱਖ ਮੰਤਰੀ ਨੂੰ ਵਿਆਪਕ ਰਿਪੋਰਟ ਸੌਂਪੇਗਾ।ਬੁਲਾਰੇ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੰਤਰੀ ਸਮੂਹ ਦੇ ਸੁਝਾਵਾਂ ਅਤੇ ਫੈਸਲਿਆਂ ’ਤੇ ਅਧਾਰਿਤ ਰੋਜ਼ਾਨਾ ਸ਼ਾਮ ਪੰਜ ਵਜੇ ਪ੍ਰੈਸ ਬੁਲਿਟਨ ਜਾਰੀ ਕੀਤਾ ਜਾਵੇਗਾ। ਵਿਭਾਗ ਵੱਲੋਂ ਇਸ ਖ਼ਤਰੇ ਨਾਲ ਨਜਿੱਠਣ ਲਈ ਪਹਿਲਾਂ ਹੀ ਬਹੁਤ ਸਾਰੇ ਕਦਮ ਚੁੱਕੇ ਗਏ ਹਨ ਜਿਨਾਂ ਵਿੱਚ ਸ਼ੱਕੀ ਕੇਸਾਂ ਦੀ ਜਾਂਚ ਅਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਸ਼ਾਮਲ ਹੈ। ਹਸਪਤਾਲਾਂ ਨੂੰ ਪੂਰੀ ਤਰਾਂ ਚੌਕਸ ਰੱਖਿਆ ਗਿਆ ਹੈ ਅਤੇ ਆਲਮੀ ਪੱਧਰ ਪੈਰ ਪਸਾਰ ਚੁੱਕੇ ਇਸ ਸੰਕਟ ਨਾਲ ਸੂਬੇ ਵਿੱਚ ਪੈਦਾ ਹੋਣ ਵਾਲੀ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਿਪਟਣ ਲਈ ਵਿਸ਼ੇਸ਼ ਬੰਦੋਬਸਤ ਕੀਤੇ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।