ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਲਾਠੀਚਾਰਜ, ਕਈ ਜ਼ਖ਼ਮੀ!

ਏਜੰਸੀ

ਖ਼ਬਰਾਂ, ਪੰਜਾਬ

ਮੰਗਾਂ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੇ ਸੀ ਅਧਿਆਪਕ

file photo

ਪਟਿਆਲਾ : ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ 'ਤੇ ਪੁਲਿਸ ਦਾ ਡੰਡਾ ਇਕ ਵਾਰ ਫਿਰ ਕਹਿਰ ਬਣ ਵਰ੍ਹਿਆ ਹੈ। ਪਟਿਆਲਾ ਵਿਖੇ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਅਪਣੀਆਂ ਮੰਗਾਂ ਦੇ ਹੱਕ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਜਾ ਰਹੇ ਸਨ। ਇਸੇ ਦੌਰਾਨ ਪੁਲਿਸ ਨੇ ਉਨ੍ਹਾਂ  ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਇਨ੍ਹਾਂ 'ਤੇ ਲਾਠੀਚਾਰਜ ਕਰ ਦਿਤਾ।

ਇਸ ਦੌਰਾਨ ਹੋਈ ਧੱਕਾਮੁੱਕੀ 'ਚ ਕਈ ਬੇਰੁਜ਼ਗਾਰ ਈਟੀਟੀ ਅਧਿਆਪਕ ਜ਼ਖ਼ਮੀ ਹੋ ਗਏ ਅਤੇ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਤੋਂ ਬਾਅਦ ਪੁਲਿਸ ਨੇ ਸਖ਼ਤੀ ਵਰਤਿਆਂ ਅਧਿਆਪਕਾਂ ਨੂੰ ਅਪਣੀ ਹਿਰਾਸਤ ਵਿਚ ਲੈ ਲਿਆ।  ਜਾਣਕਾਰੀ ਮੁਤਾਬਕ ਇਹ ਈਟੀਟੀ ਅਤੇ ਟੈਟ ਬੇਰੁਜ਼ਗਾਰ ਅਧਿਆਪਕ ਦੁਪਹਿਰ ਵੇਲੇ ਸਥਾਨਕ ਨਹਿਰੂ ਪਾਰਕ ਵਿਖੇ ਇਕੱਠੇ ਹੋਏ ਸਨ।

ਇਹ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਜਾਣ ਵਾਲੇ ਸਨ। ਇਸੇ ਦੌਰਾਨ ਪੁਲਿਸ ਨੇ ਇਨ੍ਹਾਂ ਨੂੰ ਇੱਥੇ ਹੀ ਘੇਰਾ ਪਾ ਲਿਆ। ਅਧਿਆਪਕਾਂ ਨੇ ਨਹਿਰੂ ਪਾਰਕ ਦੀਆਂ ਤਾਰਾਂ ਨੂੰ ਟੱਪ ਕੇ ਮੋਤੀ ਮਹਿਲ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਧਿਆਪਕਾ ਨੇ ਅੱਗੇ ਵਧਣਾ ਜਾਰੀ ਰੱਖਿਆ।

ਇਹ ਅਧਿਆਪਕ ਅੱਗੇ ਵਾਈਪੀਐਸ ਚੌਂਕ ਤਕ ਪਹੁੰਚ ਗਏ ਜਿੱਥੇ ਪੁਲਿਸ ਨੇ ਬੈਰੀਗੇਟ ਲਾ ਕੇ ਇਨ੍ਹਾਂ ਨੂੰ ਰੋਕ ਲਿਆ। ਅਧਿਆਪਕਾਂ ਨੇ ਬੇਰੀਗੇਟ ਲੰਘਦਿਆਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ 'ਤੇ ਲਾਠੀਚਾਰਜ ਸ਼ੁਰੂ ਕਰ ਦਿਤਾ। ਇਸ ਦੌਰਾਨ ਸਥਿਤੀ ਕਾਫ਼ੀ ਤਣਾਅਪੂਰਨ ਬਣ ਗਈ।

ਪੁਲਿਸ ਵਲੋਂ ਕੀਤੀ ਸਖ਼ਤੀ ਕਾਰਨ ਕਈ ਅਧਿਆਪਕ ਜ਼ਖ਼ਮੀ ਵੀ ਹੋ ਗਏ। ਪੁਲਿਸ ਨਾਲ ਹੋਈ ਧੱਕਾਮੁਕੀ ਦੌਰਾਨ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਉਤਰ ਗਈਆਂ। ਬਾਅਦ 'ਚ ਪੁਲਿਸ ਨੇ ਸਾਰੇ ਅਧਿਆਪਕਾਂ ਨੂੰ ਹਿਰਾਸਤ ਵਿਚ ਲੈ ਲਿਆ। ਗ੍ਰਿਫ਼ਤਾਰ ਕੀਤੇ ਗਏ ਅਧਿਆਪਕਾਂ 'ਚ ਸੂਬਾ ਪ੍ਰਧਾਨ ਦੀਪਕ ਕੰਬੋਜ਼, ਮਨੀ ਸੰਗਰੂਰ, ਜਰਨੈਲ ਸੰਗਰੂਰ, ਸੁਖਚੈਨ ਪਰਚਾਰਾਂ ਆਦਿ ਤੋਂ ਇਲਾਵਾ ਕਈ ਹੋਰ ਸਾਥੀ ਸ਼ਾਮਲ ਹਨ।