ਬੇਰੁਜਗਾਰ ਅਧਿਆਪਕਾਂ ਦੇ ਪੁਲਿਸ ਨੇ ਕੁੱਟੇ ਮੌਰ, ਛੱਡੀਆਂ ਪਾਣੀਆਂ ਦੀਆਂ ਬੁਛਾੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਜੈਇੰਦਰ ਸਿੰਗਲਾ ਦੀ ਕੋਠੀ ਘੇਰਨ ਆਏ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਤੇ ਈ.ਟੀ.ਟੀ ਅਧਿਆਪਕਾਂ ਉਤੇ...

Teachers

ਚੰਡੀਗੜ੍ਹ: ਵਿਜੈਇੰਦਰ ਸਿੰਗਲਾ ਦੀ ਕੋਠੀ ਘੇਰਨ ਆਏ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਤੇ ਈ.ਟੀ.ਟੀ ਅਧਿਆਪਕਾਂ ਉਤੇ ਪੁਲਿਸ ਨੇ ਡਾਂਗਾਂ ਵਰ੍ਹਾਈਆਂ। ਇਸ ਤੋਂ ਇਲਾਵਾ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਜਿਸ ਕਾਰਨ ਕਈ ਅਧਿਆਪਕ ਜ਼ਖਮੀ ਹੋ ਗਏ। ਬੇਰੁਜ਼ਗਾਰ ਅਧਿਆਪਕਾਂ ਦਾ ਕਾਫ਼ਲਾ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਪਹੁੰਚਿਆ ਤਾਂ ਬੈਰੀਕੇਡ ਲਗਾ ਕੇ ਖੜੀ ਪੁਲਿਸ ਨਾਲ ਅਧਿਆਪਕਾਂ ਦਾ ਟਕਰਾਅ ਹੋ ਗਿਆ। ਇਸ ਦੌਰਾਨ ਜੰਮ ਕੇ ਡਾਂਗਾਂ ਵਰ੍ਹੀਆਂ ਅਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟ ਗਏ।

ਜਿਸ ਵਿਚ ਦਰਜ਼ਨ ਬੇਰੁਜ਼ਗਾਰ ਅਧਿਆਪਕ ਜ਼ਖ਼ਮੀ ਹੋ ਗਏ। ਇਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਸਰਕਾਰ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਜ਼ਬਰ ਦੇ ਰਾਹ ਤੁਰੀ ਹੋਈ ਹੈ। ਜਿਹੜੀਆਂ ਸ਼ਰਤਾਂ 'ਤੇ ਬੀ.ਐੱਡ./ਈ.ਟੀ.ਟੀ. ਅਤੇ ਟੈੱਟ ਕਰਵਾਏ ਗਏ ਸਨ, ਹੁਣ ਨੌਕਰੀ ਲਈ ਸ਼ਰਤਾਂ ਬਦਲ ਕੇ ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ ਹੈ। ਨੈਸ਼ਨਲ ਕੌਂਸਲ ਆਫ਼ ਟੀਚਰਜ਼ ਐਜੂਕੇਸ਼ਨ ਦੇ ਨਿਯਮਾਂ ਮੁਤਾਬਕ ਬਾਰ੍ਹਵੀਂ ਪਾਸ ਅਤੇ ਈ.ਟੀ.ਟੀ. ਉਮੀਦਵਾਰ ਨੌਕਰੀ ਲਈ ਯੋਗ ਹੈ ਪਰ ਹੁਣ ਭਰਤੀ ਲਈ ਗ੍ਰੈਜੂਏਸ਼ਨ ਦੀ ਸ਼ਰਤ ਮੜ ਦਿੱਤੀ ਗਈ ਹੈ।

ਇਸੇ ਤਰ੍ਹਾਂ ਗ੍ਰੈਜੂਏਸ਼ਨ 45/50 ਫੀਸਦੀ ਅੰਕਾਂ ਨਾਲ ਕਰਵਾਉਣ ਮਗਰੋਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਉਮੀਦਵਾਰਾਂ 'ਤੇ 55 ਫੀਸਦੀ ਸ਼ਰਤ ਮੜੀ ਜਾ ਰਹੀ ਹੈ, ਜੋ ਸਰਾਸਰ ਤਾਨਾਸ਼ਾਹੀ  ਹੈ। ਸੰਘਰਸ਼ ਦੀ ਹਮਾਇਤ 'ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ-ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ ਆਦਿ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਤਾਨਾਸ਼ਾਹ ਕਰਾਰ ਦਿੱਤਾ। ਇਕ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ 30 ਹਜ਼ਾਰ ਤੋਂ ਵੱਧ ਅਧਿਆਪਕ ਅਸਾਮੀਆਂ ਖਾਲੀ ਹਨ, ਦੂਜੇ ਪਾਸੇ ਨੌਕਰੀ ਮੰਗਦੇ ਨੌਜਵਾਨਾਂ ਨੂੰ ਡਾਂਗਾਂ ਦੇ ਜ਼ੋਰ ਨਾਲ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ।